National
G-20: ਸਾੜੀਆਂ ਤੇ ਸੂਟ ‘ਚ ਨਜ਼ਰ ਆਏ ਵਿਦੇਸ਼ੀ ਮਹਿਮਾਨ, ਦੇਖੋ ਤਸਵੀਰਾਂ

ਦਿੱਲੀ 10ਸਤੰਬਰ 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜੀ-20 ਬੈਠਕ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਵਿਦੇਸ਼ੀ ਮਹਿਮਾਨਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਕਈ ਦੇਸ਼ਾਂ ਤੋਂ ਮਹਿਮਾਨ ਰਵਾਇਤੀ ਪਹਿਰਾਵੇ ਵਿੱਚ ਪਹੁੰਚੇ। ਮਾਰੀਸ਼ਸ ਦੇ ਪੀਐਮ ਪ੍ਰਵਿੰਦ ਜੁਗਨਾਥ ਦੀ ਪਤਨੀ ਕੋਬਿਤਾ ਅਤੇ ਜਾਪਾਨ ਦੇ ਪੀਐਮ ਫੂਮਿਓ ਕਿਸ਼ਿਦਾ ਦੀ ਪਤਨੀ ਯੂਕੋ ਕਿਸ਼ਿਦਾ ਸਾੜੀ ਵਿੱਚ ਨਜ਼ਰ ਆਈਆਂ।
ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀ ਐਮਡੀ ਕ੍ਰਿਸਟਾਲੀਨਾ ਜਾਰਜੀਵਾ ਨੇ ਵਾਇਲੇਟ ਰੰਗ ਦੇ ਸਲਵਾਰ-ਕੁਰਤੇ ਵਿੱਚ ਡਿਨਰ ਵਿੱਚ ਸ਼ਿਰਕਤ ਕੀਤੀ ਜਦੋਂ ਕਿ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ ਨੇ ਸ਼ਾਹੀ ਨੀਲੀ ਸਾੜੀ ਵਿੱਚ ਡਿਨਰ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪਤਨੀ ਕਿਓਕੋ ਪੀਲੀ ਸਾੜੀ ਵਿੱਚ ਪਹੁੰਚੀ।
ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਬੇਟੀ ਸਾਇਮਾ ਵਾਜ਼ੇਬ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨਾਲ ਸੈਲਫੀ ਲਈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਨਰਿੰਦਰ ਮੋਦੀ ਨਾਲ ਸੈਲਫੀ ਲਈ।
ਰਾਤ ਦੇ ਖਾਣੇ ਲਈ ਭਾਰਤ ਮੰਡਪ ਪਹੁੰਚੇ ਮਹਿਮਾਨਾਂ ਦਾ ਨਾਲੰਦਾ ਯੂਨੀਵਰਸਿਟੀ ਦੇ ਪਿਛੋਕੜ ਵਿੱਚ ਸਵਾਗਤ ਕੀਤਾ ਗਿਆ। ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਤਾ ਨੂੰ ਨਾਲੰਦਾ ਯੂਨੀਵਰਸਿਟੀ ਦੇ ਇਤਿਹਾਸ ਬਾਰੇ ਦੱਸਿਆ। ਰਾਤ ਦੇ ਖਾਣੇ ਵਿੱਚ ਰਾਜਾਂ ਦੇ ਮੁਖੀਆਂ, ਡੈਲੀਗੇਟਾਂ, ਭਾਰਤ ਦੇ ਕਈ ਰਾਜਾਂ ਦੇ ਮੁੱਖ ਮੰਤਰੀਆਂ, ਕੇਂਦਰੀ ਅਤੇ ਰਾਜ ਮੰਤਰੀਆਂ ਸਮੇਤ ਲਗਭਗ 300 ਲੋਕਾਂ ਨੇ ਸ਼ਿਰਕਤ ਕੀਤੀ।