National
PM ਮੋਦੀ ਅੱਜ ਮਹਾਰਾਸ਼ਟਰ ਦਾ ਕਰਨਗੇ ਦੌਰਾ, ਮੈਟਰੋ ਟਰੇਨ ਨੂੰ ਹਰੀ ਝੰਡੀ ਦਿਖਾ ਕੀਤਾ ਜਾਵੇਗਾ ਰਵਾਨਾ

1 AUGUST 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਉਹ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਪੁਣੇ ਪਹੁੰਚਣ ਤੋਂ ਬਾਅਦ ਪੀਐੱਮ ਮੋਦੀ ਦਗਦੂਸ਼ੇਠ ਮੰਦਰ ‘ਚ ਪੂਜਾ ਵੀ ਕਰਨਗੇ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼ਰਦ ਪਵਾਰ ਹੋਣਗੇ, ਜੋ ਪੀਐਮ ਮੋਦੀ ਨੂੰ ਸਨਮਾਨਿਤ ਕਰਨਗੇ। ਇਸ ਦੇ ਨਾਲ ਹੀ ਪੀਐਮ ਮੋਦੀ ਅਤੇ ਸ਼ਰਦ ਪਵਾਰ ਦੇ ਇੱਕੋ ਮੰਚ ‘ਤੇ ਆਉਣ ‘ਤੇ ਮਹਾਵਿਕਾਸ ਅਗਾੜੀ ਦੀ ਚਿੰਤਾ ਵੱਧ ਗਈ ਹੈ।
ਤਿਲਕ ਸਮਾਰਕ ਮੰਦਰ ਟਰੱਸਟ ਦੇ ਉਪ-ਚੇਅਰਮੈਨ ਰੋਹਿਤ ਤਿਲਕ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਪਵਾਰ ਪੁਰਸਕਾਰ ਸਮਾਰੋਹ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਵਾਰ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ, ਮਹਾਰਾਸ਼ਟਰ ਦੇ ਰਾਜਪਾਲ ਰਮੇਸ਼ ਬੈਸ ਅਤੇ ਟਰੱਸਟੀ ਸੁਸ਼ੀਲ ਕੁਮਾਰ ਸ਼ਿੰਦੇ ਵੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਰੋਹਿਤ ਤਿਲਕ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਗੈਰ-ਸਿਆਸੀ ਹੈ ਅਤੇ ਇਹ ਐਵਾਰਡ ਹਰ ਵਰਗ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ 41ਵੇਂ ਵਿਅਕਤੀ ਹੋਣਗੇ। ਇਸ ਤੋਂ ਪਹਿਲਾਂ ਇਹ ਪੁਰਸਕਾਰ ਸਾਬਕਾ ਰਾਸ਼ਟਰਪਤੀਆਂ ਡਾ: ਸ਼ੰਕਰ ਦਿਆਲ ਸ਼ਰਮਾ ਅਤੇ ਪ੍ਰਣਬ ਮੁਖਰਜੀ, ਸਾਬਕਾ ਪ੍ਰਧਾਨ ਮੰਤਰੀਆਂ ਅਟਲ ਬਿਹਾਰੀ ਵਾਜਪਾਈ, ਇੰਦਰਾ ਗਾਂਧੀ ਅਤੇ ਮਨਮੋਹਨ ਸਿੰਘ, ਪ੍ਰਸਿੱਧ ਕਾਰੋਬਾਰੀ ਐਨਆਰ ਨਰਾਇਣਮੂਰਤੀ ਅਤੇ ‘ਮੈਟਰੋ ਮੈਨ’ ਈ ਸ੍ਰੀਧਰਨ ਨੂੰ ਦਿੱਤਾ ਜਾ ਚੁੱਕਾ ਹੈ। ਪੀਐਮ ਮੋਦੀ ਦੁਪਹਿਰ 12.45 ਵਜੇ ਮੈਟਰੋ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਪੁਣੇ ਮੈਟਰੋ ਦੇ ਪਹਿਲੇ ਪੜਾਅ ਦੇ ਦੋ ਕੋਰੀਡੋਰਾਂ ਦੇ ਉਨ੍ਹਾਂ ਹਿੱਸਿਆਂ ‘ਤੇ ਮੈਟਰੋ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜਿੱਥੇ ਕੰਮ ਪੂਰਾ ਹੋ ਚੁੱਕਾ ਹੈ।