Punjab
ਰਾਮ ਰਹੀਮ ਨੂੰ ਮਾਫ਼ੀ ਦੇਣ ਵਾਲਾ ਗੁਰਬਚਨ ਵੀ ਮਾਫ਼ – ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਕੁੱਝ ਹੋਵੇਗਾ !
ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਪੰਜਾਬ ਵਿੱਚ ਧਰਮ ਦਾ ਆਸਰਾ ਲੈ ਕੇ ਰਾਜਨੀਤੀ ਦੀ ਖੇਡ ਖੇਡੇ ਜਾਣ ਦਾ ਸਿਲਸਿਲਾ ਵੀ ਜ਼ੋਰ ਫੜਦਾ ਜਾ ਰਿਹਾ ਹੈ। ਬੀਤੇ ਦਿਨ ਯਾਨੀ ਅੱਠ ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਕਈ ਲੋਕਾਂ ਨੂੰ ਤਨਖਾਹ ਲਗਾ ਕੇ ਮਾਫ਼ੀ ਦੇ ਦਿੱਤੀ ਗਈ। ਜਿਹੜੇ ਵਿਅਕਤੀ ਨੂੰ ਮਾਫ਼ੀ ਦੇਣ ਦਾ ਸਿੱਖ ਕੌਮ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਉਹ ਹੈ ਸਿਰਸੇ ਵਾਲੇ ਸਾਧ ਰਾਮ ਰਹੀਮ ਨੂੰ ਮਾਫ਼ੀ ਦੇਣ ਵਾਲਾ ਉਸ ਸਮੇਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗੁਰਬਚਨ ਸਿੰਘ। ਉਹ ਵੀ ਬਿਨਾਂ ਮਾਫ਼ੀ ਮੰਗਿਆਂ ਹੀ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇ ਦਿੱਤੀ ਗਈ। ਤੁਹਾਨੂੰ ਯਾਦ ਹੋਵੇਗਾ ਕਿ ਰਾਮ ਰਹੀਮ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੇ ਬਸਤਰ ਪਹਿਨ ਕੇ ਅੰਮ੍ਰਿਤ ਛਕਾਉਣ ਦਾ ਸਵਾਂਗ ਰਚਾਇਆ ਸੀ ਜਿਸ ਕਰਕੇ ਉਸਨੂੰ ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਛੇਕ ਦਿੱਤਾ ਗਿਆ ਸੀ। ਹੁਣ ਤੁਸੀਂ ਇਹ ਕਹੋਗੇ ਕਿ ਗੁਰਬਚਨ ਸਿੰਘ ਨੂੰ ਮਾਫ਼ੀ ਦੇਣ ਦਾ ਅਗਾਮੀ ਵਿਧਾਨ ਸਭਾ ਚੋਣਾਂ ਨਾਲ ਕੀ ਸਬੰਧ ਹੈ। ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਦੋ ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਉਹ ਸਾਰੇ ਗੁਨਾਹ ਕਬੂਲੇ ਸਨ ਜਿਹੜੇ ਉਨ੍ਹਾਂ ਨੇ ਆਪਣੀ ਸਰਕਾਰ ਸਮੇਂ ਕੀਤੇ ਸਨ। ਉਨ੍ਹਾਂ ਗੁਨਾਹਾਂ ਵਿੱਚ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਦਾ ਗੁਨਾਹ ਵੀ ਸ਼ਾਮਲ ਸੀ। ਹੁਣ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆਉਣਗੀਆਂ ਸੁਖਬੀਰ ਬਾਦਲ ਉਨ੍ਹਾਂ ਸਾਰੇ ਗੁਨਾਹਾਂ ਨੇ ਕਿਸੇ ਹੋਰ ਦੇ ਸਿਰ ਮੜ ਕੇ ਸਿੱਖ ਕੌਮ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ ਉਨ੍ਹਾਂ ਨੇ ਇਹ ਗੁਨਾਹ ਸਿਰਫ ਇਸ ਲਈ ਕਬੂਲੇ ਸਨ ਕਿਉੰਕਿ ਉਸ ਵੇਲੇ ਸਾਡੀ ਸਰਕਾਰ ਸੀ ਪਰ ਅਸੀਂ ਆਪ ਕੋਈ ਗੁਨਾਹ ਨਹੀਂ ਕੀਤਾ।
ਇਸ ਸਭ ਲਈ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੀ ਸਹਾਰਾ ਲਿਆ ਜਾਵੇਗਾ। ਹੁਣ ਗੁਰਬਚਨ ਸਿੰਘ ਨੂੰ ਤਨਖਾਹ ਲਗਾ ਕੇ ਮਾਫ਼ ਕਰਨ ਪਿੱਛੇ ਵੀ ਇਹ ਹੀ ਰਣਨੀਤੀ ਹੈ ਕਿ ਲੋਕਾਂ ਵਿੱਚ ਇਹ ਪ੍ਰਭਾਵ ਜਾਵੇ ਕਿ ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗੁਰਬਚਨ ਸਿੰਘ ਸੀ ਤੇ ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ਗੁਨਾਹ ਉਹਨੇ ਹੀ ਕੀਤਾ ਸੀ। ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਸੰਗਤ ਨੂੰ ਇਸ ਤਰ੍ਹਾਂ ਸ੍ਰੀ ਆਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਲੋਕ ਸਭ ਜਾਣਦੇ ਹਨ ਕਿ ਕਿਸ ਤਰ੍ਹਾਂ ਸਿਰਸੇ ਵਾਲੇ ਦੇ ਚੇਲਿਆਂ ਦਾ ਵੋਟ ਬੈਂਕ ਕੈਸ਼ ਕਰਨ ਲਈ ਸਾਧ ਨੂੰ ਬਿਨਾਂ ਮੰਗਿਆਂ ਹੀ ਮਾਫੀ ਦੀ ਦਿੱਤੀ ਗਈ। ਗੁਰਬਚਨ ਸਿੰਘ ਤਾਂ ਮੋਹਰਾ ਸੀ ਅਸਲ ਫੈਸਲਾ ਤਾਂ ਸੁਖਬੀਰ ਬਾਦਲ ਨੇ ਹੀ ਲਿਆ ਸੀ ਰਾਮ ਰਹੀਮ ਨੂੰ ਮੁਆਫ ਕਰਨ ਦਾ।ਇਸੇ ਦੌਰਾਨ ਹੀ ਰਾਮ ਰਹੀਮ ਦੀ ਬੇਹੂਦਾ ਫਿਲਮ ਪੰਜਾਬ ਚਲਾਉਣ ਦੀ ਵੀ ਇਜਾਜ਼ਤ ਸੁਖਬੀਰ ਬਾਦਲ ਵੱਲੋਂ ਹੀ ਦਿੱਤੀ ਗਈ ਸੀ ਜੋ ਲੋਕਾਂ ਦੇ ਵਿਰੋਧ ਕਾਰਨ ਪੰਜਾਬ ਵਿੱਚ ਚੱਲ ਨਹੀਂ ਸੀ ਸਕੀ। ਬਾਦਲ ਸਾਹਬ ਦੋ ਦਸੰਬਰ 2024 ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਤੇ ਤੁਹਾਡੇ ਵੱਲੋਂ ਕਬੂਲੇ ਗੁਨਾਹ ਸਿੱਖ ਸੰਗਤਾਂ ਇੰਨੀ ਜਲਦੀ ਭੁੱਲ ਨਹੀਂ ਗਈਆਂ। ਬੀਤੇ ਦਿਨ ਹੀ ਜੱਥੇਦਾਰ ਗੜਗੱਜ ਦੀ ਅਗਵਾਈ ਵਿੱਚ ਹੋਰ ਕਈ ਲੋਕਾਂ ਨੂੰ ਮਾਫ਼ੀ ਦਿੱਤੀ ਗਈ ਇਨ੍ਹਾਂ ਵਿੱਚ ਉਹ ਬਦਜ਼ੁਬਾਨ ਵਿਰਸਾ ਸਿੰਘ ਵਲਟੋਹਾ ਵੀ ਸ਼ਾਮਲ ਹੈ ਜਿਸਨੇ ਸਿੰਘ ਸਾਹਿਬਾਨ ਖ਼ਿਲਾਫ਼ ਬਦ ਕਲਾਮੀ ਕੀਤੀ ਸੀ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਸ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਆਦੇਸ਼ ਜਾਰੀ ਕਰਕੇ ਵਲਟੋਹਾ ਨੂੰ ਦਸ ਸਾਲ ਵਾਸਤੇ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਵਿਰਸਾ ਸਿੰਘ ਵਲਟੋਹਾ ਨੂੰ ਵੀ ਤਨਖਾਹ ਲਗਾ ਕੇ ਮਾਫ਼ ਕਰ ਦਿੱਤਾ ਗਿਆ ਹੈ। ਇਹ ਫੈਸਲਾ ਤਾਂ ਸਾਫ ਦੱਸ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਲਟੋਹਾ ਵਰਗੇ ਭੰਡੀ ਪ੍ਰਚਾਰ ਕਰਨ ਵਾਲੇ ਲੋਕਾਂ ਦੀ ਅਕਾਲੀ ਦਲ ਨੂੰ ਲੋੜ ਹੈ। ਇਹ ਰਣਨੀਤੀ ਕੇਵਲ ਇਕੱਲਾ ਅਕਾਲੀ ਦਲ ਜਾਂ ਸੁਖਬੀਰ ਬਾਦਲ ਹੀ ਨਹੀਂ ਅਪਣਾ ਰਿਹਾ ਦੂਜੀਆਂ ਪਾਰਟੀਆਂ ਵੀ ਧਾਰਮਿਕ ਮੁੱਦਿਆਂ ਨੂੰ ਲੈ ਅਕਾਲੀ ਦਲ ਨੂੰ ਘੇਰਨ ਦੀ ਕੋਸ਼ਿਸ ਕਰਨਗੇ।
ਬੀਤੇ ਦਿਨੀਂ ਇਸੇ ਲੜੀ ਤਹਿਤ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਖਿਲਾਫ ਪਰਚੇ ਦਰਜ ਕੀਤੇ ਗਏ ਹਨ ਪਰ ਇੱਥੇ ਇਸ ਗੱਲ ਨੂੰ ਲੈ ਕੇ ਵੀ ਲੋਕਾਂ ਵੱਲੋਂ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮੁੱਦਾ ਯਾਦ ਕਿਉੰ ਨਹੀਂ ਆਇਆ? ਬਾਦਲ ਸਾਹਿਬ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵੋ ਤੁਸੀਂ ਸਿੱਖ ਸੰਗਤਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ। ਅਜੇ ਵੀ ਸਮਾਂ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਨੀ ਛੱਡ ਕੇ ਸੱਚੇ ਦਿਲੋਂ ਆਪਣੇ ਗੁਨਾਹ ਕਬੂਲ ਕਰ ਲਵੋ। ਗੁਰੂ ਬਖਸ਼ਣਹਾਰ ਹੈ ਬਖਸ਼ ਲਵੇਗਾ।

