International
ਕੈਲੀਫੋਰਨੀਆ ‘ਚ ਫਿਰ ਲੱਗੀ ਅੱਗ, 50 ਹਜ਼ਾਰ ਲੋਕ ਹੋਏ ਬੇਘਰ!
ਅਮਰੀਕਾ ‘ਚ ਫਿਰ ਤੋਂ ਭਿਆਨਕ ਰੂਪ ‘ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਇੱਥੇ ਲਾਸ ਏਂਜਲਸ ਦੇ ਉੱਤਰੀ ਖੇਤਰ ਹਿਊਜ ਵਿੱਚ ਅੱਗ ਲੱਗੀ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਲੱਗੀ ਅੱਗ ਨੇ ਲਗਭਗ 10,000 ਏਕੜ ਜ਼ਮੀਨ ਨੂੰ ਸਾੜ ਦਿੱਤਾ ਹੈ। ਅੱਗ ਕਾਰਨ 50,000 ਲੋਕਾਂ ਨੂੰ ਆਪਣੇ ਘਰ ਛੱਡਣ ਲਈ ਕਿਹਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਕਾਸਟੈਕ ਝੀਲ ਦੇ ਨੇੜੇ ਇਸ ਅੱਗ ਨੂੰ ਬੁਝਾਉਣ ਲਈ 4,000 ਫਾਇਰਫਾਈਟਰ ਤਾਇਨਾਤ ਕੀਤੇ ਗਏ ਹਨ। ਇੱਥੇ 48 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਸੀ.ਐਨ.ਐਨ ਦੇ ਅਨੁਸਾਰ, ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਹਰ 3 ਸਕਿੰਟਾਂ ਵਿੱਚ ਇੱਕ ਫੁੱਟਬਾਲ ਮੈਦਾਨ ਦੇ ਬਰਾਬਰ ਖੇਤਰ ਸੜ ਰਿਹਾ ਹੈ।
ਸੈਟੇਲਾਈਟ ਡੇਟਾ ਦੇ ਅਨੁਸਾਰ, ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10:45 ਵਜੇ ਕਾਸਟੈਕ ਝੀਲ ਦੇ ਨੇੜੇ ਹੌਟਸਪੌਟ ਦਾ ਪਤਾ ਲਗਾਇਆ ਗਿਆ। ਇਸ ਤੋਂ ਪਹਿਲਾਂ, 7 ਜਨਵਰੀ ਨੂੰ, ਲਾਸ ਏਂਜਲਸ ਦੇ ਆਲੇ-ਦੁਆਲੇ ਦੱਖਣੀ ਜੰਗਲਾਂ ਵਿੱਚ ਅੱਗ ਲੱਗ ਗਈ ਸੀ। ਇਸ ਘਟਨਾ ਵਿੱਚ 25 ਲੋਕਾਂ ਦੀ ਜਾਨ ਚਲੀ ਗਈ।”