Connect with us

Punjab

ਚੰਨੀ ਦੇ ਬਿਆਨ ਦਾ ਪੋਸਟ ਮਾਰਟਮ: ਕੀ ਸੱਚਮੁੱਚ ਐੱਸ ਸੀ ਭਾਈਚਾਰੇ ਨਾਲ ਵਿਤਕਰਾ ਹੋ ਰਿਹਾ ਹੈ ? 

Published

on

PUNJAB : ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤਾ ਗਿਆ ਬਿਆਨ—ਕਿ ਕਾਂਗਰਸ ਪਾਰਟੀ ਅੰਦਰ ਦਲਿਤ ਭਾਈਚਾਰੇ ਨਾਲ ਵਿਤਕਰਾ ਹੋ ਰਿਹਾ ਹੈ—ਸਿਆਸਤ ਵਿੱਚ ਨਵੀਂ ਚਰਚਾ ਨੂੰ ਜਨਮ ਦਿੰਦਾ ਹੈ। ਚੰਨੀ ਨੇ ਦਲੀਲ ਦਿੱਤੀ ਕਿ ਪਾਰਟੀ ਦੇ ਸੂਬਾ ਪ੍ਰਧਾਨ, ਵਿਰੋਧੀ ਧਿਰ ਦੇ ਆਗੂ, ਯੂਥ ਵਿੰਗ ਅਤੇ ਮਹਿਲਾ ਵਿੰਗ—ਸਾਰੇ ਜੱਟ ਸਿੱਖ ਹਨ। ਇਸ ਬਿਆਨ ਦਾ ਨਿਰਪੱਖ ਪੋਸਟ ਮਾਰਟਮ ਕਰਨ ਲਈ ਜਾਤੀ ਅਨੁਸਾਰ ਵੋਟ ਪ੍ਰਤੀਸ਼ਤ ਅਤੇ ਉਸ ਦੇ ਮੁਕਾਬਲੇ ਮਿਲ ਰਹੀ ਨੁਮਾਇੰਦਗੀ ਨੂੰ ਸਮਝਣਾ ਲਾਜ਼ਮੀ ਹੈ।

ਪੰਜਾਬ ਵਿੱਚ ਜੱਟ ਸਿੱਖ ਇਕੱਲੀ ਅਜਿਹੀ ਜਾਤ ਹੈ ਜਿਸਦੀ ਵੋਟ ਪ੍ਰਤੀਸ਼ਤ ਲਗਭਗ 20–22 ਫੀਸਦੀ ਦੱਸੀ ਜਾਂਦੀ ਹੈ ਨੁਮਾਇੰਦਗੀ ਉਸ ਤੋਂ ਕਿਤੇ ਵੱਧ।ਦੂਜੇ ਪਾਸੇ ਐੱਸ ਸੀ ਭਾਈਚਾਰਾ ਕੁੱਲ ਮਿਲਾ ਕੇ 35–38 ਫੀਸਦੀ ਵੋਟਾਂ ਰੱਖਦਾ ਹੈ, ਪਰ ਇਹ ਇਕਸਾਰ ਇਕਾਈ ਨਹੀਂ। ਐੱਸ ਸੀ ਭਾਈਚਾਰੇ ਵਿੱਚ 37 ਵੱਖ-ਵੱਖ ਬਰਾਦਰੀਆਂ ਹਨ। ਜੇਕਰ ਦਲਿਤ ਵੋਟ ਨੂੰ 100 ਫੀਸਦੀ ਮੰਨ ਕੇ ਵੰਡਿਆ ਜਾਵੇ ਤਾਂ ਸਭ ਤੋਂ ਵੱਡਾ ਹਿੱਸਾ ਮਜ਼੍ਹਬੀ ਸਿੱਖਾਂ ਦਾ (31–33 ਫੀਸਦੀ) ਹੈ, ਦੂਜੇ ਨੰਬਰ ’ਤੇ ਰਵਿਦਾਸੀਆ ਭਾਈਚਾਰਾ (ਲਗਭਗ 26 ਫੀਸਦੀ), ਤੀਜੇ ਨੰਬਰ ’ਤੇ ਆਦਿ ਧਰਮੀ (14 ਫੀਸਦੀ) ਅਤੇ ਚੌਥੇ ਨੰਬਰ ’ਤੇ ਵਾਲਮੀਕੀ (11 ਫੀਸਦੀ) ਹਨ। ਬਾਜ਼ੀਗਰ ਬਰਾਦਰੀ ਦੀ ਵੋਟ ਲਗਭਗ 4 ਫੀਸਦੀ ਹੈ, ਜਦਕਿ ਬਾਕੀ 31 ਜਾਤੀਆਂ ਮਿਲਾ ਕੇ ਕਰੀਬ 16 ਫੀਸਦੀ ਬਣਦੀਆਂ ਹਨ।

ਸਵਾਲ ਇਹ ਹੈ ਕਿ ਕੀ ਇਸ ਵੋਟ ਪ੍ਰਤੀਸ਼ਤ ਦੇ ਅਨੁਪਾਤ ਵਿੱਚ ਸਾਰੀਆਂ ਐੱਸ ਸੀ ਬਰਾਦਰੀਆਂ ਨੂੰ ਸਿਆਸੀ ਨੁਮਾਇੰਦਗੀ ਮਿਲ ਰਹੀ ਹੈ? ਇਮਾਨਦਾਰ ਜਵਾਬ ਹੈ—ਨਹੀਂ। ਕਾਂਗਰਸ ਪਾਰਟੀ ਅੰਦਰ ਹੀ ਨਹੀਂ, ਲਗਭਗ ਹਰ ਵੱਡੀ ਪਾਰਟੀ ਵਿੱਚ ਇਹ ਅਸਮਾਨਤਾ ਦਿਖਾਈ ਦਿੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਮਜ਼੍ਹਬੀ ਸਿੱਖ ਭਾਈਚਾਰੇ ਦੀ ਦਲਿਤ ਵੋਟ ਵਿੱਚ ਸਭ ਤੋਂ ਵੱਡੀ ਹਿਸੇਦਾਰੀ ਹੈ, ਉਸ ਨੂੰ ਰਵਿਦਾਸੀਆ ਭਾਈਚਾਰੇ ਨਾਲੋਂ ਘੱਟ ਨੁਮਾਇੰਦਗੀ ਮਿਲੀ ਹੈ। ਹਕੀਕਤ ਇਹ ਹੈ ਕਿ ਰਵਿਦਾਸੀਆ ਭਾਈਚਾਰਾ ਆਰਥਿਕ ਤੌਰ ’ਤੇ ਮਜ਼ਬੂਤ ਹੋਣ, ਖਾਸ ਕਰਕੇ ਚਮੜਾ ਵਪਾਰ ਵਿੱਚ ਪਕੜ, ਅਤੇ ਪੜ੍ਹਾਈ-ਲਿਖਾਈ ਵਿੱਚ ਅੱਗੇ ਹੋਣ ਕਾਰਨ ਸਿਆਸੀ ਤੌਰ ’ਤੇ ਵੀ ਵੱਧ ਜਾਗਰੂਕ ਬਣਿਆ। ਇਸ ਜਾਗਰੂਕਤਾ ਨੇ ਉਨ੍ਹਾਂ ਨੂੰ ਆਪਣੀ ਵੋਟ ਦਾ “ਮੁੱਲ” ਵੱਧ ਪੁਆਉਣ ਜੋਗਾ ਬਣਾਇਆ। ਇਸਦੇ ਉਲਟ, ਮਜ਼੍ਹਬੀ ਸਿੱਖ ਭਾਈਚਾਰਾ ਲੰਮੇ ਸਮੇਂ ਤੱਕ ਮਜ਼ਦੂਰੀ ਅਤੇ ਛੋਟੀ ਖੇਤੀ ਨਾਲ ਜੁੜਿਆ ਰਿਹਾ। ਆਰਥਿਕ ਪਿੱਛੜੇਪਨ ਅਤੇ ਸਿੱਖਿਆ ਦੀ ਘਾਟ ਕਾਰਨ ਇੱਥੋਂ ਮਜ਼ਬੂਤ ਲੀਡਰਸ਼ਿਪ ਘੱਟ ਉਭਰ ਸਕੀ, ਜਿਸਦਾ ਸਿੱਧਾ ਅਸਰ ਸਿਆਸੀ ਨੁਮਾਇੰਦਗੀ ’ਤੇ ਪਿਆ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਦੇ ਸ਼ਾਸਨ ਕਾਲ ਦੌਰਾਨ ਮਜ਼੍ਹਬੀ ਸਿੱਖਾਂ ਨੂੰ ਅਕਾਲੀ ਦਲ ਵਿੱਚ ਕਾਫ਼ੀ ਵਧੀਆ ਨੁਮਾਇੰਦਗੀ ਮਿਲੀ—ਤਿੰਨ-ਤਿੰਨ ਮੰਤਰੀ ਬਾਦਲ ਮੰਤਰੀ ਮੰਡਲ ਵਿੱਚ ਰਹੇ ਅਤੇ ਚਰਨਜੀਤ ਸਿੰਘ ਅਟਵਾਲ ਵਿਧਾਨ ਸਭਾ ਦੇ ਸਪੀਕਰ ਬਣੇ—ਪਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੌਰ ਵਿੱਚ ਉੱਥੇ ਵੀ ਇਹ ਭਾਈਚਾਰਾ ਹਾਸਿਏ ’ਤੇ ਚਲਾ ਗਿਆ।

ਇਸ ਪਿਛੋਕੜ ਵਿੱਚ ਚੰਨੀ ਦੇ ਬਿਆਨ ਵਿੱਚ ਕੁੱਝ ਹੱਦ ਤੱਕ ਸੱਚਾਈ ਜ਼ਰੂਰ ਨਜ਼ਰ ਆਉਂਦੀ ਹੈ, ਪਰ ਪੂਰੀ ਤਸਵੀਰ ਇਹ ਨਹੀਂ ਕਿ ਸਿਰਫ਼ “ਵਿਤਕਰਾ” ਹੋ ਰਿਹਾ ਹੈ। ਵਧੇਰੇ ਸਹੀ ਗੱਲ ਇਹ ਹੈ ਕਿ ਦਲਿਤ ਭਾਈਚਾਰੇ ਦੇ ਵੱਡੇ ਹਿੱਸੇ ਸਿਆਸਤ ਵਿੱਚ ਆਪਣਾ ਮੁੱਲ ਪੁਆਉਣ ਲਈ ਲੋੜੀਂਦੀ ਇਕਜੁਟਤਾ, ਜਾਗਰੂਕਤਾ ਅਤੇ ਲੀਡਰਸ਼ਿਪ ਤੋਂ ਵੰਚਿਤ ਰਹੇ ਹਨ। ਦੂਜੇ ਪਾਸੇ ਜੱਟ ਸਿੱਖ ਭਾਈਚਾਰਾ ਆਪਣੀ 20–22 ਫੀਸਦੀ ਵੋਟ ਦੇ ਬਾਵਜੂਦ ਉਸ ਨਾਲੋਂ ਕਿਤੇ ਵੱਧ ਨੁਮਾਇੰਦਗੀ ਹਾਸਲ ਕਰਦਾ ਆ ਰਿਹਾ ਹੈ, ਜਿਸਦਾ ਕਾਰਨ ਉਸ ਦੀ ਆਰਥਿਕ ਮਜ਼ਬੂਤੀ, ਸਿੱਖਿਆ ਅਤੇ ਸਿਆਸੀ ਸੌਦੇਬਾਜ਼ੀ ਦੀ ਸਮਝ ਹੈ।
ਗੁਰੂ ਜੀ ਫੁਰਮਾਉਂਦੇ ਹਨ—“ਕੋਊ ਕਿਸੀ ਕੋ ਰਾਜ ਨਾ ਦੇਹਿ, ਜੋ ਲੇਹਿ ਨਿਜ ਬਲ ਤੇ ਲੇਹਿ”—ਇੱਥੇ ਬਿਲਕੁਲ ਫਿੱਟ ਬੈਠਦਾ ਹੈ। ਰਾਜ ਜਾਂ ਹੱਕ ਕੋਈ ਦਾਨ ਵਿੱਚ ਨਹੀਂ ਦਿੰਦਾ; ਉਹ ਆਪਣੇ ਬਲ ’ਤੇ ਹੀ ਲਏ ਜਾਂਦੇ ਹਨ। ਇਸ ਲਈ ਕਹਿਣਾ ਪਵੇਗਾ ਕਿ ਐੱਸ ਸੀ ਭਾਈਚਾਰੇ ਨੂੰ ਅਣਗੌਲਿਆ ਜਾਣਾ ਇੱਕ ਹਕੀਕਤ ਹੈ, ਪਰ ਨਾਲ ਹੀ ਇਹ ਵੀ ਸੱਚ ਹੈ ਕਿ ਆਰਥਿਕ, ਸਮਾਜਿਕ ਅਤੇ ਸਿੱਖਿਆ ਪੱਖ ਦੀਆਂ ਕਮਜ਼ੋਰੀਆਂ ਨੇ ਇਸ ਭਾਈਚਾਰੇ ਨੂੰ ਬਲਹੀਣ ਬਣਾਇਆ ਹੋਇਆ ਹੈ।
ਆਖ਼ਰ ਵਿੱਚ ਨਤੀਜਾ ਸਾਫ਼ ਹੈ: ਵੱਡੀ ਵੋਟ ਪ੍ਰਤੀਸ਼ਤ ਆਪਣੇ ਆਪ ਵਿੱਚ ਕਾਫ਼ੀ ਨਹੀਂ। ਉਸ ਵੋਟ ਨੂੰ ਦਿਸ਼ਾ ਦੇਣ ਲਈ ਮਜ਼ਬੂਤ, ਪੜ੍ਹੀ-ਲਿਖੀ ਅਤੇ ਇਕਜੁਟ ਲੀਡਰਸ਼ਿਪ ਦੀ ਲੋੜ ਹੁੰਦੀ ਹੈ। ਜਦ ਤੱਕ ਐੱਸ ਸੀ ਭਾਈਚਾਰਾ ਇਸ ਪੱਖੋਂ ਮਜ਼ਬੂਤ ਨਹੀਂ ਹੁੰਦਾ, ਚੰਨੀ ਵਰਗੇ ਬਿਆਨ ਸਿਆਸੀ ਚਰਚਾ ਤਾਂ ਬਣਨਗੇ, ਪਰ ਹਕੀਕਤੀ ਤਬਦੀਲੀ ਮੁਸ਼ਕਲ ਰਹੇਗੀ।

ਕੁਲਵੰਤ ਸਿੰਘ ਗੱਗੜਪੁਰੀ