National
ਸੁਪਨੇ ਨੂੰ ਪਿਆ ਬੂਰ ਪਰ ਮੁੰਡੇ ਨੇ ਚੁੱਕ ਲਿਆ ਖ਼ੌਫਨਾਕ ਕਦਮ
ਚਿਰਾਂ ਤੋਂ ਸੰਜੋਏ ਸੁਪਨੇ ਨੂੰ ਜਦੋਂ ਬੂਰ ਪਿਆ ਤਾਂ ਮੁੰਡੇ ਨੇ ਖੌਫਨਾਕ ਕਦਮ ਚੁੱਕਦਿਆਂ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਇਹ ਘਟਨਾ ਕਰੂਕਸ਼ੇਤਰ ਦੀ ਹੈ, ਜਿੱਥੇ ਨਰਵਾਨਾ ਬ੍ਰਾਂਚ ਨਹਿਰ ‘ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ 35 ਸਾਲਾ ਸ਼ਿੰਗਾਰਾ ਸਿੰਘ ਦੇ ਨਾਂ ਨਾਲ ਹੋਈ ਹੈ, ਜੋ ਆਟੋ ਚਲਾਉਂਦਾ ਸੀ। ਮ੍ਰਿਤਕ ਦਾ ਕੁੱਝ ਦਿਨ ਪਹਿਲਾਂ ਹੀ ਇਟਲੀ ਤੋਂ ਵੀਜ਼ਾ ਆਇਆ ਸੀ ਪਰ ਇਹ ਭਾਣਾ ਵਰਤ ਗਿਆ।
ਕੁੱਝ ਦਿਨ ਪਹਿਲਾਂ ਸ਼ਿੰਗਾਰਾ ਸਿੰਘ ਅਚਾਨਕ ਲਾਪਤਾ ਹੋ ਜਾਂਦਾ ਹੈ। ਪਰਿਵਾਰ ਵੱਲ਼ੋਂ ਭਾਲ ਕੀਤੀ ਜਾਂਦਾ ਹੈ ਪਰ ਸ਼ਿੰਗਾਰਾ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗਿਆ ਪਰ ਤਿੰਨ ਦਿਨ ਪਹਿਲਾਂ ਇਕ ਨਹਿਰ ਕੋਲੋਂ ਉਸਦਾ ਆਟੋ ਮਿਲ ਗਿਆ ਸੀ। ਇਸ ਤੋਂ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੋਣੀ ਹੈ। ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਸੀ ਜਿਨ੍ਹਾਂ ਵੱਲੋਂ ਭਾਲ ਕੀਤੀ ਗਈ ਤਾਂ ਅਖੀਰ ਸ਼ਿੰਗਾਰਾ ਸਿੰਘ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ।
ਮ੍ਰਿਤਕ ਦੇ ਵੱਡੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਸੀ ਕਿ ਉਸ ਦੇ ਭਰਾ ਨੇ ਖੁਦ ਇਟਲੀ ਜਾਣ ਲਈ ਫਾਇਲ ਲਗਾਈ ਸੀ ਅਤੇ ਕੁੱਝ ਦਿਨ ਪਹਿਲਾਂ ਉਸ ਦਾ ਵਰਕ ਪਰਮਿਟ ਵੀਜ਼ਾ ਵੀ ਆ ਗਿਆ ਸੀ ਪਰ ਵਿਦੇਸ਼ ਜਾਣ ਦੇ ਨਾਂ ਉਹ ਡਰ ਰਿਹਾ ਸੀ। ਫਿਰ ਉਸ ਨੇ ਵਿਦੇਸ਼ ਜਾਣ ਤੋਂ ਇਨਕਾਰ ਕਰ ਦਿੱਤਾ। 2-3 ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੇ ਸ਼ਿੰਗਾਰਾ ਸਿੰਘ ਨੇ ਅਖੀਰ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
ਗੋਤਾਖੋਰ ਪ੍ਰਗਟ ਸਿੰਘ ਦਾ ਕੀ ਕਹਿਣਾ ?
ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਸਨੂੰ ਜੋਤੀਸਰ ਦੇ ਕੋਲੋਂ ਨਹਿਰ ਵਿੱਚ ਇਕ ਲਾਸ਼ ਰੁੜਨ ਦੀ ਜਾਣਕਾਰੀ ਮਿਲੀ ਸੀ। ਉਹ ਤਰੁੰਤ ਮਿਰਜ਼ਾਪੁਰ ਪੁਲ ਦੇ ਕੋਲ ਆਪਣੀ ਟੀਮ ਲੈ ਕੇ ਪਹੁੰਚੇ। ਉਨ੍ਹਾਂ ਦੀ ਟੀਮ ਨੇ ਨਹਿਰ ‘ਚੋਂ ਲਾਸ਼ ਕੱਢੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਲਾਸ਼ ਪੋਸਟ ਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
(ਸਟੋਰੀ- ਇਕਬਾਲ ਕੌਰ , ਵਰਲਡ ਪੰਜਾਬੀ)