International
ਨਿਊਜ਼ੀਲੈਂਡ ਨੂੰ ਹਰਾ ਵਿਸ਼ਵ ਚੈਂਪੀਅਨ ਬਣਿਆ ਭਾਰਤ, ਜਿੱਤਿਆ T20 ਵਿਸ਼ਵ ਕੱਪ ਦਾ ਖਿਤਾਬ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਏ ICC ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਮੈਚ ’ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਅਤੇ ਟੀ-20 ਵਿਸ਼ਵ ਕੱਪ ਆਪਣੇ ਨਾਮ ਕਰ ਲਿਆ। ਦੱਸ ਦੇਈਏ ਕਿ ਭਾਰਤ ਨੇ ਤੀਜੀ ਵਾਰ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਟੀਮ ਇੰਡੀਆ ਨੇ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਭਾਰਤ ਟੀ-20 ਵਿਸ਼ਵ ਕੱਪ ਟਰਾਫੀ ਨੂੰ ਡਿਫੈਂਡ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਅਹਿਮਦਾਬਾਦ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 255 ਦੌੜਾਂ ਬਣਾਈਆਂ, ਜਦੋਂ ਕਿ ਕੀਵੀ ਟੀਮ ਜਵਾਬ ਵਿੱਚ ਸਿਰਫ਼ 159 ਦੌੜਾਂ ਹੀ ਬਣਾ ਸਕੀ।
ਦੱਸਣਯੋਗ ਹੈ ਕਿ ਵੈਸਟਇੰਡੀਜ਼ ਅਤੇ ਇੰਗਲੈਂਡ ਨੇ ਦੋ-ਦੋ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ, ਭਾਰਤ ਤਿੰਨ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਟੀਮ ਇੰਡੀਆ ਨੇ 2007, 2024 ਅਤੇ ਹੁਣ 2026 ਵਿੱਚ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ, ਕਿਸੇ ਵੀ ਟੀਮ ਨੇ ਲਗਾਤਾਰ ਦੋ ਵਾਰ ਟੀ-20 ਵਿਸ਼ਵ ਕੱਪ ਨਹੀਂ ਜਿੱਤਿਆ ਸੀ। ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਵੀ ਬਣ ਗਿਆ ਹੈ।
ਇੱਥੇ ਦੱਸ ਦੇਈਏ ਕਿ ਟਾਸ ਹਾਰਨ ਤੋਂ ਬਾਅਦ, ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਆਈ। ਸੰਜੂ ਸੈਮਸਨ, ਈਸ਼ਾਨ ਕਿਸ਼ਨ ਅਤੇ ਅਭਿਸ਼ੇਕ ਸ਼ਰਮਾ ਨੇ ਧਮਾਕੇਦਾਰ ਅਰਧ ਸੈਂਕੜੇ ਲਗਾਏ। ਸੈਮਸਨ ਨੇ 89 ਦੌੜਾਂ ਬਣਾਈਆਂ, ਜੋ ਇਸ ਵਿਸ਼ਵ ਕੱਪ ਵਿੱਚ ਉਸਦਾ ਲਗਾਤਾਰ ਤੀਜਾ ਅਰਧ ਸੈਂਕੜਾ ਹੈ। ਅਭਿਸ਼ੇਕ ਸ਼ਰਮਾ ਨੇ 21 ਗੇਂਦਾਂ ਵਿੱਚ 52 ਦੌੜਾਂ ਬਣਾਈਆਂ, ਜਿਸ ਵਿੱਚ 18 ਗੇਂਦਾਂ ਵਿੱਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਸੀ। ਈਸ਼ਾਨ ਕਿਸ਼ਨ ਨੇ ਵੀ 25 ਗੇਂਦਾਂ ਵਿੱਚ 54 ਦੌੜਾਂ ਦਾ ਯੋਗਦਾਨ ਪਾਇਆ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 255 ਦੌੜਾਂ ਬਣਾਈਆਂ। ਇਹ ਟੀ-20 ਵਿਸ਼ਵ ਕੱਪ ਫਾਈਨਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਸੀ। ਪਿਛਲਾ ਰਿਕਾਰਡ ਵੀ ਭਾਰਤ ਦੇ ਨਾਮ ਸੀ, ਜਿਸਨੇ 2024 ਵਿਸ਼ਵ ਕੱਪ ਫਾਈਨਲ ਵਿੱਚ 176 ਦੌੜਾਂ ਬਣਾਈਆਂ ਸਨ। ਹੁਣ, ਟੀਮ ਇੰਡੀਆ ਨੇ 255 ਦੌੜਾਂ ਬਣਾ ਕੇ ਆਪਣਾ ਰਿਕਾਰਡ ਸੁਧਾਰਿਆ। ਉਧਰ ਦੂਜੇ ਪਾਸੇ 256 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਨਿਊਜ਼ੀਲੈਂਡ ਕਦੇ ਵੀ ਜਿੱਤ ਦੀ ਦੌੜ ਵਿੱਚ ਨਹੀਂ ਸੀ। ਟਿਮ ਸੀਫਰਟ ਦੀਆਂ 52 ਅਤੇ ਕਪਤਾਨ ਮਿਸ਼ੇਲ ਸੈਂਟਨਰ ਦੀਆਂ 43 ਦੌੜਾਂ ਤੋਂ ਇਲਾਵਾ, ਕੋਈ ਹੋਰ ਕੀਵੀ ਬੱਲੇਬਾਜ਼ ਪ੍ਰਭਾਵਸ਼ਾਲੀ ਪਾਰੀ ਨਹੀਂ ਖੇਡ ਸਕਿਆ।
