National
ਕਰਨਾਟਕ ਦੇ ਲੋਕਾਂ ਨੂੰ PM ਮੋਦੀ ਦੀ ਅਪੀਲ,ਕਿਹਾ- ਵੋਟਰਾਂ ਨੂੰ ਵੱਡੀ ਗਿਣਤੀ ‘ਚ ਪਾਉਣੀ ਚਾਹੀਦੀ ਵੋਟ
ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਵੋਟਰ ਸ਼ਾਮ 6 ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਰਨਾਟਕ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ‘ਚ ਵੱਡੀ ਗਿਣਤੀ ‘ਚ ਵੋਟ ਪਾਉਣ ਦਾ ਸੱਦਾ ਦਿੱਤਾ। ਪੀਐਮ ਮੋਦੀ ਨੇ ਟਵੀਟ ਕੀਤਾ, “ਮੈਂ ਕਰਨਾਟਕ ਦੇ ਲੋਕਾਂ, ਖਾਸ ਤੌਰ ‘ਤੇ ਨੌਜਵਾਨਾਂ ਅਤੇ ਪਹਿਲੀ ਵਾਰ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਅਤੇ ਲੋਕਤੰਤਰ ਦੇ ਜਸ਼ਨ ਨੂੰ ਭਰਪੂਰ ਬਣਾਉਣ ਦੀ ਅਪੀਲ ਕਰਦਾ ਹਾਂ।”
ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਰਨਾਟਕ ਦੇ ਲੋਕਾਂ ਨੇ ਪ੍ਰਗਤੀਸ਼ੀਲ, ਪਾਰਦਰਸ਼ੀ ਅਤੇ ਕਲਿਆਣਕਾਰੀ ਸਰਕਾਰ ਨੂੰ ਚੁਣਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਵੋਟ ਪਾਉਣ। ਖੜਗੇ ਨੇ ਕਿਹਾ, ”ਅਸੀਂ ਬਿਹਤਰ ਭਵਿੱਖ ਲਈ ਇਸ ਲੋਕਤੰਤਰੀ ਪ੍ਰਕਿਰਿਆ ‘ਚ ਹਿੱਸਾ ਲੈਣ ਲਈ ਪਹਿਲੀ ਵਾਰ ਆਏ ਆਪਣੇ ਵੋਟਰਾਂ ਦਾ ਸਵਾਗਤ ਕਰਦੇ ਹਾਂ।” ਕਰਨਾਟਕ ‘ਚ 5.3 ਕਰੋੜ ਤੋਂ ਵੱਧ ਵੋਟਰਾਂ ਵਾਲੀ 224 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚੋਂ 2.66 ਕਰੋੜ ਪੁਰਸ਼ ਅਤੇ 2.63 ਕਰੋੜ ਔਰਤਾਂ ਹਨ।
ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਕਰਨਾਟਕ ਵਿੱਚ 5.71 ਲੱਖ ਦਿਵਯਾਂਗ ਵੋਟਰ ਹਨ, 12.15 ਲੱਖ ਵੋਟਰ ਜਿਨ੍ਹਾਂ ਦੀ ਉਮਰ 80 ਸਾਲ ਜਾਂ ਇਸ ਤੋਂ ਵੱਧ ਹੈ ਅਤੇ 16,000 ਤੋਂ ਵੱਧ ਵੋਟਰ ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੱਧ ਹੈ। ਕਰਨਾਟਕ ‘ਚ ਜਿੱਥੇ ਸੱਤਾਧਾਰੀ ਭਾਜਪਾ ਦੱਖਣ ‘ਚ ਆਪਣਾ ਗੜ੍ਹ ਬਰਕਰਾਰ ਰੱਖ ਕੇ ਇਤਿਹਾਸ ਰਚਣਾ ਚਾਹੁੰਦੀ ਹੈ, ਉਥੇ ਹੀ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ‘ਚ ਸੱਤਾ ‘ਚ ਵਾਪਸੀ ਕਰਕੇ ਮਜ਼ਬੂਤ ਸੰਦੇਸ਼ ਦੇਣਾ ਚਾਹੁੰਦੀ ਹੈ। ਸੂਬੇ ‘ਚ ਮੁਕਾਬਲਾ ਮੁੱਖ ਤੌਰ ‘ਤੇ ਸੱਤਾਧਾਰੀ ਭਾਜਪਾ, ਕਾਂਗਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੀ ਪਾਰਟੀ ਜਨਤਾ ਦਲ (ਸੈਕੂਲਰ) ਵਿਚਾਲੇ ਮੰਨਿਆ ਜਾ ਰਿਹਾ ਹੈ।