Punjab
ਗੁਰਚਰਨ ਸਿੰਘ ਟੌਹੜਾ ਵਰਗਾ ਧਾਕੜ ਪ੍ਰਧਾਨ ਮੁੜ ਨਹੀਂ ਮਿਲਿਆ ਸ਼੍ਰੋਮਣੀ ਕਮੇਟੀ ਨੂੰ !
ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਨ੍ਹਾਂ ਨੂੰ ਸਿੱਖਾਂ ਦੇ ਚਾਣਕਿਆ ਮੰਨਿਆ ਜਾਂਦਾ ਸੀ ਦੇ ਬਾਅਦ ਉਨ੍ਹਾਂ ਵਰਗਾ ਧਾਕੜ ਪ੍ਰਧਾਨ ਮੁੜ ਨਹੀਂ ਮਿਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਜਥੇਦਾਰ ਟੌਹੜਾ 27 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜੋ ਕਿ ਇੱਕ ਰਿਕਾਰਡ ਹੈ।ਉਨ੍ਹਾਂ ਦੇ ਬਾਅਦ ਜਿਹੜਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਹ ਕੇਵਲ ਰਬੜ ਦੀ ਮੋਹਰ ਵਾਂਗ ਹੀ ਕੰਮ ਕਰਦਾ ਆ ਰਿਹਾ ਹੈ। ਟੌਹੜਾ ਤੋਂ ਬਾਅਦ ਅਪ੍ਰਤੱਖ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗ ਡੋਰ ਬਾਦਲ ਪਰਿਵਾਰ ਦੇ ਹੱਥ ਆ ਗਈ ਹੈ। ਬਾਦਲਕੇ ਜਿਸਨੂੰ ਚਾਹੁਣ ਪ੍ਰਧਾਨ ਬਣਾ ਦੇਣ ਅਤੇ ਜਦੋਂ ਮਰਜ਼ੀ ਪ੍ਰਧਾਨਗੀ ਤੋਂ ਲਾਹ ਦੇਣ। ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੱਥ ਵਿੱਚ ਆਉਣ ਨਾਲ ਤਖਤਾਂ ਦੇ ਜਥੇਦਾਰਾਂ ਦੀ ਵਾਗ ਡੋਰ ਵੀ ਬਾਦਲਾਂ ਦੇ ਹੱਥਾਂ ਵਿੱਚ ਆ ਗਈ ਹੈ ਹਾਲਾਂ ਕਿ ਪਿਛਲੇ ਸਮੇਂ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਉੱਪਰ ਬਾਦਲਾਂ ਦਾ ਨਿਯੰਤਰਣ ਨਹੀਂ ਰਿਹਾ। ਇਹ ਦੋਵੇਂ ਤਖ਼ਤ ਅਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਦੇ ਪ੍ਰਭਾਵ ਹੇਠ ਆ ਚੁੱਕੇ ਹਨ। ਜਥੇਦਾਰ ਟੌਹੜਾ ਦੇ ਪ੍ਰਧਾਨ ਹੁੰਦਿਆਂ ਟੌਹੜਾ ਦਾ ਪ੍ਰਭਾਵ ਸਾਰੇ ਹੀ ਤਖਤਾਂ ਦੇ ਜਥੇਦਾਰਾਂ ਉੱਪਰ ਸੀ। ਪਿਛਲੇ ਕੁੱਝ ਸਮੇਂ ਤੋਂ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋਈ ਹੈ, ਉਦੋਂ ਤੋਂ ਸਿੱਖ ਸਿਆਸਤ ਤਾਂ ਕਮਜ਼ੋਰ ਹੋਈ ਹੀ ਹੈ ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਨ ਅਤੇ ਪਛਾਣ ਨੂੰ ਢਾਹ ਲੱਗੀ ਹੈ। ਤਖਤਾਂ ਦੇ ਜਥੇਦਾਰਾਂ ਨੂੰ ਵੀ ਕਠਪੁਤਲੀਆਂ ਦੀ ਤਰ੍ਹਾਂ ਨਚਾਇਆ ਜਾ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖਾਂ ਦੀ ਸਰਵ ਉੱਚ ਅਦਾਲਤ ਮੰਨਿਆ ਜਾਂਦਾ ਰਿਹਾ ਹੈ ਪਰ 2 ਦਸੰਬਰ ਦੇ ਸ੍ਰੀ ਆਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਸੁਖਬੀਰ ਸਿੰਘ ਬਾਦਲ ਨੇ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਉੱਪਰ ਪ੍ਰਸ਼ਨ ਚਿੰਨ੍ਹ ਲਗਾਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਕਮਜ਼ੋਰ ਪ੍ਰਧਾਨਗੀ ਨੂੰ ਵੇਖਦਿਆਂ ਪੁਰਾਣੇ ਸਿੱਖ ਲੀਡਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕਰਦੇ ਹਨ। ਜਥੇਦਾਰ ਟੌਹੜਾ ਨੇ ਆਪਣਾ ਕੱਦ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਛੋਟਾ ਨਹੀਂ ਸੀ ਹੋਣਾ ਦਿੱਤਾ ਭਾਵ ਬਾਦਲ ਦੇ ਬਰਾਬਰ ਦੇ ਲੀਡਰ ਬਣਕੇ ਵਿਚਰਦੇ ਰਹੇ। ਜਥੇਦਾਰ ਟੌਹੜਾ ਇੱਕੋ ਇੱਕ ਐਸੇ ਲੀਡਰ ਸਨ ਜਿਨ੍ਹਾਂ ਦੀ ਕੇਂਦਰ ਸਰਕਾਰ ਵਿੱਚ ਵੀ ਪੂਰੀ ਮੰਨੀ ਜਾਂਦੀ ਸੀ ਉਹ ਸਰਕਾਰ ਭਾਵੇਂ ਕਾਂਗਰਸ ਦੀ ਹੀ ਕਿਉੰ ਨਾ ਹੁੰਦੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪੂਰਾ ਮਾਣ ਮਿਲਦਾ ਸੀ। ਸ਼ੁਤਰਾਣਾ ਤੋਂ ਅਕਾਲੀ ਦਲ ਦੇ ਵਿਧਾਇਕ ਸਨ ਸ. ਗੁਰਦੇਵ ਸਿੰਘ ਸਿੱਧੂ ਉਨ੍ਹਾਂ ਨੇ ਮੈਨੂੰ ਇੱਕ ਦਿਲਚਸਪ ਕਹਾਣੀ ਟੌਹੜਾ ਬਾਰੇ ਸੁਣਾਈ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਿਹੜਾ ਪੈਟਰੋਲ ਪੰਪ ਲਗਵਾਇਆ ਹੈ ਇਹਦੇ ਲਈ ਉਹ ਸ. ਬੂਟਾ ਸਿੰਘ ਨੂੰ ਮਿਲਣ ਗਏ ਜਿਹੜੇ ਉਸ ਵੇਲੇ ਕੇਂਦਰ ਵਿੱਚ ਵਜ਼ੀਰ ਸਨ।ਸ. ਸਿੱਧੂ ਨੇ ਦੱਸਿਆ ਕਿ ਬੂਟਾ ਸਿੰਘ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਪੈਂਦੀ ਹੈ ਅਤੇ ਉਹ ਸਮਾਂ ਲੈ ਕੇ ਸ. ਬੂਟਾ ਸਿੰਘ ਨੂੰ ਮਿਲਣ ਗਏ ਪਰ ਬੂਟਾ ਸਿੰਘ ਉਨ੍ਹਾਂ ਨੂੰ ਨਹੀਂ ਮਿਲੇ, ਇਸੇ ਦੌਰਾਨ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ. ਸਿੱਧੂ ਨੂੰ ਦਿੱਲੀ ਵਿੱਚ ਹੀ ਮਿਲ ਗਏ ਜਦੋਂ ਟੌਹੜਾ ਨੇ ਸਿੱਧੂ ਨੂੰ ਦਿੱਲੀ ਆਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਸਾਰੀ ਕਹਾਣੀ ਦੱਸੀ ਕਿ ਉਹ ਸ. ਬੂਟਾ ਸਿੰਘ ਤੋਂ ਸਮਾਂ ਲੈ ਕੇ ਆਏ ਸਨ ਪੈਟਰੋਲ ਪੰਪ ਲੈਣ ਲਈ ਪਰ ਬੂਟਾ ਸਿੰਘ ਹੁਣ ਟਾਲਮਟੋਲ ਕਰ ਰਹੇ ਹਨ। ਟੌਹੜਾ ਨੇ ਸਿੱਧੂ ਨੂੰ ਕਿਹਾ ਕਿ ਬਸ ਇੰਨੀ ਗੱਲ ਹੀ ਸੀ ਤਾਂ ਮੈਨੂੰ ਕਿਹਾ ਹੁੰਦਾ ਤੇਰਾ ਪੈਟਰੋਲ ਪੰਪ ਪਟਿਆਲਾ ਬੈਠੇ ਦਾ ਲੱਗ ਜਾਂਦਾ ਇੱਥੇ ਆਉਣ ਦੀ ਵੀ ਲੋੜ ਨਹੀਂ ਸੀ ਪੈਣੀ। ਜਥੇਦਾਰ ਟੌਹੜਾ ਨੇ ਸੋਨੀਆਂ ਗਾਂਧੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਸਾਡੇ ਅਕਾਲੀ ਦਲ ਦੇ ਵਿਧਾਇਕ ਗੁਰਦੇਵ ਸਿੰਘ ਸਿੱਧੂ ਨੇ ਪੈਟਰੋਲ ਪੰਪ ਲਗਵਾਉਣਾ ਹੈ ਤੁਹਾਡੀ ਮਦਦ ਦੀ ਲੋੜ ਹੈ। ਸੋਨੀਆਂ ਗਾਂਧੀ ਨੇ ਉਸੇ ਵੇਲੇ ਪੈਟਰੋਲੀਅਮ ਮੰਤਰੀ ਨੂੰ ਫੋਨ ਕੀਤਾ ਤੇ ਸ. ਗੁਰਦੇਵ ਸਿੰਘ ਸਿੱਧੂ ਨੂੰ ਪੈਟਰੋਲ ਪੰਪ ਅਲਾਟ ਹੋ ਗਿਆ। ਜਥੇਦਾਰ ਟੌਹੜਾ ਦੀ ਇੱਕ ਹੋਰ ਵੱਡੀ ਖਾਸੀਅਤ ਸੀ ਕਿ ਉਹ ਭ੍ਰਿਸ਼ਟਾਚਾਰ ਤੋਂ ਕੋਹਾਂ ਦੂਰ ਸਨ। ਉਹ ਪੂਰੀ ਜ਼ਿੰਦਗੀ ਟੌਹੜਾ ਪਿੰਡ ਵਿੱਚ ਇੱਕ ਆਮ ਘਰ ਵਿੱਚ ਰਹਿੰਦੇ ਰਹੇ। ਜਥੇਦਾਰ ਟੌਹੜਾ ਦੇ ਨਜ਼ਦੀਕੀ ਦੱਸਦੇ ਹਨ ਕਿ ਉਹ ਕਿਤੇ ਵੀ ਜਾਂਦੇ ਪਰ ਰਾਤ ਨੂੰ ਹਰ ਹਾਲਤ ਵਿੱਚ ਟੌਹੜਾ ਪਿੰਡ ਪਹੁੰਚਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਬੈਂਕ ਮੈਨੇਜਰ ਨੇ ਉਨ੍ਹਾਂ ਦੇ ਜਵਾਈ ਹਰਮੇਲ ਸਿੰਘ ਟੌਹੜਾ ਨੂੰ ਫੋਨ ਕਰਕੇ ਕਿਹਾ ਕਿ ਜਥੇਦਾਰ ਟੌਹੜਾ ਦਾ ਲਾਕਰ ਖੋਲ੍ਹ ਲਵੋ। ਕਹਿੰਦੇ ਹਨ ਕਿ ਜਦੋਂ ਲਾਕਰ ਖੋਲ੍ਹਿਆ ਗਿਆ ਤਾਂ ਲਾਕਰ ਖ਼ਾਲੀ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਦੇ ਵੀ ਨਿੱਜੀ ਹਿੱਤਾਂ ਲਈ ਨਹੀਂ ਸੀ ਵਰਤਿਆ ਪਰ ਇਸਦੇ ਉਲਟ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗਦੇ ਆ ਰਹੇ ਹਨ। ਹੁਣ ਤਾਂ ਲੋਕ ਇੱਥੋਂ ਤੱਕ ਕਹਿ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਹੁਣ ਕਠਪੁਤਲੀਆਂ ਬਣ ਕੇ ਗਏ ਹਨ ਅਤੇ ਡੋਰ ਬਾਦਲ ਪਰਿਵਾਰ ਦੇ ਹੱਥ ਵਿੱਚ ਹੈ। ਤਖਤਾਂ ਦੇ ਜਥੇਦਾਰਾਂ ਤੋਂ ਆਪਣੀ ਮਰਜੀ ਦੇ ਹੁਕਮਨਾਮੇ ਜਾਰੀ ਕਰਵਾਏ ਜਾਂਦੇ ਹਨ। ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਲੇ ਸਾਧ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਫੁਰਮਾਨ ਬਾਦਲ ਦੇ ਘਰ ਤੋਂ ਹੀ ਜਾਰੀ ਹੋਇਆ ਸੀ। ਅੱਜ ਦੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਨ ਅਤੇ ਪਛਾਣ ਖ਼ਤਰੇ ਵਿੱਚ ਹੈ। ਇਸ ਮੌਕੇ ਅਗਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਾ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ ਤਾਂ ਸ਼ਾਇਦ ਇੰਝ ਨਾ ਹੁੰਦਾ। ਤਾਂ ਹੀ ਤਾਂ ਪੁਰਾਣੇ ਸਿੱਖ ਲੀਡਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਤਿਕਾਰ ਨਾਲ ਯਾਦ ਕਰਦੇ ਹਨ।

