Punjab
ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਣੇ 3 ਤਸਕਰ ਕੀਤੇ ਕਾਬੂ

ਤਰਨਤਾਰਨ 3 ਦਸੰਬਰ 2023 : ਸੀ.ਆਈ.ਏ. ਸਟਾਫ਼ ਤਰਨਤਾਰਨ ਦੀ ਪੁਲਿਸ ਨੇ 3 ਤਸਕਰਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਮੁਤਾਬਕ ਪੁਲਸ ਨੇ 3 ਕਿਲੋ 100 ਗ੍ਰਾਮ ਹੈਰੋਇਨ ਸਮੇਤ 1 ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਸਮੱਗਲਰਾਂ ਕੋਲੋਂ ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 15 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ।
ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਪੁਲਿਸ ਪਾਰਟੀ ਭਿੱਖੀਵਿੰਡ ਨੇੜੇ ਅੰਮਿ੍ਤਸਰ ਰੋਡ ‘ਤੇ ਪੁੱਜੀ | ਤਦ ਪੁਲਿਸ ਪਾਰਟੀ ਨੇ 1 ਸਵਿਫਟ ਡਿਜ਼ਾਇਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਨੂੰ ਦੇਖ ਕੇ ਕਾਰ ਚਾਲਕ ਨੇ ਰੁਕਣ ਦੀ ਬਜਾਏ ਆਪਣੀ ਰਫਤਾਰ ਹੋਰ ਵਧਾ ਦਿੱਤੀ। ਆਨੰਦਪੁਰ ਸਤਿਸੰਗ ਭਵਨ ਭਿੱਖੀਵਿੰਡ ਨੇੜੇ ਕਾਰ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਪੁਲਸ ਪਾਰਟੀ ਨੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਕੁੱਲ 3 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਹੋਈ। 1 ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਸੁਖਵੰਤ ਸਿੰਘ, ਜਗਬੀਰ ਸਿੰਘ ਉਰਫ਼ ਜੱਗਾ ਪੁੱਤਰ ਕਾਬਲ ਸਿੰਘ, ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਹਰਪਾਲ ਸਿੰਘ ਵਾਸੀ ਮਹਿੰਦੀਪੁਰ ਵਜੋਂ ਹੋਈ ਹੈ। ਫਰਾਰ ਮੁਲਜ਼ਮ ਗੁਰਲਾਲ ਸਿੰਘ ਉਰਫ ਗੱਬਰ ਪੁੱਤਰ ਹੀਰਾ ਸਿੰਘ ਵਾਸੀ ਮਹਿੰਦੀਪੁਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਕਤ ਦੋਸ਼ੀ ਗੁਆਂਢੀ ਦੇਸ਼ ਪਾਕਿਸਤਾਨ ‘ਚ ਬੈਠੇ ਸਮੱਗਲਰਾਂ ਨਾਲ ਸੰਪਰਕ ਕਰਕੇ ਹੈਰੋਇਨ ਦੀ ਖੇਪ ਹਾਸਲ ਕਰਦਾ ਸੀ। ਇਸ ਮੌਕੇ ਐੱਸ.ਪੀ. ਸਥਾਨਕ ਮਨਿੰਦਰ ਸਿੰਘ, ਡੀ.ਐਸ.ਪੀ. ਡੀ.ਅਰੁਣ ਸ਼ਰਮਾ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।