Punjab
MAJITHIA ਦਾ ਏਕਤਾ ਵਾਲਾ ਬਿਆਨ – ਨਵੇਂ ਸਿਆਸੀ ਸੰਕੇਤ,ਅਟਕਲਾਂ ਤੇ ਅਕਾਲੀ ਦਲ ਦਾ ਭਵਿੱਖ !
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤਾ ਗਿਆ ਇਹ ਬਿਆਨ ਕਿ ਉਹ ਅਕਾਲੀ ਦਲ ਵਿੱਚ ਏਕਤਾ ਕਰਵਾਉਣਗੇ ਅਤੇ ਜਲਦੀ “ਬ੍ਰੇਕਿੰਗ ਨਿਊਜ਼” ਸੁਣਨ ਨੂੰ ਮਿਲੇਗੀ, ਪੰਜਾਬ ਦੀ ਸਿਆਸਤ ਵਿੱਚ ਕਈ ਨਵੇਂ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਸਿਰਫ਼ ਇੱਕ ਆਮ ਸਿਆਸੀ ਬਿਆਨ ਨਹੀਂ ਲੱਗਦਾ, ਸਗੋਂ ਇਸ ਦੇ ਪਿੱਛੇ ਕਈ ਸੰਭਾਵਨਾਵਾਂ ਅਤੇ ਸੰਕੇਤ ਲੁਕੇ ਹੋਏ ਦਿਖਾਈ ਦੇ ਰਹੇ ਹਨ।
ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕੀ ਇਹ ਬਿਆਨ ਸੋਚ ਸਮਝ ਕੇ ਦਿੱਤਾ ਗਿਆ ਹੈ ਜਾਂ ਇਹ ਕਿਸੇ ਵੱਡੀ ਰਣਨੀਤੀ ਦਾ ਹਿੱਸਾ ਹੈ? ਅਕਾਲੀ ਦਲ ਇਸ ਵੇਲੇ ਸਭ ਤੋਂ ਵੱਡੇ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪਾਰਟੀ ਅੰਦਰ ਧੜੇਬੰਦੀ, ਬਾਗੀ ਆਗੂਆਂ ਦੀ ਸਰਗਰਮੀ ਅਤੇ ਨੇਤ੍ਰਿਤਵ ’ਤੇ ਸਵਾਲ ਲਗਾਤਾਰ ਉੱਠ ਰਹੇ ਹਨ। ਅਜਿਹੇ ਸਮੇਂ ਵਿੱਚ ਮਜੀਠੀਆ ਦਾ ਆਪਣੇ ਆਪ ਨੂੰ ਏਕਤਾ ਕਰਵਾਉਣ ਵਾਲੇ ਆਗੂ ਵਜੋਂ ਪੇਸ਼ ਕਰਨਾ ਆਪਣੇ ਆਪ ਵਿੱਚ ਇੱਕ ਸਿਆਸੀ ਸੰਦੇਸ਼ ਹੈ।
ਦੂਜਾ ਵੱਡਾ ਸਵਾਲ ਇਹ ਹੈ ਕਿ ਕੀ ਇਹ ਬਿਆਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਨਾਲ ਦਿੱਤਾ ਗਿਆ ਹੈ ਜਾਂ ਨਹੀਂ? ਜੇਕਰ ਇਹ ਬਿਆਨ ਉਨ੍ਹਾਂ ਦੀ ਸਹਿਮਤੀ ਨਾਲ ਹੈ ਤਾਂ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਪਾਰਟੀ ਅੰਦਰ ਕੋਈ ਵੱਡੀ ਰਣਨੀਤੀ ਤਿਆਰ ਹੋ ਰਹੀ ਹੈ। ਪਰ ਜੇਕਰ ਇਹ ਬਿਆਨ ਬਿਨਾਂ ਸਹਿਮਤੀ ਦੇ ਦਿੱਤਾ ਗਿਆ ਹੈ ਤਾਂ ਫਿਰ ਇਹ ਨੇਤ੍ਰਿਤਵ ਨੂੰ ਚੁਣੌਤੀ ਦੇਣ ਦੇ ਸੰਕੇਤ ਵਜੋਂ ਵੀ ਵੇਖਿਆ ਜਾ ਸਕਦਾ ਹੈ।
ਤੀਜਾ ਸਵਾਲ ਬਾਗੀ ਅਕਾਲੀ ਆਗੂਆਂ ਨਾਲ ਜੁੜਿਆ ਹੈ। ਜਿਹੜੇ ਆਗੂ ਅਕਾਲੀ ਦਲ ਪੁਨਰ ਸੁਰਜੀਤ ਜਾਂ ਹੋਰ ਮੰਚਾਂ ਰਾਹੀਂ ਵੱਖਰੀ ਲਾਈਨ ਲੈ ਰਹੇ ਹਨ, ਕੀ ਉਹ ਮੁੜ ਸੁਖਬੀਰ ਬਾਦਲ ਦੀ ਅਗਵਾਈ ਨੂੰ ਪ੍ਰਵਾਨ ਕਰਨਗੇ? ਇਹ ਆਸਾਨ ਨਹੀਂ ਲੱਗਦਾ, ਕਿਉਂਕਿ ਬਾਗੀ ਧੜੇ ਦੀ ਮੁੱਖ ਮੰਗ ਹੀ ਨੇਤ੍ਰਿਤਵ ਵਿੱਚ ਤਬਦੀਲੀ ਰਹੀ ਹੈ।
ਇੱਥੇ ਇੱਕ ਹੋਰ ਮਹੱਤਵਪੂਰਨ ਸਵਾਲ ਵੀ ਉੱਠਦਾ ਹੈ ਕਿ ਕੀ ਸੁਖਬੀਰ ਬਾਦਲ ਖੁਦ ਪ੍ਰਧਾਨਗੀ ਛੱਡਣ ਲਈ ਤਿਆਰ ਹੋਣਗੇ? ਅਜੇ ਤੱਕ ਦੇ ਸੰਕੇਤ ਤਾਂ ਇਸ ਗੱਲ ਵੱਲ ਨਹੀਂ ਜਾਂਦੇ, ਪਰ ਜੇਕਰ ਏਕਤਾ ਦਾ ਕੋਈ ਫਾਰਮੂਲਾ ਬਣਦਾ ਹੈ ਤਾਂ ਇਸ ਮੁੱਦੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਕੁਝ ਸਿਆਸੀ ਵਿਸ਼ਲੇਸ਼ਕ ਇਹ ਵੀ ਮੰਨ ਰਹੇ ਹਨ ਕਿ ਮਜੀਠੀਆ ਦਾ ਇਹ ਬਿਆਨ ਪਾਰਟੀ ਦੇ ਅੰਦਰ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਹੋ ਸਕਦਾ ਹੈ। ਪੰਜਾਬ ਦੀ ਸਿਆਸਤ ਵਿੱਚ ਇਹ ਗੱਲ ਅਕਸਰ ਕਹੀ ਜਾਂਦੀ ਹੈ ਕਿ ਜੇ ਕੋਈ ਆਗੂ ਸੰਕਟ ਦੇ ਸਮੇਂ ਸਮਝੌਤਾ ਕਰਵਾਉਣ ਵਾਲਾ ਬਣ ਕੇ ਉਭਰਦਾ ਹੈ ਤਾਂ ਉਸਦੀ ਸਿਆਸੀ ਹੈਸੀਅਤ ਵੱਧ ਜਾਂਦੀ ਹੈ। ਇਸ ਪ੍ਰਸੰਗ ਵਿੱਚ ਕੁੱਝ ਲੋਕ ਇਸਨੂੰ ਭਵਿੱਖ ਦੀ ਪ੍ਰਧਾਨਗੀ ਦੀ ਦੌੜ ਨਾਲ ਵੀ ਜੋੜ ਕੇ ਵੇਖ ਰਹੇ ਹਨ, ਹਾਲਾਂਕਿ ਇਸ ਬਾਰੇ ਪੱਕਾ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।
ਇੱਕ ਹੋਰ ਚਰਚਾ ਇਹ ਵੀ ਚੱਲ ਰਹੀ ਹੈ ਕਿ ਕੀ ਇਸ ਬਿਆਨ ਦੇ ਪਿੱਛੇ ਕਿਸੇ ਵੱਡੀ ਰਾਸ਼ਟਰੀ ਪਾਰਟੀ ਦੀ ਰਣਨੀਤੀ ਹੋ ਸਕਦੀ ਹੈ। ਕੁਝ ਲੋਕ ਇਸਨੂੰ ਭਾਜਪਾ ਦੀ ਸੰਭਾਵਿਤ ਰਣਨੀਤੀ ਨਾਲ ਜੋੜ ਕੇ ਵੇਖਦੇ ਹਨ, ਖਾਸ ਕਰਕੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮਜੀਠੀਆ ਵੱਲੋਂ ਵੱਡੇ ਭਾਜਪਾ ਆਗੂਆਂ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਹਾਲਾਂਕਿ ਇਹ ਸਿਰਫ਼ ਅਟਕਲਾਂ ਹਨ ਅਤੇ ਇਸਦਾ ਕੋਈ ਢੁੱਕਵਾਂ ਸਬੂਤ ਸਾਹਮਣੇ ਨਹੀਂ ਹੈ, ਪਰ ਸਿਆਸਤ ਵਿੱਚ ਧਾਰਣਾਵਾਂ ਵੀ ਅਕਸਰ ਮਾਹੌਲ ਬਣਾਉਂਦੀਆਂ ਹਨ।
ਮਹਾਰਾਸ਼ਟਰ ਦੀ ਉਦਾਹਰਣ ਵੀ ਅਕਸਰ ਦਿੱਤੀ ਜਾਂਦੀ ਹੈ ਕਿ ਕਿਵੇਂ ਵੱਡੀਆਂ ਪਾਰਟੀਆਂ ਅੰਦਰੂਨੀ ਫੁੱਟ ਦਾ ਲਾਭ ਲੈਂਦੀਆਂ ਹਨ। ਭਾਜਪਾ ਨੇ ਐਨ ਸੀ ਪੀ ਦੇ ਆਗੂ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਤੋੜ ਕੇ ਆਪਣੇ ਨਾਲ਼ ਜੋੜ ਲਿਆ ਸੀ ਅਤੇ ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਬਣਾਇਆ ਸੀ ।ਇਸ ਲਈ ਪੰਜਾਬ ਵਿੱਚ ਵੀ ਅਜਿਹੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਹਰ ਸੂਬੇ ਦੀ ਸਿਆਸਤ ਦੀ ਆਪਣੀ ਹਕੀਕਤ ਹੁੰਦੀ ਹੈ ਅਤੇ ਪੰਜਾਬ ਦੀ ਸਿਆਸਤ ਧਾਰਮਿਕ ਅਤੇ ਜਜ਼ਬਾਤੀ ਤੱਤਾਂ ਨਾਲ ਵੀ ਗਹਿਰਾਈ ਨਾਲ ਜੁੜੀ ਹੋਈ ਹੈ।
ਇਸ ਪੂਰੇ ਮਾਮਲੇ ਦਾ ਇੱਕ ਧਾਰਮਿਕ ਪੱਖ ਵੀ ਹੈ। ਜੇਕਰ ਬਾਗੀ ਧੜੇ ਅਤੇ ਮੁੱਖ ਧੜੇ ਵਿੱਚ ਕੋਈ ਸਮਝੌਤਾ ਹੁੰਦਾ ਹੈ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਉਨ੍ਹਾਂ ਨਾਲ ਜੁੜੇ ਮਸਲੇ ਵੀ ਸਾਹਮਣੇ ਆਉਣਗੇ। ਇਹ ਸਵਾਲ ਵੀ ਖੜ੍ਹੇ ਹੋਣਗੇ ਕਿ ਪਿਛਲੇ ਫ਼ੈਸਲਿਆਂ ਅਤੇ ਬਿਆਨਾਂ ਦਾ ਕੀ ਹੋਵੇਗਾ ਅਤੇ ਧਾਰਮਿਕ ਅਧਿਕਾਰੀਆਂ ਦੀ ਭੂਮਿਕਾ ਕਿੱਥੇ ਖੜ੍ਹੀ ਰਹੇਗੀ।
ਪਿਛਲੇ ਸਮੇਂ ਵਿੱਚ ਜਦੋਂ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾਇਆ ਗਿਆ ਸੀ ਇਸ ਮਾਮਲੇ ’ਤੇ ਮਜੀਠੀਆ ਨੇ ਵੱਖਰਾ ਸੁਰ ਅਖਤਿਆਰ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਗਲਤ ਕੀਤਾ ਗਿਆ ਹੈ।ਬਲਵਿੰਦਰ ਸਿੰਘ ਭੂੰਦੜ ਵੱਲੋਂ ਉਨ੍ਹਾਂ ’ਤੇ ਤਿੱਖੀ ਟਿੱਪਣੀ ਕੀਤੀ ਗਈ ਸੀ ਅਤੇ ਕਿਹਾ ਸੀ ਕਿ ਮਜੀਠੀਆ ਨੇ ਸੁਖਬੀਰ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।ਉਸ ਵੇਲੇ ਤੋਂ ਹੀ ਇਹ ਅਹਿਸਾਸ ਹੋ ਰਿਹਾ ਸੀ ਕਿ ਪਾਰਟੀ ਅੰਦਰ ਵਿਚਾਰਾਂ ਦੀ ਇਕਸਾਰਤਾ ਨਹੀਂ ਰਹੀ। ਇਸ ਪਿਛੋਕੜ ਵਿੱਚ ਮੌਜੂਦਾ ਬਿਆਨ ਨੂੰ ਵੀ ਕਈ ਲੋਕ ਉਸੇ ਲੜੀ ਦੀ ਕੜੀ ਵਜੋਂ ਵੇਖ ਰਹੇ ਹਨ।
ਅੰਤ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਇਸ ਵੇਲੇ ਆਪਣੇ ਅਸਤਿਤਵ ਦੀ ਲੜਾਈ ਲੜ ਰਿਹਾ ਹੈ। ਏਕਤਾ ਦੀ ਗੱਲ ਹਰ ਆਗੂ ਕਰ ਰਿਹਾ ਹੈ, ਪਰ ਏਕਤਾ ਦਾ ਫਾਰਮੂਲਾ ਕਿਸੇ ਕੋਲ ਸਪੱਸ਼ਟ ਨਹੀਂ। ਮਜੀਠੀਆ ਦਾ ਬਿਆਨ ਸਿਆਸੀ ਚਰਚਾ ਨੂੰ ਨਵਾਂ ਮੋੜ ਦੇ ਰਿਹਾ ਹੈ, ਪਰ ਅਸਲੀ ਪਰਖ ਇਹ ਹੋਵੇਗੀ ਕਿ ਕੀ ਇਹ ਬਿਆਨ ਸਿਰਫ਼ ਸ਼ਬਦ ਰਹਿ ਜਾਂਦਾ ਹੈ ਜਾਂ ਅਸਲ ਵਿੱਚ ਕੋਈ ਵੱਡੀ ਤਬਦੀਲੀ ਦਾ ਕਾਰਨ ਬਣਦਾ ਹੈ।
ਹੁਣ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਉਹ “ਬ੍ਰੇਕਿੰਗ ਨਿਊਜ਼” ਕੀ ਹੁੰਦੀ ਹੈ ਜਿਸਦੀ ਗੱਲ ਮਜੀਠੀਆ ਨੇ ਕੀਤੀ ਹੈ, ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਅਕਸਰ ਅਸਲੀ ਕਹਾਣੀ ਬਿਆਨਾਂ ਤੋਂ ਨਹੀਂ, ਬਲਕਿ ਅਗਲੇ ਕਦਮਾਂ ਤੋਂ ਸਾਹਮਣੇ ਆਉਂਦੀ ਹੈ।

