Amritsar
ਪਾਕਿਸਤਾਨੀ ਡਰੋਨ ਨੇ ਮੁੜ ਤੋਂ ਦਿੱਤੀ ਭਾਰਤੀ ਸਰਹੱਦ ‘ਤੇ ਦਸਤਕ, ਕਰੋੜਾਂ ਦੀ ਹੈਰੋਇਨ ਹੋਈ ਬਰਾਮਦ
ਤਰਨਤਾਰਨ: ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ‘ਤੇ ਡਰੋਨ ਭੇਜਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ ਨੂੰ ਮਿਲੀ ਜਦੋਂ ਪਾਕਿਸਤਾਨੀ ਡਰੋਨ ਨੇ ਇਕ ਵਾਰ ਫਿਰ ਭਾਰਤੀ ਸਰਹੱਦ ‘ਤੇ ਦਸਤਕ ਦਿੱਤੀ। ਜਿਸ ਤੋਂ ਤੁਰੰਤ ਬਾਅਦ ਬੀ.ਐਸ.ਐਫ. ਅਤੇ ਪੁਲਿਸ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ 2.5 ਕਿਲੋ ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 12.5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਅਧੀਨ ਪੈਂਦੇ ਬੀ.ਓ.ਪੀ. ਕਰਨਲ ਸਿੰਘ ਵਾਲਾ ਰਾਹੀਂ ਦੇਰ ਰਾਤ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਬਾਹਰੀ ਇਲਾਕੇ ‘ਚ ਤਾਇਨਾਤ ਬੀ.ਐੱਸ.ਐੱਫ. 103 ਬਟਾਲੀਅਨ ਅਤੇ ਥਾਣਾ ਖਾਲੜਾ ਦੀ ਪੁਲੀਸ ਹਰਕਤ ਵਿੱਚ ਆ ਗਈ। ਡੀ.ਐਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਤੁਰੰਤ ਖਾਲੜਾ ਅਤੇ ਬੀ.ਐਸ.ਐਫ. ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਟੀਮ ਵੱਲੋਂ 1 ਪੈਕਟ ਹੈਰੋਇਨ (2.5 ਕਿਲੋ) ਬਰਾਮਦ ਕੀਤੀ ਗਈ। ਉਸ ਨੇ ਦੱਸਿਆ ਕਿ ਪੁਲਸ ਨੂੰ ਦੇਖ ਕੇ ਖੇਪ ਚੁੱਕਣ ਲਈ ਆਇਆ ਸ਼ੱਕੀ ਵਿਅਕਤੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਆਪਣਾ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਖਾਲੜਾ ਵਿੱਚ ਕੇਸ ਦਰਜ ਕਰਕੇ ਬਰਾਮਦ ਕੀਤੇ ਮੋਟਰਸਾਈਕਲ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।