Connect with us

National

ਮੁੰਬਈ ਦੇ ਸਾਬਕਾ ਪੁਲਿਸ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ ਲੱਗਾ ਵੱਡਾ ਝਟਕਾ, ਸੁਣਾਈ ਗਈ ਉਮਰ ਕੈਦ ਦੀ ਸਜ਼ਾ

Published

on

20 ਮਾਰਚ 2024: ਮੁੰਬਈ ਦੇ ਵਿਵਾਦਿਤ ‘ਐਨਕਾਊਂਟਰ ਸਪੈਸ਼ਲਿਸਟ’ ਸਾਬਕਾ ਪੁਲਿਸ ਮੁਲਾਜ਼ਮ ਪ੍ਰਦੀਪ ਸ਼ਰਮਾ ਨੂੰ ਵੱਡਾ ਕਾਨੂੰਨੀ ਝਟਕਾ ਲੱਗਾ ਹੈ। ਬੰਬਈ ਹਾਈ ਕੋਰਟ ਨੇ ਗੈਂਗਸਟਰ ਛੋਟਾ ਰਾਜਨ ਦੇ ਕਥਿਤ ਕਰੀਬੀ ਰਾਮ ਨਰਾਇਣ ਗੁਪਤਾ ਦੇ 2006 ਦੇ ਫ਼ਰਜ਼ੀ ਮੁਕਾਬਲੇ ਦੇ ਮਾਮਲੇ ’ਚ ਉਸ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਵਾਰ ਹਾਈ ਕੋਰਟ ਦਾ ਫ਼ੈਸਲਾ ਸੈਸ਼ਨ ਕੋਰਟ ਦੇ ਪਿਛਲੇ ਫ਼ੈਸਲੇ ਦੇ ਬਿਲਕੁਲ ਉਲਟ ਹੈ ਜਿਸ ਨੇ ਸ਼ਰਮਾ ਨੂੰ ਬਰੀ ਕਰ ਦਿੱਤਾ ਸੀ। ਜਸਟਿਸ ਰੇਵਤੀ ਮੋਹਿਤ-ਡੇਰੇ ਅਤੇ ਜਸਟਿਸ ਗੌਰੀ ਗੋਡਸੇ ਦੀ ਡਿਵੀਜ਼ਨ ਬੈਂਚ ਨੇ ਸ਼ਰਮਾ ਨੂੰ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ।

ਅਦਾਲਤ ਨੇ ਕਿਹਾ, ‘‘ਹੇਠਲੀ ਅਦਾਲਤ ਨੇ ਸ਼ਰਮਾ ਵਿਰੁਧ ਉਪਲਬਧ ਲੋੜੀਂਦੇ ਸਬੂਤਾਂ ਨੂੰ ਨਜ਼ਰਅੰਦਾਜ਼ ਕਰ ਦਿਤਾ। ਸਬੂਤ ਸਪੱਸ਼ਟ ਤੌਰ ’ਤੇ ਇਸ ਕੇਸ ’ਚ ਉਸ ਦੀ ਸ਼ਮੂਲੀਅਤ ਨੂੰ ਸਥਾਪਤ ਕਰਦੇ ਹਨ।’’ 11 ਨਵੰਬਰ, 2006 ਨੂੰ ਗੁਪਤਾ ਉਰਫ਼ ਲਖਨ ਭਈਆ ਨੂੰ ਗੁਆਂਢੀ ਵਾਸ਼ੀ ਤੋਂ ਪੁਲਿਸ ਟੀਮ ਨੇ ਰਾਜਨ ਗੈਂਗ ਦਾ ਮੈਂਬਰ ਹੋਣ ਦੇ ਸ਼ੱਕ ’ਚ ਫੜਿਆ ਸੀ। ਉਸ ਦੇ ਨਾਲ ਉਸ ਦੇ ਦੋਸਤ ਅਨਿਲ ਭੇਡਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਪਤਾ ਉਸੇ ਸ਼ਾਮ ਪਛਮੀ ਮੁੰਬਈ ਦੇ ਉਪਨਗਰ ਵਰਸੋਵਾ ਦੇ ਨਾਨਾ ਨਾਨੀ ਪਾਰਕ ਨੇੜੇ ਇਕ ‘ਫ਼ਰਜ਼ੀ’ ਮੁਕਾਬਲੇ ’ਚ ਮਾਰਿਆ ਗਿਆ ਸੀ।

ਅਦਾਲਤ ਨੇ ਕਿਹਾ ਕਿ ਸ਼ਰਮਾ ਨੂੰ ਅਪਰਾਧਕ ਸਾਜ਼ਸ਼, ਕਤਲ, ਅਗਵਾ ਅਤੇ ਗਲਤ ਤਰੀਕੇ ਨਾਲ ਕੈਦ ਕਰਨ ਸਮੇਤ ਸਾਰੇ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬੈਂਚ ਨੇ ਸ਼ਰਮਾ ਨੂੰ ਤਿੰਨ ਹਫ਼ਤਿਆਂ ਦੇ ਅੰਦਰ ਸਬੰਧਤ ਸੈਸ਼ਨ ਅਦਾਲਤ ’ਚ ਆਤਮ ਸਮਰਪਣ ਕਰਨ ਦਾ ਹੁਕਮ ਦਿਤਾ।

ਸ਼ਰਮਾ ਦੀਆਂ ਕਾਨੂੰਨੀ ਮੁਸ਼ਕਲਾਂ ਇਥੇ ਹੀ ਖ਼ਤਮ ਨਹੀਂ ਹੁੰਦੀਆਂ, ਕਿਉਂਕਿ ਉਹ 2021 ’ਚ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਜਿਲੇਟਿਨ ਦੀਆਂ ਰਾਡਾਂ ਦੀ ਬਰਾਮਦਗੀ ਅਤੇ ਕਾਰੋਬਾਰੀ ਮਨਸੁਖ ਹਿਰਾਨੀ ਦੇ ਕਤਲ ਨਾਲ ਜੁੜੇ ਇਕ ਵੱਖਰੇ ਕੇਸ ’ਚ ਵੀ ਉਲਝੇ ਹੋਏ ਹਨ। ਇਸ ਮਾਮਲੇ ’ਚ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿਤੀ ਹੈ।

ਹਾਈ ਕੋਰਟ ਨੇ ਮੰਗਲਵਾਰ ਨੂੰ ਹੇਠਲੀ ਅਦਾਲਤ ਵਲੋਂ 13 ਵਿਅਕਤੀਆਂ ਨੂੰ ਦੋਸ਼ੀ ਠਹਿਰਾਉਣ ਅਤੇ ਉਮਰ ਕੈਦ ਦੀ ਸਜ਼ਾ ਨੂੰ ਵੀ ਬਰਕਰਾਰ ਰੱਖਿਆ। ਇਸ ’ਚ 12 ਪੁਲਿਸ ਮੁਲਾਜ਼ਮ ਅਤੇ ਇਕ ਨਾਗਰਿਕ ਸ਼ਾਮਲ ਹੈ। ਦੋਸ਼ੀ ਠਹਿਰਾਏ ਗਏ ਲੋਕਾਂ ’ਚ ਸਾਬਕਾ ਪੁਲਿਸ ਮੁਲਾਜ਼ਮ ਨਿਤਿਨ ਸਰਤਾਪੇ, ਸੰਦੀਪ ਸਰਕਾਰ, ਤਾਨਾਜੀ ਦੇਸਾਈ, ਪ੍ਰਦੀਪ ਸੂਰਿਆਵੰਸ਼ੀ, ਰਤਨਾਕਰ ਕਾਂਬਲੇ, ਵਿਨਾਇਕ ਸ਼ਿੰਦੇ, ਦੇਵੀਦਾਸ ਸਪਕਲ, ਅਨੰਤ ਪਟਾਡੇ, ਦਿਲੀਪ ਪਾਲਾਂਡੇ, ਪਾਂਡੂਰਾਗ ਕੋਕਮ, ਗਣੇਸ਼ ਹਰਪੁਡੇ, ਪ੍ਰਕਾਸ਼ ਕਦਮ ਅਤੇ ਇਕ ਨਾਗਰਿਕ ਹਿਤੇਸ਼ ਸੋਲੰਕੀ ਸ਼ਾਮਲ ਹਨ।

ਹਾਈ ਕੋਰਟ ਨੇ ਛੇ ਹੋਰ ਮੁਲਜ਼ਮਾਂ ਦੀ ਸਜ਼ਾ ਅਤੇ ਉਮਰ ਕੈਦ ਨੂੰ ਰੱਦ ਕਰ ਦਿਤਾ ਅਤੇ ਉਨ੍ਹਾਂ ਨੂੰ ਬਰੀ ਕਰ ਦਿਤਾ। ਮਨੋਜ ਮੋਹਨ ਰਾਜ, ਸੁਨੀਲ ਸੋਲੰਕੀ, ਮੁਹੰਮਦ ਸ਼ੇਖ, ਸੁਰੇਸ਼ ਸ਼ੈੱਟੀ, ਏ ਖਾਨ ਅਤੇ ਸ਼ੈਲੇਂਦਰ ਪਾਂਡੇ ਨੂੰ ਬਰੀ ਕਰ ਦਿਤਾ ਗਿਆ। ਉਹ ਸਾਰੇ ਨਾਗਰਿਕ ਹਨ। ਸ਼ੁਰੂਆਤ ’ਚ 13 ਪੁਲਿਸ ਮੁਲਾਜ਼ਮਾਂ ਸਮੇਤ 22 ਲੋਕਾਂ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਸਾਲ 2013 ’ਚ ਸੈਸ਼ਨ ਕੋਰਟ ਨੇ 21 ਦੋਸ਼ੀਆਂ ਨੂੰ ਦੋਸ਼ੀ ਪਾਇਆ ਸੀ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।