Connect with us

Punjab

ਸੁਖਬੀਰ ਲਈ ਨਵੇਂ ਸਾਲ ‘ਚ ਨਵੀਆਂ ਚੁਣੌਤੀਆਂ ; “ਗੁਨਾਹ” ਪਿੱਛਾ ਨਹੀਂ ਛੱਡ ਰਹੇ !

Published

on

ਨਵੇਂ ਸਾਲ ਦੀ ਚਮਕਦਾਰ ਸ਼ੁਰੂਆਤ ਦੇ ਬਿੱਲਕੁਲ ਉਲਟ ਅਕਾਲੀ ਦਲ ਬਾਦਲ ਲਈ 2026 ਇੱਕ ਅਜਿਹੇ ਸਿਆਸੀ ਮੋੜ ਤੋਂ ਸ਼ੁਰੂ ਹੋਇਆ ਹੈ, ਜਿੱਥੇ ਅਤੀਤ ਦੇ ਸਾਏ ਫਿਰ ਮੌਜੂਦਾ ਹਕੀਕਤ ਬਣ ਕੇ ਸਾਹਮਣੇ ਆ ਗਏ ਹਨ। 31 ਦਸੰਬਰ ਨੂੰ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ ਸਿਰਫ਼ ਇੱਕ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ, ਬਲਕਿ ਇਹ ਉਸ ਦੌਰ ਦੀ ਯਾਦ ਤਾਜ਼ਾ ਕਰ ਗਈ ਹੈ ਜਿਸ ਨੇ ਅਕਾਲੀ ਦਲ ਦੀ ਸਿਆਸਤ ਦੀ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਅਜੇ ਵੀ ਸਿੱਖ ਸਮਾਜ ਦੇ ਜ਼ਿਹਨ ਵਿੱਚ ਇੱਕ ਕਦੇ ਨਾ ਜਾਣ ਵਾਲੇ ਦਰਦ ਵਾਂਗ ਮੌਜੂਦ ਹੈ ਅਤੇ ਇਸ ਦਰਦ ਨਾਲ ਜੁੜੇ ਹਰ ਨਵੇਂ ਖੁਲਾਸੇ ਦਾ ਸਿਆਸੀ ਅਸਰ ਅਟੱਲ ਹੈ।

ਇਹ ਗੱਲ ਅਣਡਿੱਠੀ ਨਹੀਂ ਕੀਤੀ ਜਾ ਸਕਦੀ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ, ਤਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਅੱਤਲੀਆਂ, ਜਾਂਚ ਕਮੇਟੀਆਂ ਅਤੇ ਵਾਅਦਿਆਂ ਤੱਕ ਹੀ ਆਪਣਾ ਫਰਜ਼ ਸੀਮਤ ਰੱਖਿਆ। ਜਾਂਚ ਰਿਪੋਰਟ ਆਉਣ ਦੇ ਬਾਵਜੂਦ ਕਾਨੂੰਨੀ ਕਾਰਵਾਈ ਨਾ ਹੋਣ ਨੇ ਇਹ ਸੰਦੇਹ ਹੋਰ ਮਜ਼ਬੂਤ ਕੀਤਾ ਕਿ ਧਾਰਮਿਕ ਸੰਸਥਾਵਾਂ ਵੀ ਸਿਆਸੀ ਦਬਾਅ ਹੇਠ ਕੰਮ ਕਰ ਰਹੀਆਂ ਹਨ। ਇਸੀ ਲਈ ਅੱਜ ਜਦੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀ ਏ ਸਤਿੰਦਰ ਕੋਹਲੀ ਦੀ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਲੋਕ ਇਸਨੂੰ ਦੇਰ ਨਾਲ ਆਇਆ ਸਹੀ, ਪਰ ਇਨਸਾਫ਼ ਵੱਲ ਇੱਕ ਕਦਮ ਮੰਨ ਰਹੇ ਹਨ। ਇਹ ਲੋਕੀ ਪ੍ਰਤੀਕਿਰਿਆ ਆਪਣੇ ਆਪ ਵਿੱਚ ਦੱਸਦੀ ਹੈ ਕਿ ਮਾਮਲਾ ਕਿੰਨਾ ਗੰਭੀਰ ਅਤੇ ਸੰਵੇਦਨਸ਼ੀਲ ਹੈ।

ਸੁਖਬੀਰ ਸਿੰਘ ਬਾਦਲ ਲਈ ਮੁਸ਼ਕਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਕੋਹਲੀ ਨੂੰ ਸਿਰਫ਼ ਇੱਕ ਸਾਬਕਾ ਅਧਿਕਾਰੀ ਨਹੀਂ, ਸਗੋਂ ਬਾਦਲ ਪਰਿਵਾਰ ਦਾ ਭਰੋਸੇਮੰਦ ਮੰਨਿਆ ਜਾਂਦਾ ਰਿਹਾ ਹੈ। ਇਸ ਨੇੜਤਾ ਨੇ ਅਕਾਲੀ ਦਲ ਨੂੰ ਮੁੜ ਉਸ ਘੇਰੇ ਵਿੱਚ ਲਿਆ ਖੜ੍ਹਾ ਕੀਤਾ ਹੈ ਜਿੱਥੇ ਹਰ ਧਾਰਮਿਕ ਮਾਮਲਾ ਸਿਆਸੀ ਇਲਜ਼ਾਮ ਵਿੱਚ ਤਬਦੀਲ ਹੋ ਜਾਂਦਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਸਾਹਮਣੇ ਰੱਖ ਕੇ ਦੇਖੀਏ ਤਾਂ ਇਹ ਮਾਮਲਾ ਵਿਰੋਧੀ ਧਿਰਾਂ ਲਈ ਇੱਕ ਤਿਆਰ ਮੁੱਦਾ ਬਣ ਚੁੱਕਾ ਹੈ, ਜਿਸ ਰਾਹੀਂ ਅਕਾਲੀ ਦਲ ਦੀ ਨੈਤਿਕਤਾ ਅਤੇ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕੀਤੇ ਜਾਣਗੇ।

ਅਕਾਲੀ ਦਲ ਪਹਿਲਾਂ ਹੀ ਧਾਰਮਿਕ ਵਿਵਾਦਾਂ ਕਾਰਨ ਆਪਣੀ ਸਿਆਸੀ ਜ਼ਮੀਨ ਗੁਆ ਚੁੱਕਾ ਹੈ। 2007 ਤੋਂ 2017 ਤੱਕ ਦੇ ਦੌਰਾਨ ਵਾਪਰੀਆਂ ਘਟਨਾਵਾਂ—ਬੇਅਦਬੀਆਂ ਦੀ ਲੜੀ, ਬਹਿਬਲ ਕਲਾਂ ਵਿੱਚ ਗੋਲੀਬਾਰੀ ਅਤੇ ਸਿਰਸੇ ਵਾਲੇ ਸਾਧ ਨੂੰ ਦਿੱਤੀ ਮੁਆਫ਼ੀ ਨੇ ਸਿੱਖ ਪੰਥ ਅਤੇ ਪੰਜਾਬੀ ਜਨਤਾ ਦੇ ਮਨ ਵਿੱਚ ਡੂੰਘੀ ਦਰਾਰ ਪਾ ਦਿੱਤੀ ਸੀ। ਇਹੀ ਦਰਾਰ ਅਕਾਲੀ ਦਲ ਦੀਆਂ ਲਗਾਤਾਰ ਹਾਰਾਂ ਦਾ ਕਾਰਨ ਬਣੀ। ਭਾਵੇਂ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਇਨ੍ਹਾਂ ਗਲਤੀਆਂ ਨੂੰ ਕਬੂਲਿਆ ਅਤੇ ਤਨਖਾਹ ਭੁਗਤੀ, ਪਰ ਸਿਆਸਤ ਵਿੱਚ ਪ੍ਰਤੀਕਾਤਮਕ ਕਦਮ ਹਮੇਸ਼ਾਂ ਕਾਫ਼ੀ ਨਹੀਂ ਹੁੰਦੇ।

ਪਿਛਲੇ ਕੁਝ ਮਹੀਨਿਆਂ ਦੌਰਾਨ ਜਦੋਂ ਤਰਨਤਾਰਨ ਜ਼ਿਮਨੀ ਚੋਣ ਅਤੇ ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਕੁਝ ਸਾਹ ਮਿਲਿਆ, ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਪਾਰਟੀ ਹੌਲੀ-ਹੌਲੀ ਕੋਮਾ ਤੋਂ ਬਾਹਰ ਆ ਰਹੀ ਹੈ। ਪਰ ਹੁਣ ਇਹ ਗ੍ਰਿਫ਼ਤਾਰੀ ਉਸ ਬਿਮਾਰ ਮਰੀਜ਼ ਲਈ ਅਚਾਨਕ ਆਏ ਝਟਕੇ ਵਾਂਗ ਹੈ, ਜੋ ਥੋੜ੍ਹਾ ਸੰਭਲ ਕੇ ਬੈਠਿਆ ਹੀ ਸੀ। 2026 ਦਾ ਸਾਲ ਅਜੇ ਲੰਮਾ ਹੈ ਅਤੇ ਜੇ ਇਸ ਤਰ੍ਹਾਂ ਦੇ ਹੋਰ ਮਾਮਲੇ ਸਾਹਮਣੇ ਆਏ ਤਾਂ ਅਕਾਲੀ ਦਲ ਲਈ ਆਪਣੇ ਆਪ ਨੂੰ ਸੰਭਾਲਣਾ ਹੋਰ ਵੀ ਔਖਾ ਹੋ ਜਾਵੇਗਾ।

ਸਿਆਸੀ ਤੌਰ ‘ਤੇ ਦੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਦੀ ਅਸਲੀ ਕਸੌਟੀ ਹੁਣ ਸ਼ੁਰੂ ਹੁੰਦੀ ਹੈ। ਇੱਕ ਪਾਸੇ ਉਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ, ਦੂਜੇ ਪਾਸੇ ਪੰਥਕ ਹਲਕਿਆਂ ਵਿੱਚ ਭਰੋਸਾ ਮੁੜ ਬਣਾਉਣ ਦੀ ਚੁਣੌਤੀ ਹੋਵੇਗੀ। ਕੀ ਉਹ ਸਖ਼ਤ ਰੁਖ ਅਪਣਾਕੇ ਦੋਸ਼ੀਆਂ ਖ਼ਿਲਾਫ਼ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਕਾਰਵਾਈ ਦੀ ਹਮਾਇਤ ਕਰ ਸਕਣਗੇ ਜਾਂ ਫਿਰ ਪਾਰਟੀ ਅਤੇ ਅਤੀਤ ਦੀ ਰੱਖਿਆ ਵਿੱਚ ਫਸ ਕੇ ਰਹਿ ਜਾਣਗੇ—ਇਹੀ ਗੱਲ ਅਕਾਲੀ ਦਲ ਦੇ ਭਵਿੱਖ ਦਾ ਫੈਸਲਾ ਕਰੇਗੀ।

ਇੱਕ ਸਾਲ ਬਾਅਦ ਵਿਧਾਨ ਸਭਾ ਦੀ ਜੰਗ ਹੈ ਅਤੇ 2026 ਹਰ ਪਾਰਟੀ ਲਈ ਰਣਨੀਤੀ ਤਿਆਰ ਕਰਨ ਦਾ ਸਾਲ ਹੈ। ਅਕਾਲੀ ਦਲ ਲਈ ਇਹ ਸਾਲ ‘ਆਤਮ-ਸ਼ੁੱਧੀ’ ਅਤੇ ‘ਆਤਮ-ਮੰਥਨ’ ਦਾ ਹੋ ਸਕਦਾ ਹੈ, ਪਰ ਜੇ ਅਤੀਤ ਦੇ ਗੁਨਾਹ ਹਰ ਕੁੱਝ ਮਹੀਨਿਆਂ ਬਾਅਦ ਮੁੜ ਸਾਹਮਣੇ ਆਉਂਦੇ ਰਹੇ ਤਾਂ ਇਹ ਭਾਰ ਸਿਆਸੀ ਉਭਾਰ ਦੀ ਹਰ ਕੋਸ਼ਿਸ਼ ਨੂੰ ਦਬਾ ਸਕਦਾ ਹੈ। ਆਉਣ ਵਾਲੇ ਮਹੀਨੇ ਇਹ ਤੈਅ ਕਰਨਗੇ ਕਿ ਸੁਖਬੀਰ ਸਿੰਘ ਬਾਦਲ ਸਿਆਸੀ ਸ਼ਤਰੰਜ ਦੀ ਇਸ ਔਖੀ ਖੇਡ ਵਿੱਚ ਆਪਣੀ ਬਾਜ਼ੀ ਬਚਾ ਸਕਣਗੇ ਜਾਂ ਨਹੀਂ। ਇੱਕ ਗੱਲ ਤੈਅ ਹੈ—ਪੰਜਾਬ ਦੀ ਸਿਆਸਤ ਵਿੱਚ ਇਹ ਸਾਲ ਸ਼ਾਂਤ ਨਹੀਂ ਰਹਿਣ ਵਾਲਾ ਅਤੇ ਹਰ ਚਾਲ ਦਿਲਚਸਪੀ ਨਾਲ ਦੇਖੀ ਜਾਵੇਗੀ।

ਕੁਲਵੰਤ ਸਿੰਘ ਗੱਗੜਪੁਰੀ