Punjab
ਰਾਜਨੀਤੀ ਤੋਂ ਪਰੇਸ਼ਾਨ ਸਾਬਕਾ ਫੋਜੀ ਨੇ ਸ਼ਹੀਦਾਂ ਦੇ ਸਥਾਨ ‘ਤੇ ਆਤਮਹੱਤਿਆ ਕਰਨ ਦੀ ਦਿੱਤੀ ਧਮਕੀ

ਫਿਰੋਜ਼ਪੁਰ, 13 ਜੁਲਾਈ (ਪਰਮਜੀਤ ਪੰਮਾ): ਸੂਬੇ ਅੰਦਰ ਜਦੋਂ ਤੋਂ ਕਾਂਗਰਸ ਸਰਕਾਰ ਆਈ ਹੈ ਉਦੋਂ ਤੋਂ ਹੀ ਕਾਂਗਰਸ ਪਾਰਟੀ ਨਾਲ ਸਬੰਧਿਤ ਮੰਤਰੀ ਵਿਵਾਦਾਂ ਵਿੱਚ ਆ ਰਹੇ ਹਨ। ਫਿਰ ਚਾਹੇ ਉਹ ਕਿਸੇ ਤੇ ਝੂਠੇ ਪਰਚੇ ਦੀ ਗੱਲ ਹੋਵੇ ਯਾ ਫਿਰ ਕਿਸੇ ਦੀ ਜਮੀਨ ਜਾਇਦਾਦ ਤੇ ਕਬਜ਼ਾ ਕਰਨ ਦੀ ਅਜਿਹਾ ਹੀ ਇੱਕ ਮਾਮਲਾ ਜਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਦੇਸ਼ ਦੀ ਰਾਖੀ ਕਰਨ ਵਾਲੇ ਇੱਕ ਸਾਬਕਾ ਫੋਜੀ ਨੇ ਦੋਸ਼ ਲਗਾਏ ਹਨ ਕਿ ਰਾਜਨੀਤਕ ਦਬਾਅ ਕਾਰਨ ਇੱਕ ਜਮੀਨ ਦੇ ਟੁਕੜੇ ਨੂੰ ਲੇਕੇ ਪਿਛਲੇ ਲੰਮੇ ਸਮੇਂ ਤੋਂ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਪੂਰੇ ਮਾਮਲੇ ਨੂੰ ਲੇਕੇ ਸਾਬਕਾ ਸੈਨਿਕ ਯੂਨੀਅਨ ਫਿਰੋਜ਼ਪੁਰ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਜਿਸ ਦੌਰਾਨ ਜਾਣਕਾਰੀ ਦਿੰਦਿਆਂ ਸਾਬਕਾ ਫੋਜੀ ਗੁਰਮੇਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਕਮੱਗਰ ਉਰਫ ਮਾਛੀਵਾੜਾ ਨੇ ਦੱਸਿਆ ਕਿ ਸਰਕਾਰੀ ਗੜੇ ਚੋਂ ਘਰ ਦੀ ਰੂੜੀ ਸੁੱਟਣ ਲਈ ਜਮੀਨ ਅਲਾਟ ਹੋਈ ਸੀ ਜਿਸ ਦਾ ਪਲਾਂਟ ਨੰ 301 ਹੈ। ਪਰ ਉਸ ਜਮੀਨ ਨੂੰ ਕੁੱਝ ਰਾਜਨੀਤਕ ਆਗੂਆਂ ਵੱਲੋਂ ਪੰਚਾਇਤੀ ਜਮੀਨ ਦਰਸਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸਨੂੰ ਹੌਲਦਾਰ ਗੁਰਮੇਲ ਸਿੰਘ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਬੀ ਡੀ ਪੀ ਓ ਬਲਾਕ ਘੱਲ ਖੁਰਦ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਪਰ ਰਾਜਨੀਤਕ ਦਬਾਅ ਕਾਰਨ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਉਸਨੂੰ ਜਮੀਨ ਛੱਡਣ ਲਈ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹੌਲਦਾਰ ਗੁਰਮੇਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਇੰਨਸਾਫ਼ ਦੀ ਗੁਹਾਰ ਲਗਾਉਂਦੇ ਇਹ ਚੇਤਾਵਨੀ ਦਿੱਤੀ ਹੈ ਕਿ ਅਗਰ ਉਸਨੂੰ ਇੰਨਸਾਫ਼ ਨਾ ਮਿਲਿਆ ਤਾਂ ਉਹ ਸਹੀਦਾਂ ਦੇ ਸਥਾਨ ਸਾਰਾਗੜ੍ਹੀ ਯਾਂ ਫਿਰ ਹੁਸੈਨੀਵਾਲਾ ਵਿਖੇ ਆਤਮਹੱਤਿਆ ਕਰ ਲਵੇਗਾ ਜਿਸ ਦਾ ਜਿਮੇਵਾਰ ਖੁਦ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਹੋਵੇਗਾ।

ਦੂਜੇ ਪਾਸੇ ਇਸ ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪਿਛਲੇ ਦਿਨੀਂ ਸੋਸਲ ਮੀਡੀਆ ਤੇ ਜੋ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੇ ਜੋ ਸਿੱਖਾਂ ਅਤੇ ਉਨ੍ਹਾਂ ਦੀਆਂ ਧੀਆਂ ਭੈਣਾਂ ਲਈ ਜੋ ਗਲਤ ਸਬਦਾਵਲੀ ਵਰਤੀ ਹੈ। ਉਸਨੂੰ ਲੇਕੇ ਸੁਧੀਰ ਸੂਰੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਅਗਰ ਸਰਕਾਰ ਨੇ ਸਿੱਖ ਵਿਰੋਧੀ ਰਣਨੀਤੀ ਅਪਣਾਈ ਤਾਂ ਉਹ ਧਰਨੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ ਜਿਸ ਦੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।