National
ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਦੇ ਮਾਪਿਆਂ ਨੇ ਨੂੰਹ ‘ਤੇ ਲਾਏ ਇਲਜ਼ਾਮ!
ਹਾਲ ਹੀ ਦੌਰਾਨ ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਨੂੰ ਭਾਰਤ ਦਾ ਦੂਜੇ ਸਭ ਤੋਂ ਵੱਡੇ ਸ਼ਾਂਤੀਕਾਲੀਨ ਵੀਰਤਾ ਪੁਰਸਕਾਰ ਕੀਰਤ ਚੱਕਰ ਨਾਲ ਨਿਵਾਜਿਆ ਗਿਆ ਸੀ। 5 ਜੁਲਾਈ ਨੂੰ ਸ਼ਹੀਦ ਅੰਸ਼ੁਮਨ ਦੀ ਮਾਂ ਅਤੇ ਉਨ੍ਹਾਂ ਦੀ ਪਤਨੀ ਇਹ ਸਨਮਾਨ ਲੈਣ ਲਈ ਰਾਸ਼ਟਰਪਤੀ ਭਵਨ ਪਹੁੰਚੇ ਸਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੰਸ਼ੁਮਨ ਸਿੰਘ ਦੀ ਪਤਨੀ ਸਮ੍ਰਿਤੀ ਸਿੰਘ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਸੀ। ਅੰਸ਼ੁਮਨ ਦੀ ਮਾਂ ਉਨ੍ਹਾਂ ਦੇ ਨਾਲ ਉਸ ਵੇਲੇ ਮੌਜੂਦ ਸੀ। ਇਸ ਦੇ ਨਾਲ ਹੀ ਹੁਣ ਅੰਸ਼ੁਮਨ ਸਿੰਘ ਦੇ ਮਾਤਾ-ਪਿਤਾ ਨੇ ਨੂੰਹ ‘ਤੇ ਗੰਭੀਰ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਫੌਜ ਦੀ ‘ਨੇਕਸਟ ਆਫ ਕਿਨ’ (ਐਨਓਕੇ) ਨੀਤੀ ਵਿੱਚ ਬਦਲਾਅ ਦੀ ਮੰਗ ਕੀਤੀ ਹੈ।
ਇਕ ਇੰਟਰਵਿਊ ਦੌਰਾਨ ਅੰਸ਼ੁਮਨ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਵਿਆਹ ਨੂੰ ਸਿਰਫ਼ ਪੰਜ ਮਹੀਨੇ ਹੋਏ ਸਨ। ਪੁੱਤਰ ਸ਼ਹੀਦ ਹੋ ਗਿਆ ਅਤੇ ਨੂੰਹ ਕੀਰਤੀ ਚੱਕਰ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਸਾਡੇ ਕੋਲ ਕੀ ਬਚਿਆ ਹੈ? ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਨੂੰਹਾਂ ਭੱਜ ਰਹੀਆਂ ਹਨ। ਸਨਮਾਨ ਉਨ੍ਹਾਂ ਦੇ ਹੱਥਾਂ ਵਿੱਚ ਨਹੀਂ ਦਿੱਤਾ ਜਾਣਾ ਚਾਹੀਦਾ। ਰਾਹੁਲ ਜੀ ਨੇ ਕਿਹਾ ਹੈ ਕਿ ਉਹ ਰਾਜਨਾਥ ਜੀ ਨਾਲ ਗੱਲ ਕਰਨਗੇ। ਇਸ ਦੇ ਨਾਲ ਹੀ ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਦੇ ਪਿਤਾ ਰਵੀ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਨੂੰਹ ਨੇ ਕੀਰਤੀ ਚੱਕਰ ਵੀ ਲੈ ਲਿਆ, ਸਾਡੇ ਕੋਲ ਇੱਥੇ ਸਿਰਫ਼ ਕੰਧਾਂ ‘ਤੇ ਟੰਗੀਆਂ ਪੁੱਤਰ ਦੀ ਤਸਵੀਰਾਂ ਹੀ ਬਚੀਆਂ ਹਨ। ਕੈਪਟਨ ਅੰਸ਼ੁਮਨ ਸਿੰਘ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਕ ਵਾਰ NOK ਦੇ ਮੁੱਦੇ ‘ਤੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਨੂੰਹ ਸਭ ਕੁਝ ਛੱਡ ਕੇ ਚਲੀਆਂ ਜਾਂਦੀਆਂ ਹਨ, ਕਈ ਥਾਵਾਂ ‘ਤੇ ਅਜਿਹਾ ਹੋਇਆ ਹੈ।
ਸ਼ਹੀਦ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਮੇਰਾ ਪੁੱਤਰ ਸ਼ਹੀਦ ਹੋਇਆ ਤਾਂ ਮੇਰੀ ਨੂੰਹ ਤੇਰ੍ਹਵੇਂ ਤੱਕ ਦੇਵਰੀਆ ਵਿੱਚ ਘਰ ਰਹੀ। ਤੇਰ੍ਹਵੇਂ ਵਾਲੇ ਦਿਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਕੁੜੀ ਨੂੰ ਧਾਰਮਿਕ ਸਮਾਗਮ ਲਈ ਲੈ ਕੇ ਜਾ ਰਹੇ ਹਨ ਅਤੇ ਜਲਦੀ ਹੀ ਵਾਪਸ ਆ ਜਾਣਗੇ। ਉਸ ਨੇ ਅੱਗੇ ਦੱਸਿਆ ਕਿ ਸਾਡੀ ਧੀ ਡਰਾਪ ਕਰਨ ਲਈ ਲਖਨਊ ਆਈ, ਫਿਰ ਲਖਨਊ ਤੋਂ ਮੇਰੀ ਨੂੰਹ ਫਲਾਈਟ ਰਾਹੀਂ ਦਿੱਲੀ ਚਲੀ ਗਈ। ਉਸ ਨੇ ਸਾਰਾ ਸਮਾਨ ਨੋਇਡਾ ਵਿੱਚ ਪੈਕ ਕੀਤਾ ਜਦੋਂ ਕਿ ਮੇਰੇ ਬੇਟੇ ਦੇ ਕੱਪੜੇ, ਸਮਾਨ, ਟਾਈ-ਬੈਲਟ ਇੱਕ ਬੈਗ ਵਿੱਚ ਪੈਕ ਕਰ ਦਿੱਤੇ। ਫਿਰ ਨੂੰਹ ਨੋਇਡਾ ਤੋਂ ਪਠਾਨਕੋਟ ਚਲੀ ਗਈ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸਾਨੂੰ ਬਹੁਤ ਦੁੱਖ ਹੋਇਆ ਕਿਉਂਕਿ ਮੇਰੇ ਬੇਟੇ ਦਾ ਸਾਰਾ ਸਮਾਨ ਬੈਗ ਵਿੱਚ ਸੀ। ਫਿਰ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਅਤੇ ਕਾਲ ਕਰਦੇ ਰਹੇ। ਕਈ ਵਾਰ ਜਦੋਂ ਅਸੀਂ ਫ਼ੋਨ ਕਰਦੇ ਤਾਂ ਨੂੰਹ ਫ਼ੋਨ ਚੁੱਕ ਲੈਂਦੀ ਅਤੇ ਕੁਝ ਦੇਰ ਗੱਲਾਂ ਕਰਨ ਤੋਂ ਬਾਅਦ ਫ਼ੋਨ ਰੱਖ ਦਿੰਦੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਸਿਆਚਿਨ ਗਲੇਸ਼ੀਅਰ ਵਿਚ ਭਾਰਤੀ ਫੌਜ ਦੇ ਕਈ ਟੈਂਟਾਂ ਵਿਚ ਅੱਗ ਲੱਗ ਗਈ। ਹਾਦਸੇ ਵਿਚ ਰੈਜੀਮੈਂਟਲ ਮੈਡੀਕਲ ਅਫਸਰ ਕੈਪਟਨ ਅੰਸ਼ੁਮਾਨ ਸਿੰਘ ਸ਼ਹੀਦ ਹੋ ਗਏ ਸਨ ਜਦਕਿ ਤਿੰਨ ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਨੂੰ ਏਅਰਲਿਫਟ ਕਰਕੇ ਇਲਾਜ ਲਈ ਚੰਡੀਗੜ੍ਹ ਲਿਜਾਇਆ ਗਿਆ।