National
ਰਾਸ਼ਟਰਪਤੀ ਰਾਜਨਾਥ ਕੋਵਿੰਦ ਅੱਜ ਕਾਰਗਿਲ ਦੇ ਸ਼ਹਿਦਾਂ ਨੂੰ ਦੇਣਗੇ ਸ਼ਰਧਾਂਜਲੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਐਤਵਾਰ ਦੁਪਹਿਰ ਜੰਮੂ-ਕਸ਼ਮੀਰ ਤੇ ਲੱਦਾਖ ਦੇ ਚਾਰ ਦਿਨਾ ਦੌਰੇ ‘ਤੇ ਪਹੁੰਚ ਗਏ ਹਨ। ਧਾਰਾ 370 ਹਟਾਉਣ ਤੋਂ ਬਾਅਦ ਇਹ ਉਨ੍ਹਾਂ ਦਾ ਜੰਮੂ-ਕਸ਼ਮੀਰ ਦਾ ਪਹਿਲਾ ਦੌਰਾ ਹੈ। ਸੋਮਵਾਰ ਨੂੰ ਰਾਸ਼ਟਰਪਤੀ ਕਾਰਗਿਲ ਦੇ ਦਰਾਸ ‘ਚ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦੇਣਗੇ। ਸ੍ਰੀਨਗਰ ਪਹੁੰਚਣ ‘ਤੇ ਰਾਸ਼ਟਰਪਤੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਦੇ ਨਾਲ ਹੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਆਪਣੇ ਕਾਰਜਕਾਲ ਦੇ ਚਾਰ ਸਾਲ ਵੀ ਪੂਰੇ ਕੀਤੇ। ਰਾਸ਼ਟਰਪਤੀ ਸਵੇਰੇ 11.46 ਵਜੇ ਸ੍ਰੀਨਗਰ ਏਅਰਪੋਰਟ ਪਹੁੰਚੇ ਤੇ ਇਸ ਤੋਂ ਬਾਅਦ ਰਾਜ ਭਵਨ ਰਵਾਨਾ ਹੋ ਗਏ। ਪੂਰੇ ਸ੍ਰੀਨਗਰ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਏਅਰਪੋਰਟ ਤੋਂ ਰਾਜ ਭਵਨ ਤਕ ਦੇ ਮਾਰਗ ਨੂੰ ਸੀਲ ਕਰ ਦਿੱਤਾ ਹੈ। ਸ੍ਰੀਨਗਰ ਏਅਰਪੋਰਟ ‘ਤੇ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਉਪ ਰਾਜਪਾਲ ਮਨੋਜ ਸਿਨਹਾ ਤੋਂ ਇਲਾਵਾ ਪੁਲਿਸ ਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਜੂਦ ਸਨ।
ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਚਾਰ ਦਿਨ ਦੀ ਯਾਤਰਾ ਦੌਰਾਨ ਰਾਸ਼ਟਰਪਤੀ ਕਾਰਗਿਲ ਵਿਜੇ ਦਿਵਸ ਦੇ 22 ਸਾਲ ਪੂਰੇ ਹੋਣ ‘ਤੇ ਦਰਾਸ ਵਾਰ ਮੈਮੋਰੀਅਲ ‘ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣਗੇ। ਲੱਦਾਖ ਦੇ ਉਪ ਰਾਜਪਾਲ ਆਰਕੇ ਮਾਥੁਰ, ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਮੇਤ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਉਥੇ ਲੱਦਾਖ ਤੋਂ ਲੈ ਕੇ ਕਸ਼ਮੀਰ ‘ਚ ਸੁਰੱਖਿਆ ਵਿਵਸਥਾ ਸਖਤ ਹੈ। ਦਰਾਸ ਤੋਂ ਪਰਤ ਕੇ ਰਾਸ਼ਟਰਪਤੀ 27 ਜੁਲਾਈ ਮੰਗਲਵਾਰ ਨੂੰ ਕਸ਼ਮੀਰ ਯੂਨੀਵਰਸਿਟੀ ਦੇ 19ਵੇਂ ਡਿਗਰੀ ਵੰਡ ਸਮਾਗਮ ਵਿਚ ਹਿੱਸਾ ਲੈਣਗੇ। ਉਪ ਰਾਜਪਾਲ ਮਨੋਜ ਸਿਨਹਾ ਅਤੇ ਕਸ਼ਮੀਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰਰੋ.ਤਲਤ ਅਹਿਮਦ ਵੀ ਮੌਜੂਦ ਰਹਿਣਗੇ। ਇਹ ਡਿਗਰੀ ਵੰਡ ਸਮਾਗਮ ਨੌਂ ਸਾਲ ਬਾਅਦ ਹੋ ਰਿਹਾ ਹੈ। ਰਾਸ਼ਟਰਪਤੀ ਬੁੱਧਵਾਰ ਨੂੰ ਦਿੱਲੀ ਰਵਾਨਾ ਹੋਣਗੇ।