National
PM ਮੋਦੀ ਨੇ ਕੇਰਲ ਲਈ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿਖਾ ਕੀਤਾ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਰਲ ਲਈ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੇਸ਼ ਦੀ ਪਹਿਲੀ ਵਾਟਰ ਮੈਟਰੋ ਸੇਵਾ ਦਾ ਉਦਘਾਟਨ ਕੀਤਾ। ਮੋਦੀ ਨੇ ਤਿਰੂਵਨੰਤਪੁਰਮ ਵਿੱਚ ਡਿਜੀਟਲ ਸਾਇੰਸ ਪਾਰਕ ਦਾ ਨੀਂਹ ਪੱਥਰ ਰੱਖਿਆ ਅਤੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਸਵੇਰੇ 11 ਵਜੇ ਤਿਰੂਵਨੰਤਪੁਰਮ ਸੈਂਟਰਲ ਰੇਲਵੇ ਸਟੇਸ਼ਨ ਪਹੁੰਚੇ ਅਤੇ ਤਿਰੂਵਨੰਤਪੁਰਮ-ਕਸਾਰਾਗੋਡ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਤਿਰੂਵਨੰਤਪੁਰਮ, ਕੋਲਮ, ਕੋਟਾਯਮ, ਏਰਨਾਕੁਲਮ, ਤ੍ਰਿਸੂਰ, ਪਲੱਕੜ, ਪਠਾਨਮਥਿੱਟਾ, ਮਲੱਪੁਰਮ, ਕੋਝੀਕੋਡ ਵਰਗੇ 11 ਜ਼ਿਲਿਆਂ ਨੂੰ ਕਵਰ ਕਰੇਗੀ। ਪ੍ਰਧਾਨ ਮੰਤਰੀ ਨੇ ਡਿੰਡੀਗੁਲ-ਪਲਾਨੀ-ਪਲੱਕੜ ਸੈਕਸ਼ਨ ਦੇ ਰੇਲ ਬਿਜਲੀਕਰਨ ਦਾ ਵੀ ਉਦਘਾਟਨ ਕੀਤਾ।
ਫਿਰ ਉਨ੍ਹਾਂ ਨੇ ਤਿਰੂਵਨੰਤਪੁਰਮ ਵਿੱਚ ਦੇਸ਼ ਦੇ ਪਹਿਲੇ ਡਿਜੀਟਲ ਸਾਇੰਸ ਪਾਰਕ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 1515 ਕਰੋੜ ਰੁਪਏ ਹੈ। ਪਹਿਲੇ ਪੜਾਅ ‘ਚ ਇਸ ‘ਤੇ 200 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਪੀਐਮ ਨੇ ਦੇਸ਼ ਦੀ ਪਹਿਲੀ ਵਾਟਰ ਮੈਟਰੋ ਸੇਵਾ ਦਾ ਵੀ ਉਦਘਾਟਨ ਕੀਤਾ। ਪੋਰਟ ਸਿਟੀ ਕੋਚੀ ਵਿੱਚ ਬਣੀ ਮੈਟਰੋ ਕੋਚੀ ਸ਼ਹਿਰ ਨੂੰ ਨੇੜਲੇ 10 ਟਾਪੂਆਂ ਨਾਲ ਜੋੜ ਦੇਵੇਗੀ।