Punjab
ਕਿਸਾਨ ਅੰਦੋਲਨ : ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਪਾਈ ਝਾੜ , ਅਖ਼ਬਾਰਾਂ ਦੀਆਂ ਖ਼ਬਰਾਂ ’ਤੇ ਆਧਾਰਿਤ ਪਟੀਸ਼ਨ ਦਾਇਰ ਕਰਨ ਤੋਂ ਬਚਣ
4 ਮਾਰਚ 2024: ਸੁਪਰੀਮ ਕੋਰਟ ਨੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੇ ਮੁੱਦਿਆਂ ਨੂੰ ਗੰਭੀਰ ਕਰਾਰ ਦਿੰਦੇ ਹੋਏ ਸੋਮਵਾਰ ਨੂੰ ਇਕ ਪਟੀਸ਼ਨਕਰਤਾ ਨੂੰ ਕਿਹਾ ਕਿ ਉਹ ਸਿਰਫ਼ ਪਬਲੀਸਿਟੀ ਸਟੰਟ ਲਈ ਅਖ਼ਬਾਰਾਂ ਦੀਆਂ ਖ਼ਬਰਾਂ ’ਤੇ ਆਧਾਰਿਤ ਪਟੀਸ਼ਨ ਦਾਇਰ ਕਰਨ ਤੋਂ ਬਚਣ। ਇਹ ਬਹੁਤ ਗੁੰਝਲਦਾਰ ਮੁੱਦਾ ਹੈ|
ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਸਿੱਖ ਚੈਂਬਰ ਆਫ਼ ਕਾਮਰਸ ਦੇ ਮੈਨੇਜਿੰਗ ਡਾਇਰੈਕਟਰ, ਪਟੀਸ਼ਨਰ ਅਗਨੋਸਟੋਸ ਥੀਓਸ ਨੂੰ ਅਪਣੀ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ| ਜਿਸ ’ਚ ਕੇਂਦਰ ਅਤੇ ਕੁਝ ਸੂਬਿਆਂ ਵਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਸੁਣਵਾਈ ਦੀ ਸ਼ੁਰੂਆਤ ’ਚ ਥੀਓਸ ਦੇ ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਬੇਨਤੀ ਕੀਤੀ, ਜਿਸ ਨੇ ਕਿਹਾ ਕਿ ਉਹ ਪਟੀਸ਼ਨ ’ਚ ਸੋਧ ਕਰਨਾ ਚਾਹੁੰਦੇ ਹਨ।
ਜਸਟਿਸ ਕਾਂਤ ਨੇ ਵਕੀਲ ਨੂੰ ਕਿਹਾ, ‘‘ਇਹ ਬਹੁਤ ਗੰਭੀਰ ਮੁੱਦੇ ਹਨ। ਸਿਰਫ਼ ਪ੍ਰਚਾਰ ਲਈ ਅਖ਼ਬਾਰਾਂ ਦੀਆਂ ਖ਼ਬਰਾਂ ਦੇ ਆਧਾਰ ’ਤੇ ਅਜਿਹੀਆਂ ਪਟੀਸ਼ਨਾਂ ਦਾਇਰ ਨਾ ਕਰਨ। ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਇਹ ਪਟੀਸ਼ਨਾਂ ਦਾਇਰ ਕਰਨੀਆਂ ਚਾਹੀਦੀਆਂ ਹਨ ਜੋ ਗੰਭੀਰ ਅਤੇ ਪ੍ਰਤੀਬੱਧ ਹਨ। ਜੇਕਰ ਤੁਸੀਂ ਅਖਬਾਰਾਂ ਦੀਆਂ ਰਿਪੋਰਟਾਂ ਦੇਖੀਆਂ ਹਨ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਈ ਕੋਰਟ ਇਸ ਮਾਮਲੇ ਤੋਂ ਜਾਣੂ ਹੈ।’’
ਬੈਂਚ ਨੇ ਕਿਹਾ ਕਿ ਪਟੀਸ਼ਨਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਈ ਕੋਰਟ ਇਸ ਮੁੱਦੇ ’ਤੇ ਪਹਿਲਾਂ ਹੀ ਕੁਝ ਹੁਕਮ ਪਾਸ ਕਰ ਚੁੱਕੀ ਹੈ। ਬੈਂਚ ਨੇ ਵਕੀਲ ਨੂੰ ਕਿਹਾ, ‘‘ਅਗਲੀ ਵਾਰ ਸਾਵਧਾਨ ਰਹੋ। ਆਪਣੀ ਖੁਦ ਦੀ ਖੋਜ ਕਰੋ, ਇਹ ਗੁੰਝਲਦਾਰ ਮੁੱਦੇ ਹਨ।’’