National
ਪੰਜਾਬ ‘ਚ ‘ਐਮਰਜੈਂਸੀ’ ਨਾ ਰਿਲੀਜ਼ ਹੋਣ ‘ਤੇ ਬੋਲੀ ਕੰਗਨਾ ਰਣੌਤ
17 ਜਨਵਰੀ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਸੀ ਪਰ ਇਸ ਦੇ ਵਿਵਾਦ ਹਾਲੇ ਵੀ ਰੁਕ ਨਹੀਂ ਰਹੇ ਹਨ। ਬੰਗਲਾਦੇਸ਼ ‘ਚ ਜਿੱਥੇ ‘ਐਮਰਜੈਂਸੀ’ ‘ਤੇ ਪਾਬੰਦੀ ਲੱਗੀ ਹੋਈ ਹੈ, ਉਥੇ ਦੇਸ਼ ‘ਚ ਵੀ ਇਸ ਦਾ ਵਿਰੋਧ ਕਰਨ ਵਾਲੇ ਲੋਕ ਘੱਟ ਨਹੀਂ ਹਨ। ਪੰਜਾਬ ‘ਚ ਵੱਡੀ ਤਾਦਾਦ ‘ਚ ਇੱਕਠੇ ਹੋਏ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਹੁਣ ਸੂਬੇ ‘ਚ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ਹੈ।
ਹੁਣ ਹਾਲ ਹੀ ਦੌਰਾਨ ਕੰਗਨਾ ਰਣੌਤ ਨੇ ਇੱਕ ਵੀਡੀਓ ਸਾਂਝੀ ਕਰਕੇ ਫ਼ਿਲਮ ਨਾ ਲੱਗਣ ‘ਤੇ ਆਪਣੀ ਭਾਵਨਾ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ, ”ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਸਾਡੀ ਫ਼ਿਲਮ ਨੂੰ ਇੰਨਾ ਪਿਆਰ ਦਿੱਤਾ ਅਤੇ ਸਨਮਾਨ ਦਿੱਤਾ। ਸਾਡੇ ਕੋਲ ਸ਼ਬਦ ਨਹੀਂ ਹਨ ਇਸ ਨੂੰ ਵਿਅਕਤ ਕਰਨ ਲਈ ਪਰ ਮੇਰੇ ਦਿਲ ‘ਚ ਅਜੇ ਵੀ ਦਰਦ ਹੈ, ਪੰਜਾਬ…ਇੰਡਸਟਰੀ ‘ਚ ਕਿਹਾ ਜਾਂਦਾ ਸੀ ਕਿ ਪੰਜਾਬ ‘ਚ ਮੇਰੀਆਂ ਫ਼ਿਲਮਾਂ ਸਭ ਤੋਂ ਚੰਗਾ ਪਰਫਾਰਮ ਕਰਦੀਆਂ ਹਨ ਅਤੇ ਅੱਜ ਇੱਕ ਦਿਨ ਹੈ, ਜਦੋਂ ਪੰਜਾਬ ‘ਚ ਮੇਰੀ ਫ਼ਿਲਮ ਨੂੰ ਰਿਲੀਜ਼ ਹੀ ਨਹੀਂ ਹੋਣ ਦਿੱਤਾ ਗਿਆ ਹੈ। ਇਸ ਤਰ੍ਹਾਂ ਦੇ ਹਮਲੇ ਕੈਨੇਡਾ ‘ਚ ਵੀ ਕੀਤੇ ਗਏ ਹਨ, ਕੁੱਝ ਚੋਣਵੇਂ ਲੋਕਾਂ ਨੇ ਅੱਗ ਲਾਈ ਹੋਈ ਹੈ ਅਤੇ ਇਸ ਅੱਗ ‘ਚ ਮੈਂ ਅਤੇ ਤੁਸੀਂ ਜਲ ਰਹੇ ਹਾਂ।” ਅਦਾਕਾਰਾ ਨੇ ਅੱਗੇ ਕਿਹਾ, ”ਦੋਸਤੋ, ਮੇਰੀ ਫ਼ਿਲਮ, ਮੇਰੇ ਵਿਚਾਰ ਅਤੇ ਮੇਰਾ ਦੇਸ਼ ਪ੍ਰਤੀ ਕੀ ਪਿਆਰ ਹੈ, ਉਹ ਇਸ ਫ਼ਿਲਮ ‘ਚ ਪ੍ਰਦਰਸ਼ਿਤ ਹੁੰਦਾ ਹੈ। ਤੁਸੀਂ ਇਹ ਫ਼ਿਲਮ ਖੁਦ ਦੇਖ ਕੇ ਫੈਸਲਾ ਕਰੋ ਕਿ ਇਹ ਫ਼ਿਲਮ ਜੋੜਦੀ ਹੈ ਜਾਂ ਤੋੜਦੀ ਹੈ। ਮੈਂ ਬਸ ਹੋਰ ਨਹੀਂ ਕਹਾਂਗੀ।”
ਪੰਜਾਬ ‘ਚ ‘ਐਮਰਜੈਂਸੀ’ ਬੈਨ ਹੋਣ ਦਾ ਕਾਰਨ?
ਦਰਅਸਲ ਪੰਜਾਬ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। SGPC ਨੇ ਫ਼ਿਲਮ ‘ਤੇ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਅਤੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਪੱਤਰ ‘ਚ ਲਿਖਿਆ, ‘ਫ਼ਿਲਮ ‘ਐਮਰਜੈਂਸੀ’ ਨੂੰ ਪੰਜਾਬ ‘ਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇ, ਕਿਉਂਕਿ ਇਹ ਸਿੱਖਾਂ ਨੂੰ ਸਿਆਸੀ ਤੌਰ ’ਤੇ ਬਦਨਾਮ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ।” ਪ੍ਰਸਤਾਵ ‘ਚ ਮੰਗ ਕੀਤੀ ਗਈ ਕਿ ਸੂਬਾ ਸਰਕਾਰ ਫ਼ਿਲਮ ਨੂੰ ਪੰਜਾਬ ‘ਚ ਰਿਲੀਜ਼ ਹੋਣ ਤੋਂ ਰੋਕੇ। ਇਸ ਤੋਂ ਇਲਾਵਾ ਫ਼ਿਲਮ ‘ਐਮਰਜੈਂਸੀ’ ਖ਼ਿਲਾਫ਼ ਵੀਰਵਾਰ ਨੂੰ ਅੰਮ੍ਰਿਤਸਰ ‘ਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੰਮ੍ਰਿਤਸਰ ਡੀਸੀ ਦਫ਼ਤਰ ਪਹੁੰਚ ਕੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਅਤੇ ਹੁਣ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਗਾ ਦਿੱਤੀ ਗਈ ਹੈ।