Connect with us

Punjab

ਨਹੀਂ ਹੋਵੇਗੀ ਅਕਾਲੀ ਦਲਾਂ ਵਿੱਚ ਏਕਤਾ-ਪ੍ਰੋ. ਪ੍ਰੇਮ ਚੰਦੂਮਾਜਰਾ ਹੋ ਸਕਦੇ ਨੇ ਬਾਦਲ ਦਲ ਵਿੱਚ ਸ਼ਾਮਲ ! 

Published

on

ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲਾਂ ਦੀ ਏਕਤਾ ਬਾਰੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਬੀਤੇ ਦਿਨ ਨਵੇਂ ਅਕਾਲੀ ਦਲ ਦੇ ਪ੍ਰਮੁੱਖ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਵੱਖ-ਵੱਖ ਟੀਵੀ ਚੈਨਲਾਂ ਨੂੰ ਦਿੱਤੀਆਂ ਇੰਟਰਵਿਊਆਂ ਨੇ ਕਈ ਨਵੇਂ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਦੀ ਭਾਸ਼ਾ ਅਤੇ ਲਹਿਜ਼ੇ ਵਿੱਚ ਆਈ ਨਰਮੀ ਤੋਂ ਸਿਆਸੀ ਹਲਕਿਆਂ ਵਿੱਚ ਇਹ ਸੰਦੇਸ਼ ਜਾ ਰਿਹਾ ਹੈ ਕਿ ਸ਼ਾਇਦ ਉਹ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ ) ਨਾਲ ਸਾਂਝ ਬਣਾਉਣ ਵੱਲ ਵਧ ਰਹੇ ਹਨ। ਪਹਿਲਾਂ ਜਿੱਥੇ ਇਹ ਧੜਾ ਸਪੱਸ਼ਟ ਤੌਰ ‘ਤੇ ਕਹਿੰਦਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਏਕਤਾ ਸੰਭਵ ਨਹੀਂ, ਉੱਥੇ ਹੁਣ ਚੰਦੂਮਾਜਰਾ ਸਿਰਫ਼ ਇਹ ਕਹਿੰਦੇ ਸੁਣੇ ਗਏ ਕਿ “ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਇਕੱਠਾ ਹੋਵੇ।” ਇਸ ਬਦਲੇ ਰੁਖ ਨੇ ਕਈ ਅਟਕਲਾਂ ਨੂੰ ਜਨਮ ਦਿੱਤਾ ਹੈ।
ਜਦੋਂ ਫੋਨ ਰਾਹੀਂ ਉਨ੍ਹਾਂ ਤੋਂ ਸਿੱਧਾ ਸਵਾਲ ਕੀਤਾ ਗਿਆ ਕਿ ਕੀ ਦੋਵੇਂ ਅਕਾਲੀ ਦਲ ਇਕੱਠੇ ਹੋ ਰਹੇ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਐਸੀ ਕੋਈ ਗੱਲ ਨਹੀਂ। ਪਰ ਜਦੋਂ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਆਦੇਸ਼ਾਂ ਦੀ ਉਲੰਘਣਾ ਕਰਕੇ ਸੁਖਬੀਰ ਬਾਦਲ ਵੱਲੋਂ ਕੀਤੀ ਗਈ ਭਰਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਥਾਂ “ਹੈਲੋ-ਹੈਲੋ” ਕਹਿ ਕੇ ਫੋਨ ਕੱਟ ਦਿੱਤਾ। ਬਾਅਦ ਵਿੱਚ ਵੀ ਸੰਪਰਕ ਨਹੀਂ ਹੋ ਸਕਿਆ। ਇਹ ਘਟਨਾ ਵੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਮਾਮਲਾ ਸੰਵੇਦਨਸ਼ੀਲ ਹੈ ਅਤੇ ਖੁੱਲ੍ਹ ਕੇ ਸਥਿਤੀ ਸਾਫ਼ ਕਰਨ ਤੋਂ ਹਿਚਕਚਾਹਟ ਹੈ।
ਸਿਆਸੀ ਤੌਰ ‘ਤੇ ਦੇਖਿਆ ਜਾਵੇ ਤਾਂ ਮਾਮਲਾ ਸਿਰਫ਼ ਭਾਵਨਾਤਮਕ ਨਹੀਂ, ਬਲਕਿ ਰਣਨੀਤਿਕ ਵੀ ਹੈ। ਨਵੇਂ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਕੋਲ “ਅਕਾਲੀ ਦਲ” ਨਾਮ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਇਹ ਖ਼ਬਰਾਂ ਵੀ ਚੱਲ ਰਹੀਆਂ ਹਨ ਕਿ ਪਟੀਸ਼ਨ ਪ੍ਰਵਾਨ ਹੋ ਚੁੱਕੀ ਹੈ। ਹੁਣ ਫੈਸਲਾ ਇਸ ਗੱਲ ‘ਤੇ ਹੋਣਾ ਹੈ ਕਿ ਪਾਰਟੀ ਨੂੰ ਅਧਿਕਾਰਕ ਤੌਰ ‘ਤੇ ਟੁੱਟਿਆ ਹੋਇਆ ਮੰਨਿਆ ਜਾਵੇ ਜਾਂ ਨਹੀਂ, ਅਤੇ ਕਿਹੜੇ ਧੜੇ ਕੋਲ ਕਿੰਨੇ ਵਿਧਾਇਕ ਤੇ ਆਗੂ ਹਨ। ਇਸੇ ਅਧਾਰ ‘ਤੇ ਚੋਣ ਨਿਸ਼ਾਨ “ਤੱਕੜੀ” ਬਾਰੇ ਵੀ ਫੈਸਲਾ ਹੋਣਾ ਹੈ। ਜੇਕਰ ਅਧਿਕਾਰਕ ਤੌਰ ‘ਤੇ ਵੱਡੀ ਗਿਣਤੀ ਨਵੇਂ ਧੜੇ ਕੋਲ ਹੋਈ ਤਾਂ ਬਾਦਲ ਧੜੇ ਲਈ ਵੱਡਾ ਸਿਆਸੀ ਝਟਕਾ ਹੋ ਸਕਦਾ ਹੈ।
ਇਸ ਪ੍ਰਸੰਗ ਵਿੱਚ ਇਹ ਵੀ ਮਹੱਤਵਪੂਰਨ ਹੈ ਕਿ ਹਲਕਾ ਸਨੌਰ, ਜਿੱਥੇ ਚੰਦੂਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਿਆਸੀ ਤੌਰ ‘ਤੇ ਸਰਗਰਮ ਹਨ, ਉੱਥੇ ਅਜੇ ਤੱਕ ਬਾਦਲ ਧੜੇ ਵੱਲੋਂ ਇੰਚਾਰਜ ਦੀ ਨਿਯੁਕਤੀ ਨਹੀਂ ਕੀਤੀ ਗਈ, ਜਦਕਿ ਬਾਕੀ ਬਹੁਤ ਸਾਰੇ ਹਲਕਿਆਂ ਵਿੱਚ ਇੰਚਾਰਜ ਲਗਾਏ ਜਾ ਚੁੱਕੇ ਹਨ। ਇਸਨੂੰ ਵੀ ਕਈ ਵਿਸ਼ਲੇਸ਼ਕ ਸੰਭਾਵੀ ਸਮਝੌਤੇ ਦੀ ਸੰਕੇਤਕ ਚਾਲ ਮੰਨ ਰਹੇ ਹਨ। ਸੁਖਬੀਰ ਬਾਦਲ ਨੂੰ ਸਿਆਸੀ ਸ਼ਤਰੰਜ ਦਾ ਮਾਹਿਰ ਖਿਡਾਰੀ ਕਿਹਾ ਜਾਂਦਾ ਹੈ ਅਤੇ ਮੌਜੂਦਾ ਹਾਲਾਤਾਂ ਵਿੱਚ ਉਹ ਵੱਡੇ ਬਾਗੀ ਆਗੂਆਂ ਨੂੰ ਵਾਪਸ ਲਿਆ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਚੋਣ ਕਮਿਸ਼ਨ ਦੇ ਸੰਭਾਵੀ ਫੈਸਲੇ ਤੋਂ ਪਹਿਲਾਂ ਆਪਣੇ ਪੱਖ ਨੂੰ ਭਾਰੀ ਦਿਖਾਇਆ ਜਾ ਸਕੇ।
ਦੂਜੇ ਪਾਸੇ, ਜੇਕਰ ਚੰਦੂਮਾਜਰਾ ਵਰਗੇ ਪ੍ਰਮੁੱਖ ਆਗੂ ਵਾਪਸੀ ਕਰਦੇ ਹਨ ਤਾਂ ਨਵੇਂ ਅਕਾਲੀ ਦਲ ਦੀ ਸਥਿਤੀ ਵੀ ਥੋੜ੍ਹੀ ਕਮਜ਼ੋਰ ਹੋ ਸਕਦੀ ਹੈ। ਇਹ ਵੀ ਸੰਭਵ ਹੈ ਕਿ ਏਕਤਾ ਦੀਆਂ ਗੱਲਾਂ ਸਿਰਫ਼ ਦਬਾਅ ਬਣਾਉਣ ਲਈ ਹੋਣ ਅਤੇ ਅਸਲ ਮਕਸਦ ਚੋਣ ਨਿਸ਼ਾਨ ਅਤੇ ਪਾਰਟੀ ਦੇ ਕਾਨੂੰਨੀ ਹੱਕਾਂ ਨੂੰ ਬਚਾਉਣਾ ਹੋਵੇ। ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਦੀ ਭੂਮਿਕਾ ਇਤਿਹਾਸਕ ਰਹੀ ਹੈ, ਇਸ ਲਈ ਇਸ ਦਾ ਵਿਭਾਜਨ ਜਾਂ ਏਕਤਾ ਸਿਰਫ਼ ਇੱਕ ਪਾਰਟੀ ਦਾ ਮਸਲਾ ਨਹੀਂ, ਸਗੋਂ ਵੱਡੇ ਪੱਧਰ ‘ਤੇ ਸਿਆਸੀ ਸੰਤੁਲਨ ਨੂੰ ਪ੍ਰਭਾਵਿਤ ਕਰਨ ਵਾਲਾ ਤੱਤ ਹੈ।
ਫਿਲਹਾਲ ਸਪੱਸ਼ਟ ਤਸਵੀਰ ਸਾਹਮਣੇ ਨਹੀਂ ਆਈ, ਪਰ ਚੰਦੂਮਾਜਰਾ ਦੀ ਬਦਲੀ ਹੋਈ ਭਾਸ਼ਾ, ਸਨੌਰ ਹਲਕੇ ਵਿੱਚ ਇੰਚਾਰਜ ਦੀ ਨਿਯੁਕਤੀ ਰੋਕੀ ਜਾਣੀ, ਅਤੇ ਚੋਣ ਕਮਿਸ਼ਨ ਅੱਗੇ ਚੱਲ ਰਹੀ ਪ੍ਰਕਿਰਿਆ ਇਹ ਦਰਸਾਉਂਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਦੀ ਸਿਆਸਤ ਵਿੱਚ ਵੱਡਾ ਮੋੜ ਆ ਸਕਦਾ ਹੈ। ਸੰਭਾਵੀ ਏਕਤਾ ਬਾਰੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੇ ਕੁੱਝ ਆਗੂਆਂ ਨਾਲ ਗੱਲਬਾਤ ਕੀਤੀ ਗਈ ਟ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਦੇ ਏਕਤਾ ਨਹੀਂ ਹੋ ਸਕਦੀ।ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਏਕਤਾ ਸੱਚਮੁੱਚ ਸੰਭਵ ਬਣਦੀ ਹੈ ਜਾਂ ਫਿਰ ਇਹ ਸਿਰਫ਼ ਰਣਨੀਤਿਕ ਚਾਲ ਸਾਬਤ ਹੁੰਦੀ ਹੈ, ਅਤੇ ਕੀ ਬਾਦਲ ਧੜਾ ਆਪਣਾ ਰਵਾਇਤੀ ਚੋਣ ਨਿਸ਼ਾਨ ਬਚਾ ਪਾਉਂਦਾ ਹੈ ਜਾਂ ਨਹੀਂ।

 

ਕੁਲਵੰਤ ਸਿੰਘ ਗੱਗੜਪੁਰੀ