Uncategorized
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ‘ਰੇਲ ਰੋਕੋ ਅੰਦੋਲਨ’ ਅੱਜ

ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਧਰਨੇ-ਪ੍ਰਦਰਸ਼ਨ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਯਾਨੀ ਅੱਜ ਦੁਪਹਿਰੇ 12 ਤੋਂ ਲੈ ਕੇ ਸ਼ਾਮ 4 ਵਜੇ ਤਕ ਦੇਸ਼ ਪੱਧਰੀ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਮੁਤਾਬਿਕ, ਵੀਰਵਾਰ ਨੂੰ ਦੇਸ਼ ਭਰ ‘ਚ ਹਜ਼ਾਰਾਂ ਕਿਸਾਨ ਰੇਲ ਪੱਟੜੀਆਂ ‘ਤੇ ਬੈਠਣਗੇ। ਕਿਸਾਨਾਂ ਦੀ ਯੋਜਨਾ ਪੂਰੇ ਦੇਸ਼ ਦੇ ਰੇਲ ਨੈੱਟਵਰਕ ਨੂੰ ਚਾਰ ਘੰਟੇ ਲਈ ਠੱਪ ਕਰਨ ਦੀ ਹੈ। ਰੇਲ ਰੋਕੋ ਅੰਦੋਲਨ ਸਬੰਧੀ ਰੇਲਵੇ ਵੀ ਅਲਰਟ ਹੈ। ਜੀਆਰਪੀ ਤੇ ਆਰਪੀਐੱਫ ਦੇ ਜਵਾਨਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜਿੱਥੇ-ਜਿੱਥੇ ਅੰਦੋਲਨ ਦਾ ਜ਼ਿਆਦਾ ਅਸਰ ਪੈਣ ਦੀ ਸੰਭਾਵਨਾ ਹੈ, ਉੱਥੇ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ। ਰੇਲਵੇ ਨੇ ਆਰਪੀਐੱਸਐੱਫ ਦੀਆਂ 20 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ। ਇਹ ਕੰਪਨੀਆਂ ਪੰਜਾਬ, ਹਰਿਆਣਾ, ਯੂਪੀ ਤੇ ਪੱਛਮੀ ਬੰਗਾਲ ‘ਚ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨਗੀਆਂ।
ਸਰਕਾਰ ‘ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੈ। ਜੈ ਕਿਸਾਨ ਅੰਦੋਲਨ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਜਿਸ ਵੇਲੇ ਟ੍ਰੈਫਿਕ ਸਭ ਤੋਂ ਘੱਟ ਹੁੰਦੀ ਹੈ, ਉਸ ਵੇਲੇ ਅਸੀਂ ਸੜਕ ਜਾਮ ਕੀਤੀ ਤੇ ਇਸੇ ਤਰ੍ਹਾਂ ਦਿਨ ਵਿਚ ਟ੍ਰੇਨਾਂ ਦੀ ਟ੍ਰੈਫਿਕ ਵੀ ਘੱਟ ਹੁੰਦੀ ਹੈ ਕਿਉਂਕਿ ਲੰਬੀ ਦੂਰੀ ਦੀਆਂ ਟ੍ਰੇਨਾਂ ਜ਼ਿਆਦਾਤਰ ਰਾਤ ਨੂੰ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੂਰਾ ਅੰਦੋਲਨ ਯੋਜਨਾ ਮੁਤਾਬਿਕ ਹੋਵੇ। ਰੇਲ ਰੋਕੋ ਅੰਦੋਲਨ ਦਾ ਮਕਸਦ ਸਰਕਾਰ ‘ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਬਾਅ ਬਣਾਉਣਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਦੇ ਵਿਚਕਾਰ ਰਸਤੇ ਟ੍ਰੇਨਾਂ ਨਹੀਂ ਰੋਕੀਆਂ ਜਾਣਗੀਆਂ। ਟਿਕੈਤ ਨੇ ਕਿਹਾ ਕਿ ਕਿਸਾਨ ਇੰਜਣ ‘ਤੇ ਫੁੱਲ ਚੜ੍ਹਾ ਕੇ ਰੇਲਾਂ ਰੋਕਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਰਸਤੇ ‘ਚ ਚਾਹ-ਨਾਸ਼ਤਾ ਵੀ ਕਰਵਾਇਆ ਜਾਵੇਗਾ।
ਰੇਲਵੇ ਦੇ ਸੰਚਾਲਨ ‘ਚ ਜੇਕਰ ਕੋਈ ਕਿਸੇ ਤਰ੍ਹਾਂ ਦਾ ਅੜਿੱਕਾ ਪਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਰੇਲਵੇ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਜੇਕਰ ਟ੍ਰੇਨ ‘ਤੇ ਕਿਸੇ ਤਰ੍ਹਾਂ ਦਾ ਸਾਮਾਨ ਸੁੱਟਿਆ ਜਾਵੇ ਜਾਂ ਪੱਟੜੀ ਨੂੰ ਨੁਕਸਾਨ ਪੁੱਜੇ ਤਾਂ ਦੋਸ਼ੀ ਨੂੰ ਰੇਲਵੇ ਐਕਟ ਦੀ ਧਾਰਾ 150 ਤਹਿਤ ਉਮਰਕੈਦ ਦਿੱਤੀ ਜਾ ਸਕਦੀ ਹੈ। ਧਾਰਾ 174 ਕਹਿੰਦੀ ਹੈ ਕਿ ਜੇਕਰ ਟ੍ਰੈਕ ‘ਤੇ ਬੈਠ ਕੇ ਜਾਂ ਕੁਝ ਰੱਖ ਕੇ ਟ੍ਰੇਨ ਰੋਕੀ ਜਾਂਦੀ ਹੈ ਤਾਂ ਦੋ ਸਾਲ ਦੀ ਜੇਲ੍ਹ ਜਾਂ 2,000 ਰੁਪਏ ਦੇ ਜੁਰਮਾਨੇ ਜਾਂ ਫਿਰ ਦੋਵਾਂ ਦੀ ਸਜ਼ਾ ਹੋ ਸਕਦੀ ਹੈ। ਰੇਲਵੇ ਮੁਲਾਜ਼ਮਾਂ ਦੇ ਕੰਮ ‘ਚ ਅੜਿੱਕਾ ਪਾਉਣ ‘ਤੇ, ਰੇਲ ‘ਚ ਜ਼ਬਰਦਸਤੀ ਵੜਨ ‘ਤੇ ਧਾਰਾ 146, 147 ਤਹਿਤ ਛੇ ਮਹੀਨੇ ਦੀ ਜੇਲ੍ਹ ਜਾਂ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ।