National
ਜੰਮੂ-ਕਸ਼ਮੀਰ: LOC ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਇਕ ਅੱਤਵਾਦੀ ਕੀਤਾ ਢੇਰ, ਦੂਜਾ ਜ਼ਖਮੀ
ਪੁੰਛ 7 AUGUST 2023: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐਲਓਸੀ) ਦੀ ਰਾਖੀ ਕਰ ਰਹੇ ਫ਼ੌਜ ਦੇ ਜਵਾਨਾਂ ਨੇ ਐਤਵਾਰ ਦੇਰ ਰਾਤ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਿਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਦੇਗਵਾਰ ਸੈਕਟਰ ‘ਚ ਚੌਕਸ ਜਵਾਨਾਂ ਨੇ ਕੁਝ ਅੱਤਵਾਦੀਆਂ ਨੂੰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸਰਹੱਦ ਪਾਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਤਾਂ ਮੁਕਾਬਲਾ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਇਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ ਪਰ ਉਸ ਦੀ ਲਾਸ਼ ਮੌਕੇ ਤੋਂ ਬਰਾਮਦ ਹੋਣੀ ਬਾਕੀ ਹੈ। ਜੰਮੂ ‘ਚ ਰੱਖਿਆ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਸੁਨੀਲ ਬਾਰਟਵਾਲ ਨੇ ਦੱਸਿਆ ਕਿ ਜਵਾਨਾਂ ਨੇ ਤੜਕੇ 2 ਵਜੇ ਦੇ ਕਰੀਬ ਗੜ੍ਹੀ ਬਟਾਲੀਅਨ ਖੇਤਰ ‘ਚ ਅੱਤਵਾਦੀਆਂ ਦੀ ਹਰਕਤ ਵੇਖੀ।
“ਦੋ ਵਿਅਕਤੀਆਂ ਨੂੰ ਦੇਗਵਾਰ ਟੇਰਵਾ ਵਿੱਚ ਐਲਓਸੀ ਦੇ ਪਾਰ ਦੇਖਿਆ ਗਿਆ। ਇਸ ਤੋਂ ਬਾਅਦ ਮੁੱਠਭੇੜ ‘ਚ ਇਕ ਅੱਤਵਾਦੀ ਨੂੰ ਢਹਿ-ਢੇਰੀ ਹੁੰਦੇ ਦੇਖਿਆ ਗਿਆ ਜਦਕਿ ਦੂਜੇ ਅੱਤਵਾਦੀ ਨੂੰ ਪਿੰਟੂ ਨਾਲੇ ਵੱਲ ਵਧਦੇ ਦੇਖਿਆ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਇਸੇ ਤਰ੍ਹਾਂ ਕਸ਼ਮੀਰ ਜ਼ੋਨ ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਤੰਗਧਾਰ ਸੈਕਟਰ ‘ਚ ਭਾਰਤੀ ਫੌਜ ਅਤੇ ਕੁਪਵਾੜਾ ਪੁਲਸ ਦੀ ਸਾਂਝੀ ਕਾਰਵਾਈ ‘ਚ ਇਕ ਅੱਤਵਾਦੀ ਮਾਰਿਆ ਗਿਆ। ਪੁਲਸ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਕਰਦੇ ਹੋਏ ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ। ਕਸ਼ਮੀਰ ਜ਼ੋਨ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ, “ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਫੌਜ ਅਤੇ ਕੁਪਵਾੜਾ ਪੁਲਿਸ ਨੇ ਤੰਗਧਾਰ ਸੈਕਟਰ ਦੇ ਅਮਰੋਹੀ ਖੇਤਰ ਵਿੱਚ ਐਲਓਸੀ ਦੇ ਨਾਲ ਇੱਕ ਅੱਤਵਾਦੀ ਨੂੰ ਬੇਅਸਰ ਕਰਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।” ਇਤਰਾਜਯੋਗ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।