National
ਕਾਨਪੁਰ ‘ਚ 800 ਤੋਂ ਵੱਧ ਕੱਪੜੇ ਦੀਆਂ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, 6 ਕੰਪਲੈਕਸ ਸੜ ਕੇ ਹੋਏ ਸਵਾਹ
ਕਾਨਪੁਰ ਦੇ ਬਾਂਸਮੰਡੀ ‘ਚ ਸਥਿਤ ਏਆਰ ਟਾਵਰ ‘ਚ ਸ਼ਾਰਟ ਸਰਕਟ ਕਾਰਨ ਦੁਪਹਿਰ 1.30 ਵਜੇ ਭਿਆਨਕ ਅੱਗ ਲੱਗ ਗਈ। ਅੱਗ ਨਾਲ ਕਰੀਬ 800 ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਜਿਸ ਕਾਰਨ ਅਰਬਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੂਰਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਆਰਮੀ, ਏਅਰ ਫੋਰਸ, ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਚਾਰਜ ਸੰਭਾਲ ਲਿਆ ਹੈ। ਕਾਨਪੁਰ, ਉਨਾਵ, ਲਖਨਊ ਸਮੇਤ ਕਈ ਨੇੜਲੇ ਜ਼ਿਲ੍ਹਿਆਂ ਤੋਂ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਥੋਕ ਮੰਡੀ ਵਿੱਚ ਲੱਗੀ ਅੱਗ 9 ਘੰਟੇ ਬਾਅਦ ਵੀ ਬੁਝਾਈ ਨਹੀਂ ਜਾ ਸਕੀ। ਕੰਪਲੈਕਸ ‘ਚ ਰੁਕੇ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਸਾਹਮਣੇ ਆਈ ਹੈ।
ਅੱਗ ਸਭ ਤੋਂ ਪਹਿਲਾਂ ਏਆਰ ਟਾਵਰ ਵਿੱਚ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਲੱਗੀ। ਤੇਜ਼ ਹਵਾਵਾਂ ਕਾਰਨ ਅੱਗ ਨੇ ਪਲਾਂ ਵਿੱਚ ਹੀ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਪੂਰਾ ਤਿੰਨ ਮੰਜ਼ਿਲਾ ਟਾਵਰ ਬਲਣ ਲੱਗਾ। ਅੱਗ ਫਿਰ ਹਮਰਾਜ ਕੰਪਲੈਕਸ, ਨਫੀਸ ਟਾਵਰ, ਅਰਜੁਨ ਕੰਪਲੈਕਸ, ਮਸੂਦ ਕੰਪਲੈਕਸ-1 ਅਤੇ ਮਸੂਦ ਕੰਪਲੈਕਸ-2 ਤੱਕ ਫੈਲ ਗਈ। ਇਨ੍ਹਾਂ 6 ਕੰਪਲੈਕਸਾਂ ਤੋਂ ਅਜੇ ਵੀ ਅੱਗ ਦੀਆਂ ਲਪਟਾਂ ਅਤੇ ਧੂੰਆਂ ਉੱਠ ਰਿਹਾ ਹੈ।