Uncategorized
ਕਿਰਨਜੋਤ ਦਾ ਬਿਆਨ – ਅਧੂਰਾ ਗਿਆਨ: ਸਿੱਖਾਂ ਦੇ ਕਾਤਲਾਂ ਨੂੰ ਇਨਾਮ ਦੇਣ ਵਾਲੇ ਨੂੰ ਮੁਆਫ ਕਿਵੇਂ ਕਰੀਏ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਰਾਹੁਲ ਗਾਂਧੀ ਬਾਰੇ ਦਿੱਤਾ ਗਿਆ ਬਿਆਨ ਕਿ ਉਸਨੂੰ ਦਰਬਾਰ ਸਾਹਿਬ ਉੱਪਰ ਹਮਲੇ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਹ ਉਦੋਂ ਬੱਚਾ ਸੀ — ਉਨ੍ਹਾਂ ਨੇ ਕਿਹਾ ਹੈ,” ਮੈਂ ਇੱਕ ਗੱਲ ਕਰਨ ਜਾ ਰਹੀ ਹਾਂ ਜੋ ਬੜੇ ਲੋਕਾਂ ਨੂੰ ਚੰਗੀ ਨਹੀਂ ਲੱਗਣੀ ਪਰ ਮੈਂ ਕਹਿ ਰਹੀ ਹਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਪਰ ਹਮਲਾ ਕੀਤਾ – ਸਿੱਖ ਕੌਮ ਨੇ ਉਸਨੂੰ ਮੁਆਫ ਨਹੀ ਕੀਤਾ ਹਿਸਾਬ ਬਰਾਬਰ ਪਰ ਦਾਦੀ ਦੇ ਗੁਨਾਹ ਲਈ ਪੋਤੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਰਾਹੁਲ ਗਾਂਧੀ ਕਈ ਵਾਰੀ ਇੱਕ ਨਿਮਾਣੇ ਵਿਅਕਤੀ ਵਾਂਗ ਦਰਬਾਰ ਸਾਹਿਬ ਆਇਆ ਹੈ ਤੇ ਉਸ ਨੇ ਕਦੇ ਸਿੱਖਾਂ ਖਿਲਾਫ ਕੋਈ ਬਿਆਨ ਨਹੀਂ ਦਿੱਤਾ।” ਬੀਬੀ ਜੀ ਜਿਵੇਂ ਤੁਸੀਂ ਕਿਹਾ ਹੈ ਕਿ ਮੇਰੀ ਗੱਲ ਬੜੇ ਲੋਕਾਂ ਨੂੰ ਚੰਗੀ ਨਹੀਂ ਲੱਗਣੀ ਬਿਲਕੁੱਲ ਮੈਨੂੰ ਵੀ ਚੰਗੀ ਨਹੀਂ ਲੱਗੀ। ਦਰਬਾਰ ਸਾਹਿਬ ਉੱਪਰ ਹਮਲੇ ਸਮੇਂ ਤਾਂ ਰਾਹੁਲ ਗਾਂਧੀ ਬੱਚਾ ਸੀ ਅਸੀਂ ਉਸ ਲਈ ਉਸਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਬਿਲਕੁੱਲ ਸਹੀ ਗੱਲ ਹੈ ਪਰ ਜਦੋਂ ਰਾਹੁਲ ਜਵਾਨ ਹੋਇਆ ਕੇਂਦਰ ਵਿੱਚ ਜਦੋਂ ਦੋ ਵਾਰ ਸਰਕਾਰ ਬਣੀ ਤਾਂ ਰਾਹੁਲ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਇ ਇਨਾਮ ਵਜੋਂ ਉੱਚੇ ਅਹੁਦੇ ਦਿੱਤੇ। ਬੀਬੀ ਦਾ ਇਹ ਬਿਆਨ ਇੱਕ ਤਰਫਾ ਅਤੇ ਅਧੂਰੇ ਗਿਆਨ ਦੇ ਕਾਰਨ ਦਿੱਤਾ ਗਿਆ ਹੈ। ਸੱਚਾਈ ਇਹ ਹੈ ਕਿ ਰਾਹੁਲ ਗਾਂਧੀ ਨਾਂ ਸਿਰਫ਼ 1984 ਦੀ ਹਿੰਸਾ ਤੋਂ ਬਾਅਦ ਆਈ ਕਾਂਗਰਸੀ ਚੁੱਪੀ ਦਾ ਹਿੱਸਾ ਰਿਹਾ, ਬਲਕਿ ਉਸਨੇ ਆਪਣੀ ਅਗਵਾਈ ਵਿੱਚ ਉਹਨਾਂ ਲੋਕਾਂ ਨੂੰ ਉੱਚੇ ਅਹੁਦਿਆਂ ‘ਤੇ ਬਿਠਾਇਆ ਜਿਨ੍ਹਾਂ ਉੱਤੇ ਸਿੱਖ ਨਸਲਕੁਸ਼ੀ ਦੇ ਗੰਭੀਰ ਦੋਸ਼ ਸਾਬਤ ਹੋਏ ਹਨ।
ਜਦੋਂ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਉਸ ਵੇਲੇ ਕਾਂਗਰਸ ਦੀ ਅਸਲ ਸਿਆਸੀ ਕਮਾਂਡ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਕੋਲ ਸੀ। ਮਨਮੋਹਨ ਸਿੰਘ ਇੱਕ ਬਿਨਾਂ ਸ਼ਕਤੀਆਂ ਵਾਲੇ ਪ੍ਰਧਾਨ ਮੰਤਰੀ ਵਜੋਂ ਜਾਣੇ ਜਾਂਦੇ ਸਨ, ਜਿਨ੍ਹਾਂ ਦੀ ਨੀਤੀ ਪੱਧਰ ‘ਤੇ ਅਤੇ ਅਹਿਮ ਫ਼ੈਸਲੇ ਲੈਣ ਤੱਕ ਕੋਈ ਪਹੁੰਚ ਨਹੀਂ ਸੀ। ਇਸ ਰਾਹੁਲ ਗਾਂਧੀ ਨੇ ਉਸੇ ਸਮੇਂ ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ — ਜੋ 1984 ਦੀ ਹਿੰਸਾ ਦੌਰਾਨ ਸਿੱਧਾ ਸ਼ਾਮਿਲ ਰਹੇ ਸਨ ਉਨ੍ਹਾਂ ਨੂੰ ਨਾ ਸਿਰਫ਼ ਬਚਾਇਆ, ਸਗੋਂ ਉਨ੍ਹਾਂ ਨੂੰ ਵੱਡੀਆਂ ਕੁਰਸੀਆਂ ਦੇ ਕੇ ਨਿਵਾਜ਼ਿਆ ਸੀ। ਇਹ ਓਹੀ ਦੋਸ਼ੀ ਹਨ ਜਿਨ੍ਹਾਂ ਦੇ ਨਾਮ ‘ਤੇ ਕਤਲੇਆਮ ਦੀ ਲਹਿਰ ਚੱਲੀ ਅਤੇ ਸੈਂਕੜੇ ਸਿੱਖਾਂ ਦੇ ਘਰ ਸੁੰਨੇ ਹੋ ਗਏ।
ਇਹ ਸਾਰੀ ਸਿਆਸੀ ਰਣਨੀਤੀ ਰਾਹੁਲ ਗਾਂਧੀ ਅਤੇ ਉਸ ਦੀ ਮਾਂ ਸੋਨੀਆ ਗਾਂਧੀ ਦੀ ਅਗਵਾਈ ਹੇਠ ਚੱਲੀ। ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਥਾਂ ਉਨ੍ਹਾਂ ਨੂੰ ਇਨਾਮ ਦਿੱਤਾ ਗਿਆ। ਇਹ ਗੱਲ ਸਿੱਖ ਕੌਮ ਦੇ ਮਨ ਵਿੱਚ ਗ਼ੁੱਸਾ ਭਰਦੀ ਰਹੀ ਹੈ ਅਤੇ ਇਹ ਗੁੱਸਾ ਹਮੇਸ਼ਾਂ ਰਹੇਗਾ। ਰਾਹੁਲ ਗਾਂਧੀ ਸਿੱਧਾ ਨਾਂ ਸਹੀ ਪਰ ਅਪ੍ਰਤੱਖ ਰੂਪ ਵਿੱਚ ਨਾਲ ਸਿੱਖ ਵਿਰੋਧੀ ਰਾਜਨੀਤੀ ਨੂੰ ਉਤਸ਼ਾਹਿਤ ਕਰਦਾ ਰਿਹਾ।
ਇਸ ਸਬੰਧ ਵਿੱਚ ਬੀਬੀ ਕਿਰਨਜੋਤ ਕੌਰ ਵੱਲੋਂ ਰਾਹੁਲ ਲਈ ਦਿੱਤਾ ਗਿਆ ਹਮਦਰਦੀ ਭਰਿਆ ਬਿਆਨ ਜਾਂ ਤਾਂ ਅਸਲ ਜਾਣਕਾਰੀ ਦੀ ਕਮੀ ਨੂੰ ਦਰਸਾਉਂਦਾ ਹੈ ਜਾਂ ਫਿਰ ਕਿਸੇ ਨਵੀਂ ਰਾਜਨੀਤਿਕ ਲਾਈਨ ਨਾਲ ਨਜ਼ਦੀਕੀ ਦੀ ਭਾਵਨਾ ਨੂੰ। ਹੋ ਸਕਦਾ ਹੈ ਕਿ ਬੀਬੀ ਕਿਰਨਜੋਤ ਕੌਰ ਨੂੰ ਲੱਗ ਰਿਹਾ ਹੋਵੇ ਕਿ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ ਤੇ ਬੀਬੀ ਕੋਈ ਵੱਡਾ ਸਿਆਸੀ ਲਾਭ ਲੈਣ ਦੀ ਸੋਚ ਨਾਲ ਰਾਹੁਲ ਗਾਂਧੀ ਨਾਲ ਹਮਦਰਦੀ ਜਤਾ ਰਹੀ ਹੋਵੇ।ਜੇਕਰ ਕੋਈ ਸਿੱਖ ਆਗੂ ਅਤੇ ਉਹ ਵੀ SGPC ਨਾਲ ਸੰਬੰਧਤ ਵਿਅਕਤੀ 1984 ਦੇ ਦੋਸ਼ੀਆਂ ਨੂੰ ਬਚਾਉਣ ਵਾਲੀ ਲੀਡਰਸ਼ਿਪ ਲਈ ਹਮਦਰਦੀ ਜਤਾਉਂਦਾ ਹੈ, ਤਾਂ ਇਹ ਨਾ ਸਿਰਫ਼ ਤਰਕ ਵਿਹੀਣ ਹੈ, ਸਗੋਂ ਸ਼ਹੀਦਾਂ ਦੀ ਤੌਹੀਨ ਵੀ ਹੈ।
ਸਿੱਖ ਕੌਮ ਨੇ 1984 ਦੀ ਦਹਿਸ਼ਤ ਨੂੰ ਨਾ ਭੁੱਲਿਆ ਹੈ, ਨਾ ਕਦੇ ਮੁਆਫ ਕੀਤਾ ਹੈ — ਨਾ ਇੰਦਰਾ ਨੂੰ, ਨਾ ਰਾਜੀਵ ਅਤੇ ਨਾ ਹੀ ਰਾਹੁਲ ਗਾਂਧੀ ਨੂੰ। ਰਾਹੁਲ ਗਾਂਧੀ ਦਾ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਨਾ ਕੇਵਲ ਸਜ਼ਾਵਾਂ ਤੋਂ ਬਚਾਉਣਾ ਸਗੋਂ ਉਨ੍ਹਾਂ ਨੂੰ ਮੰਤਰਾਲੇ ਦੇ ਨੇ ਨਿਵਾਜਣਾ ਬੀਬੀ ਕਿਰਨਜੋਤ ਤੁਹਾਨੂੰ ਯਾਦ ਨਹੀਂ ਜਾਂ ਫਿਰ ਸਿਆਸੀ ਲਾਲਚ ਵਿੱਚ ਆ ਕੇ ਤੁਹਾਨੂੰ ਦਿੱਲੀ ਦੇ ਸਿੱਖਾਂ ਦੇ ਕਾਤਲਾਂ ਦੇ ਸਰਪ੍ਰਸਤ ਨਾਲ ਹਮਦਰਦੀ ਪੈਦਾ ਹੋ ਰਹੀ ਹੈ । ਸਿੱਖਾਂ ਨੂੰ ਕਾਂਗਰਸ ਦੇ ਸ਼ਾਸਨ ਕਾਲ ਵਿੱਚ ਇਨਸਾਫ ਤਾਂ ਮਿਲਿਆ ਨਹੀਂ, ਇਸਦੇ ਉਲਟ ਦੋਸ਼ੀਆਂ ਨੂੰ ਇਨਾਮ ਮਿਲਣ ਨੇ ਸਿੱਖਾਂ ਦੇ ਦਰਦ ਨੂੰ ਹੋਰ ਗਹਿਰਾ ਕੀਤਾ ਹੈ। ਅਜਿਹੇ ਵਿੱਚ ਰਾਹੁਲ ਲਈ “ਮਾਫੀਯੋਗ” ਕਹਿ ਦੇਣਾ, ਇਤਿਹਾਸ ਨੂੰ ਧੋਖਾ ਦੇਣ ਦੇ ਬਰਾਬਰ ਹੈ ਅਤੇ 1984 ਦੇ ਸਿੱਖ ਸ਼ਹੀਦਾਂ ਦਾ ਅਪਮਾਨ ਕਰਨ ਦੇ ਤੁਲ ਹੈ।

