Punjab
MAJITHIA ਕਾਲੇ ਨੂੰ ਚਿੱਟਾ ਕਰਦੇ ਰਹੇ, ਸਰਕਾਰ ਦੇ ਦਾਅਵੇ ਕਿੰਨੇ ਕੂ ਸੱਚ ?
BIKRAM MAJITHIA : ਬੀਤੇ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਵਾਈ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੂੰ 540 ਕਰੋੜ ਰੁਪਏ ਨਜਾਇਜ਼ ਢੰਗ ਨਾਲ ਇਕੱਠੇ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਜਾਂ ਇੰਝ ਕਹਿ ਲਓ ਕਿ ਮਜੀਠੀਆ ਨੂੰ ਸਰੋਤਾਂ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵੱਲੋਂ ਦਰਜ਼ ਕੀਤੀ ਗਈ ਐੱਫ ਆਈ ਆਰ ਵਿੱਚ ਇਹ ਦੋਸ਼ ਹਨ ਕਿ ਬਿਕਰਮ ਮਜੀਠੀਆ ਵੱਖ ਵੱਖ ਨਾਵਾਂ ‘ਤੇ ਬਣਾਈਆਂ ਫਰਜ਼ੀ ਕੰਪਨੀਆਂ ਰਾਹੀਂ ਕਾਲੇ ਧਨ ਨੂੰ ਚਿੱਟਾ ਕਰਦੇ ਰਹੇ ਹਨ। ਮੰਤਰੀ ਹੁੰਦਿਆਂ ਉਨ੍ਹਾਂ ਨੇ ਕਈ ਨਾਵਾਂ ਹੇਠ ਕੰਪਨੀਆਂ ਵਿੱਚ ਕਾਲੇ ਧਨ ਨੂੰ ਚਿੱਟਾ ਕੀਤਾ। ਮਜੀਠੀਆ ਖਿਲਾਫ ਲਗਾਏ ਇਲਜ਼ਾਮ ਮੋਟੇ ਤੌਰ ‘ਤੇ ਇਹ ਹਨ ਕਿ ਉਨ੍ਹਾਂ ਨੇ 540 ਕਰੋੜ ਰੁਪਏ ਗ਼ਲਤ ਤਰੀਕੇ ਨਾਲ ਜੋੜੇ ਹਨ। ਉਨ੍ਹਾਂ ਦੇ ਮੰਤਰੀ ਬਣਨ ਮਗਰੋਂ ਉਨ੍ਹਾਂ ਦੀਆਂ ਜਾਇਦਾਦਾਂ ਲਗਾਤਾਰ ਵਧੀਆਂ ਹਨ। ਮਜੀਠੀਆ ਦੀ ਕੰਪਨੀ ਸਰਾਇਆ ਇੰਡਸਟਰੀਜ਼ ‘ਚ ਆਇਆ ਵੱਡੀ ਗਿਣਤੀ ਵਿੱਚ ਪੈਸਾ।ਸਰਾਇਆ ਕੰਪਨੀ ਵਿੱਚ 161 ਕਰੋੜ ਰੁਪਏ ਬੈਂਕ ਰਾਹੀਂ ਆਏ ਅਤੇ 141 ਕਰੋੜ ਰੁਪਏ ਵਿਦੇਸ਼ਾਂ ਤੋਂ ਆਏ। ਵਿਜੀਲੈਂਸ ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਵਿੱਚ ਆਏ 236 ਕਰੋੜ ਰੁਪਏ ਦਾ ਮਜੀਠੀਆ ਕੋਲ ਕੋਈ ਹਿਸਾਬ ਨਹੀਂ ਤੇ ਇਸ ਬਾਰੇ ਮਜੀਠੀਆ ਕੋਈ ਜਾਣਕਾਰੀ ਨਹੀਂ ਦੇ ਪਾਏ। ਵਿਜੀਲੈਂਸ ਦਾ ਦਾਅਵਾ ਹੈ ਕਿ ਕਈ ਫਰਜ਼ੀ ਕੰਪਨੀਆਂ ਪੈਸਾ ਇੱਧਰ ਤੋਂ ਉੱਧਰ ਕਰਨ ਲਈ ਹੀ ਬਣਾਈਆਂ ਗਈਆਂ ਸਨ।
ਮਜੀਠੀਆ ਨੇ ਜੋ 2007 ਤੋਂ 2012 ਤੱਕ ਭਰੀਆਂ ਇਨਕਮ ਟੈਕਸ ਰਿਟਰਨਾਂ ਵਿੱਚ ਜਾਇਦਾਦਾਂ ਦਾ ਵਾਧਾ 21049801 ਰੁਪਏ (ਦੋ ਕਰੋੜ ਦਸ ਲੱਖ ਉੱਨਜਾ ਹਜ਼ਾਰ ਅੱਠ ਸੌ ਇੱਕ ਰੁ.) ਦਿਖਾਇਆ ਗਿਆ ਸੀ ਅਤੇ ਇਨ੍ਹਾਂ ਸਾਲਾਂ ਦਾ ਖਰਚਾ 1810866 ਰੁਪਏ ਦਿਖਾਇਆ ਗਿਆ ਸੀ। ਪੰਜ ਸਾਲਾਂ ਵਿੱਚ ਆਮਦਨ ਨਾਲੋਂ 1 ਕਰੋੜ 47 ਲੱਖ 53 ਹਜ਼ਾਰ 992 ਰੁਪਏ ਵੱਧ ਕਮਾਈ ਹੋਈ। ਮਜੀਠੀਆ ਦੀ ਪਤਨੀ ਗਨੀਵ ਕੌਰ ਦੀ ਇੱਕ ਕੰਪਨੀ ਵਿੱਚ ਵੀ ਇੱਕ ਕਰੋੜ ਰੁਪਏ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਹੁਣ ਜੇਕਰ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਐੱਫ ਆਈ ਆਰ ਸਹੀ ਹੈ ( ਇਸਦੇ ਗਲਤ ਹੋਣ ਦੇ ਚਾਂਸ ਘੱਟ ਹੀ ਹਨ ਕਿਉੰਕਿ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਸਬੂਤ ਪੇਸ਼ ਕਰਨੇ ਪੈਣਗੇ ) ਤਾਂ ਇਹ ਬੜਾ ਗੰਭੀਰ ਮਸਲਾ ਹੈ। ਜਿਹੜੇ ਲੋਕਾਂ ਨੂੰ ਅਸੀਂ ਇਹ ਆਸ ਰੱਖ ਕੇ ਵੋਟਾਂ ਪਾਉਂਦੇ ਹਾਂ ਕਿ ਉਹ ਸੂਬੇ ਦੇ ਜਾਂ ਦੇਸ਼ ਦੇ ਵਿਕਾਸ ਲਈ ਕੰਮ ਕਰਨਗੇ ਪਰ ਉਹ ਕੇਵਲ ਆਪਣੇ ਹੀ ਵਿਕਾਸ ਵੱਲ ਧਿਆਨ ਦਿੰਦੇ ਹਨ। ਜੇਕਰ ਬਿਕਰਮ ਮਜੀਠੀਆ ਦੀ ਗੱਲ ਕਰੀਏ ਤਾਂ ਉਹ ਖ਼ਾਨਦਾਨੀ ਅਮੀਰ ਹਨ ਲੇਕਿਨ ਖ਼ਾਨਦਾਨੀ ਅਮੀਰ ਵੀ ਪੈਸੈ ਇਕੱਠੇ ਕਰਨ ਦੀ ਇੰਨੀ ਲਾਲਸਾ ਰੱਖਦੇ ਹਨ ਹੈਰਾਨੀ ਹੁੰਦੀ ਹੈ। ਮੇਰੇ ਖ਼ਿਆਲ ਵਿੱਚ ਲੋਕਾਂ ਕੋਲ਼ ਜਿੰਨਾ ਵੱਧ ਪੈਸਾ ਆਉਂਦਾ ਹੈ ਓਨਾ ਲਾਲਚ ਵੀ ਵਧ ਜਾਂਦਾ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਇਕੱਲੇ ਮਜੀਠੀਆ ਨੇ ਹੀ ਸਰੋਤਾਂ ਤੋਂ ਵੱਧ ਪੈਸਾ ਇਕੱਠਾ ਕੀਤਾ ਹੈ ਸਗੋਂ ਜ਼ਿਆਦਾਤਰ ਲੀਡਰ ਇਸ ਤਰ੍ਹਾਂ ਪੈਸਾ ਇਕੱਠਾ ਕਰਦੇ ਹਨ ਅਤੇ ਫ਼ਿਰ ਕਾਲੇ ਨੂੰ ਚਿੱਟਾ ਕਰਨ ਦੇ ਵੱਖ ਵੱਖ ਢੰਗ ਤਰੀਕੇ ਅਪਣਾਉਂਦੇ ਹਨ। ਇਨ੍ਹਾਂ ਲੀਡਰਾਂ ਦੇ ਪਿੱਛੇ ਜ਼ਿੰਦਾਬਾਦ ਦੇ ਨਾਹਰੇ ਮਾਰਨ ਵਾਲੇ ਵਰਕਰ ਗ਼ਰੀਬ ਹੁੰਦੇ ਜਾਂਦੇ ਹਨ ਤੇ ਇਨ੍ਹਾਂ ਦੀਆਂ ਸੰਪਤੀਆਂ ਲਗਾਤਾਰ ਵਧਦੀਆਂ ਰਹਿੰਦੀਆਂ ਹਨ। ਹੁਣ ਮਜੀਠਿਆ ਦੇ ਗ੍ਰਿਫ਼ਤਾਰ ਹੋਣ ਪਿੱਛੋਂ ਬਹੁਤੇ ਲੋਕਾਂ ਵੱਲੋਂ ਇਹ ਦੋਸ਼ ਲਗਾਏ ਗਏ ਹਨ ਕਿ ਸਰਕਾਰ ਨੇ ਬਦਲਾਖੋਰੀ ਦੀ ਭਾਵਨਾ ਨਾਲ ਮਜੀਠੀਆ ਖਿਲਾਫ ਕਾਰਵਾਈ ਕੀਤੀ ਹੈ। ਇਹ ਗੱਲ ਸੱਚ ਹੋ ਸਕਦੀ ਹੈ ਕਿਉੰਕਿ ਪਿਛਲੇ ਕਾਫੀ ਸਮੇਂ ਤੋਂ ਸਰਕਾਰਾਂ ਵੱਲੋਂ ਅਜਿਹਾ ਕੀਤਾ ਜਾਂਦਾ ਰਿਹਾ ਹੈ।
ਇਹ ਵੀ ਸੱਚ ਲੱਗਦਾ ਹੈ ਕਿ ਮਜੀਠੀਆ ਖਿਲਾਫ ਲਗਾਏ ਗਏ ਦੋਸ਼ ਸੱਚ ਹਨ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਕੱਲੇ ਮਜੀਠੀਆ ਹੀ ਇਸ ਤਰ੍ਹਾਂ ਗ਼ਲਤ ਤਰੀਕੇ ਨਾਲ ਪੈਸੈ ਇਕੱਠੇ ਕਰਨ ਵਾਲੇ ਸ਼ਖ਼ਸ ਹਨ? ਮੇਰੇ ਖ਼ਿਆਲ ਵਿੱਚ ਅਗਰ ਇਮਾਨਦਾਰੀ ਨਾਲ ਕਰਵਾਈ ਕੀਤੀ ਜਾਵੇ ਤਾਂ ਅਨੇਕਾਂ ਲੀਡਰਾਂ ਕੋਲੋਂ ਅਰਬਾਂ ਰੁਪਏ ਕਾਲਾ ਧਨ ਫੜਿਆ ਜਾ ਸਕਦਾ ਹੈ ਤੇ ਇਸ ਕਾਲੇ ਧਨ ਨਾਲ ਪੰਜਾਬ ਦਾ ਪੁਰਾ ਕਰਜ਼ਾ ਉੱਤਰ ਸਕਦਾ ਹੈ ਤੇ ਸੂਬੇ ਦਾ ਵਿਕਾਸ ਹੋ ਸਕਦਾ ਹੈ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਦੀ ਸ਼ਲਾਘਾ ਕੀਤੀ ਜਾਵੇ ਜਾਂ ਨਿੰਦਾ? ਸ਼ਲਾਘਾ ਵੀ ਬਣਦੀ ਹੈ ਤੇ ਨਿੰਦਾ ਵੀ ਕਿਉੰਕਿ ਸ਼ਲਾਘਾ ਇਸ ਲਈ ਕਿ ਕਾਲੇ ਨੂੰ ਚਿੱਟਾ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ ਤੇ ਨਿੰਦਾ ਇਸ ਲਈ ਕਿ ਬਦਲਾਖੋਰੀ ਨਾਲ ਸਿਰਫ ਮਜੀਠੀਆ ਹੀ ਕਿਉੰ? ਅਸੀਂ ਖੁੱਲ੍ਹ ਕੇ ਸ਼ਲਾਘਾ ਉਦੋਂ ਕਰਾਂਗੇ ਜਦੋਂ ਬਿਨਾਂ ਭੇਦਭਾਵ ਦੇ ਹੋਰ ਵੱਡੇ ਮਗਰਮੱਛ ਫੜੇ ਜਾਣਗੇ।

