International
ਜਾਣੋ ਮੁਸਲਮਾਨਾਂ ਦੇ ਮੁੱਦੇ ‘ਤੇ ਪਾਕਿਸਤਾਨ ਕੀ ਬੋਲਿਆ
ਮੁਸਲਮਾਨ ਬਹੁਗਿਣਤੀ ਵਾਲਾ ਦੇਸ਼ ਹੋਣ ਦੇ ਬਾਵਜੂਦ ਪਾਕਿਸਤਾਨ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਚੀਨ ‘ਚ ਉਈਗਰ ਮੁਸਲਮਾਨਾਂ ਨਾਲ ਕਿੰਨੇ ਜ਼ੁਲਮ ਹੋ ਰਹੇ ਹਨ। ਕਸ਼ਮੀਰ ਨੂੰ ਲੈ ਕੇ ਬੇਵਜ੍ਹਾ ਹੱਲਾ ਕਰਨ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਈਗਰ ਮੁਸਲਮਾਨਾਂ ਨੂੰ ਡ੍ਰੈਗਨ ਨੂੰ ਕਲੀਨਚਿੱਟ ਦਿੰਦੇ ਹੋਏ ਕਿਹਾ ਹੈ ਕਿ ਚੀਨ ਜੋ ਕਹਿੰਦਾ ਹੈ ਸੱਚ ਉਹੀ ਹੈ। ਇਮਰਾਨ ਖ਼ਾਨ ਨੇ ਵੀਰਵਾਰ ਨੂੰ ਕਿਹਾ ਕਿ ਸ਼ਿਨਜਿਆਂਗ ਪ੍ਰਾਂਤ ‘ਚ ਉਈਗਰ ਮੁਸਲਮਾਨਾਂ ਨਾਲ ਕੀਤੇ ਸਲੂਕ ਨੂੰ ਲੈ ਕੇ ਦਿੱਤੀਆਂ ਦਲੀਲਾਂ ਨੂੰ ਪਾਕਿਸਤਾਨ ਸਵੀਕਾਰਦਾ ਹੈ। ਚੀਨ ਵਿਚ ਕਮਿਊਨਿਸਟ ਪਾਰਟੀ ਦੇ ਸ਼ਾਸਨ ਨੂੰ 100 ਸਾਲ ਪੂਰੇ ਹੋਣ ‘ਤੇ ਵੀਰਵਾਰ ਨੂੰ ਚੀਨੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਉਈਗਰ ਮੁਸਲਮਾਨਾਂ ਨੂੰ ਲੈ ਕੇ ਚੀਨ ਦੀ ਪ੍ਰਤੀਕਿਰਿਆ ਵੈਸਟਰਨ ਮੀਡੀਆ ਦੁਆਰਾ ਛਪੀ ਰਿਪੋਰਟਾਂ ਤੋਂ ਬਹੁਤ ਵੱਖ ਹੈ। ਇਮਰਾਨ ਖ਼ਾਨ ਨੇ ਕਿਹਾ, “ਚੀਨ ਨਾਲ ਸਾਡੇ ਬਹੁਤ ਮਜਬੂਤ ਅਤੇ ਕਰੀਬੀ ਰਿਸ਼ਤੇ ਕਾਰਨ ਅਸੀਂ ਚੀਨ ਦੀ ਗੱਲ ਨੂੰ ਸਵੀਕਾਰਦੇ ਹਾਂ।”
ਇਮਰਾਨ ਖ਼ਾਨ ਨੇ ਉਈਗਰ ਮੁਸਲਮਾਨਾਂ ਨੂੰ ਲੈ ਕੇ ਅੱਖਾਂ ਬੰਦ ਕਰਦੇ ਹੋਏ ਫ਼ਿਰ ਕਸ਼ਮੀਰ ਨੂੰ ਲੈ ਕੇ ਮੂੰਹ ਖੋਲ੍ਹਿਆ ਤੇ ਕਿਹਾ ਕਿ ਉਈਗਰ ਅਤੇ ਹਾਂਗਕਾਂਗ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਂਦਾ ਹੈ ਤੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਇਮਰਾਨ ਖ਼ਾਨ ਨੇ ਕਿਹਾ, ”ਇਹ ਪਖੰਡ ਹੈ। ਦੁਨੀਆ ਨੂੰ ਦੂਜੇ ਹਿੱਸਿਆਂ ਵਰਗੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਪਰ ਪੱਛਮੀ ਮੀਡੀਆ ਮੁਸ਼ਕਿਲ ਨਾਲ ਇਸ ‘ਤੇ ਕੁਝ ਬੋਲਦਾ ਹੈ।” ਇਮਰਾਨ ਖ਼ਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਨੀ ਕਮਿਊਨਿਸਟ ਪਾਰਟੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਪੱਛਮੀ ਦੇਸ਼ਾਂ ਦੇ ਲੋਕਤੰਤਰ ਦਾ ਬਦਲ ਦੱਸਿਆ। ਉਨ੍ਹਾਂ ਨੇ ਕਿਹਾ ”ਹੁਣ ਤੱਕ ਸਾਨੂੰ ਦੱਸਿਆ ਜਾਂਦਾ ਰਿਹਾ ਹੈ ਕਿ ਸਮਾਜ ਦੇ ਉਭਰਨ ਲਈ ਸਭ ਤੋਂ ਉੱਤਮ ਰਸਤਾ ਪੱਛਮੀ ਲੋਕਤੰਤਰ ਹੈ ਪਰ ਸੀ. ਪੀ. ਸੀ. ਨੇ ਇੱਕ ਵਿਕਲਪਕ ਮਾਡਲ ਦਿੱਤਾ ਹੈ ਤੇ ਉਨ੍ਹਾਂ ਨੇ ਸਾਰੇ ਪੱਛਮੀ ਲੋਕਤੰਤਰਾਂ ਨੂੰ ਹਰਾ ਦਿੱਤਾ ਹੈ।”