Connect with us

Haryana

ਕੱਲ੍ਹ ਨੂੰ ਹੋਣਗੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ

Published

on

ਹਰਿਆਣਾ ‘ਚ ਇਸ ਸਮੇਂ HSGMC ਚੋਣਾਂ ਨੂੰ ਲੈ ਕੇ ਸਿੱਖ ਸਿਆਸਤ ਪੂਰੇ ਜ਼ੋਰਾਂ ‘ਤੇ ਹੈ। ਦੱਸ ਦੇਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਯਾਨੀ ਕਿ ਭਲਕੇ ਚੋਣਾਂ ਹੋਣਗੀਆਂ। ਹਰਿਆਣਾ ਦੇ 22 ਜ਼ਿਲ੍ਹਿਆਂ ਦੇ 40 ਵਾਰਡਾਂ ਵਿਚ ਹੋਣ ਵਾਲੀ ਚੋਣ ‘ਚ 4 ਲੱਖ ਸਿੱਖ ਵੋਟਰ ਵੱਖ-ਵੱਖ ਧੜਿਆਂ ਤੋਂ ਚੋਣ ਲੜ ਰਹੇ 164 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਵਲੋਂ ਪੂਰੇ ਹਰਿਆਣਾ ਵਿੱਚ 390 ਪੋਲਿੰਗ ਬੂਥ ਬਣਾਏ ਗਏ ਹਨ ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਰਾਜ ਗੁਰਦੁਆਰਾ ਚੋਣ ਕਮਿਸ਼ਨ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਲਈ ਚਾਰ ਪ੍ਰਮੁੱਖ ਟਕਸਾਲੀਆਂ ਵੱਲੋਂ ਵੱਖ-ਵੱਖ ਨਾਵਾਂ ਨਾਲ ਜਥੇਬੰਦੀਆਂ ਬਣਾ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾ ਰਹੀਆਂ ਹਨ। ਇਸ ਕਾਰਨ ਆਜ਼ਾਦ ਉਮੀਦਵਾਰਾਂ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ।

ਹਰਿਆਣਾ ਵਿੱਚ 2013-14 ਤੋਂ ਬਾਅਦ ਪਹਿਲੀ ਵਾਰ ਐੱਚਐੱਸਜੀਪੀਸੀ ਚੋਣਾਂ ਹੋਣ ਜਾ ਰਹੀਆਂ ਹਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਵਿੱਚ ਐੱਚਐੱਸਜੀਪੀਸੀ ਦਾ ਗਠਨ ਕੀਤਾ ਗਿਆ ਸੀ, ਜਦਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਕਮੇਟੀ ਨੂੰ ਮਾਨਤਾ ਦੇ ਕੇ ਕੰਮ ਕਰਨ ਦਾ ਮੌਕਾ ਦਿੱਤਾ ਸੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਕਾਰਜਕਾਲ ਦੌਰਾਨ ਐੱਚਐੱਸਜੀਪੀਸੀ ਨੂੰ ਆਜ਼ਾਦ ਚੋਣਾਂ ਕਰਵਾਉਣ ਦਾ ਮੌਕਾ ਮਿਲਿਆ ਹੈ।

ਸਾਲ 2013-14 ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੋਣਾਂ ਹੋਈਆਂ ਸਨ ਅਤੇ ਹਰਿਆਣਾ ਤੋਂ ਨੌਂ ਮੈਂਬਰ ਚੁਣੇ ਗਏ ਸਨ ਪਰ ਸੂਬੇ ਦੇ 51 ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਅਤੇ ਸਮਾਜਿਕ ਤੇ ਮੈਡੀਕਲ ਸੰਸਥਾਵਾਂ ਦਾ ਕੰਮਕਾਜ ਸੰਭਾਲਣ ਲਈ ਪ੍ਰਬੰਧਕ ਕਮੇਟੀ ਬਣਾਈ ਗਈ ਸੀ।

ਐੱਚਐੱਸਜੀਪੀਸੀ ਚੋਣਾਂ ਵਿੱਚ ਚਾਰ ਪ੍ਰਮੁੱਖ ਸਿੱਖ ਆਗੂਆਂ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਬਲਦੇਵ ਸਿੰਘ ਕਿਆਮਪੁਰੀ ਅਤੇ ਦੀਦਾਰ ਸਿੰਘ ਨਲਵੀ ਹਨ, ਜਿਨ੍ਹਾਂ ਦੇ ਧੜਿਆਂ ਦਾ ਵੱਕਾਰ ਦਾਅ ‘ਤੇ ਹੈ। ਬਲਜੀਤ ਸਿੰਘ ਦਾਦੂਵਾਲ ਦੀ ਟੀਮ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਆਜ਼ਾਦ ਦੇ ਬੈਨਰ ਹੇਠ ਚੋਣ ਲੜ ਰਹੀ ਹੈ, ਜਦੋਂ ਕਿ ਜਗਦੀਸ਼ ਸਿੰਘ ਝੀਡਾ ਨੇ ਪੰਥਕ ਦਲ (ਝੀਂਡਾ) ਦੇ ਬੈਨਰ ਹੇਠ ਆਪਣੀ ਪਸੰਦ ਦੇ ਉਮੀਦਵਾਰ ਖੜ੍ਹੇ ਕੀਤੇ ਹਨ। ਬਲਦੇਵ ਸਿੰਘ ਕਿਆਮਪੁਰੀ ਦੀ ਟੀਮ ਹਰਿਆਣਾ ਸਿੱਖ ਪੰਥਕ ਦਲ ਦੇ ਬੈਨਰ ਹੇਠ ਚੋਣ ਲੜ ਰਹੀ ਹੈ, ਦੀਦਾਰ ਸਿੰਘ ਨਲਵੀ ਦੇ ਉਮੀਦਵਾਰ ਸਿੱਖ ਸਮਾਜ ਸੰਗਠਨ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਬਲਜੀਤ ਸਿੰਘ ਦਾਦੂਵਾਲ ਗਰੁੱਪ ਨੂੰ ਭਾਜਪਾ ਸਰਕਾਰ ਦਾ ਸਮਰਥਨ ਦੱਸਿਆ ਜਾਂਦਾ ਹੈ, ਜਦਕਿ ਜਗਦੀਸ਼ ਸਿੰਘ ਝੀਂਡਾ ਨੂੰ ਸ਼ੁਰੂ ਵਿੱਚ ਕਾਂਗਰਸ ਦੀ ਹਮਾਇਤ ਹਾਸਲ ਸੀ। ਦੀਦਾਰ ਸਿੰਘ ਨਲਵੀ ਭਾਜਪਾ ਅਤੇ ਕਾਂਗਰਸ ਦੋਵਾਂ ਦੇ ਨੇੜੇ ਮੰਨੇ ਜਾਂਦੇ ਹਨ। ਇਸ ਦੇ ਬਾਵਜੂਦ ਸੂਬੇ ਦੀ ਸਿੱਖ ਸੰਗਤ ਨੇ ਇਨ੍ਹਾਂ ਧੜਿਆਂ ਤੋਂ ਇਲਾਵਾ ਆਪਣੀ ਪਸੰਦ ਦੇ ਉਮੀਦਵਾਰ ਖੜ੍ਹੇ ਕੀਤੇ ਹਨ, ਜੋ ਬਿਨਾਂ ਕਿਸੇ ਬੈਨਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਸੂਬਾ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਚਐੱਸ ਭੱਲਾ ਅਨੁਸਾਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।