Uncategorized
ਪੀ.ਆਰ.ਟੀ.ਸੀ. ਤੇਲ ਦੀ ਘੱਟ ਖਪਤ ਕਰਕੇ ਬਣਿਆ ਦੇਸ਼ ਦਾ ਦੂਸਰਾ ਸਭ ਤੋਂ ਸਰਵੋਤਮ ਅਦਾਰਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ
ਪੀ.ਆਰ.ਟੀ.ਸੀ. ਤੇਲ ਦੀ ਘੱਟ ਖਪਤ ਕਰਕੇ ਬਣਿਆ ਦੇਸ਼ ਦਾ ਦੂਸਰਾ ਸਭ ਤੋਂ ਸਰਵੋਤਮ ਅਦਾਰਾ-ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਆਨ-ਲਾਈਨ ਸਮਾਗਮ ‘ਚ ਸ਼ਿਰਕਤ ਕਰਕੇ ਹਾਸਲ ਕੀਤਾ ਅਵਾਰਡ
ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਕਾਨਸਟੀਟਿਊਸ਼ਨ ਕਲੱਬ ਵਿਖੇ ਭਾਰਤੀ ਪੈਟਰੋਲੀਅਮ ਮੰਤਰਾਲੇ ਵੱਲੋਂ ਕਰਵਾਏ ਸ਼ਕਸ਼ਮ-2021 ਆਨ-ਲਾਈਨ ਸਮਾਗਮ ਦੌਰਾਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਘੱਟੋ ਘੱਟ ਤੇਲ ਦੀ ਖਪਤ ਲਈ ਦੇਸ਼ ਭਰ ‘ਚੋਂ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ। ਆਨ-ਲਾਈਨ ਸਮਾਗਮ ‘ਚ ਸ਼ਿਰਕਤ ਕਰਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਇਹ ਅਵਾਰਡ ਪ੍ਰਾਪਤ ਕੀਤਾ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਪੀ.ਸੀ.ਆਰ.ਏ (ਪੈਟਰੋਲੀਅਮ ਕੰਜ਼ਰਵੇਸ਼ਨ ਐਂਡ ਰੀਸਰਚ ਐਸੋਸੀਏਸ਼ਨ) ਵੱਲੋਂ ਸਾਰੇ ਰਾਜਾਂ ਦੀਆਂ ਟਰਾਂਸਪੋਰਟ ਅਦਾਰਿਆਂ ਦੀਆਂ ਬੱਸਾਂ ਦੀ ਤੇਲ ਦੀ ਖਪਤ ਨੂੰ ਵਾਚਦੇ ਹੋਏ ਪੀ.ਆਰ.ਟੀ.ਸੀ. ਨੂੰ ਦੂਜੇ ਰਾਜਾਂ ਦੀਆਂ ਸਟੇਟ ਟਰਾਂਸਪੋਰਟਾਂ ਦੀਆਂ ਬੱਸਾਂ ਦੇ ਮੁਕਾਬਲੇ ਘੱਟ ਤੇਲ ਖਪਤ ਕਰਨ ਕਰਕੇ ਰਨਰਅੱਪ ਅਵਾਰਡ ਮਿਲਿਆ ਹੈ ਅਤੇ ਦੋ ਲੱਖ ਇਨਾਮੀ ਰਾਸ਼ੀ ਵੀ ਦਿੱਤੀ ਗਈ ਹੈ।
ਇਸ ਮੌਕੇ ਸ੍ਰੀ ਕੇ.ਕੇ. ਸ਼ਰਮਾ ਨੇ ਪੀ.ਸੀ.ਆਰ.ਏ. ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆ ਕਿਹਾ ਕਿ ਇਹ ਅਵਾਰਡ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਅਵਾਰਡ ਨਾਲ ਪੀ.ਆਰ.ਟੀ.ਸੀ. ਦਾ ਅਕਸ ਦੇਸ਼ ਦੀਆਂ ‘ਚ ਹੋਰ ਬੇਹਤਰ ਹੋਇਆ ਹੈ। ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਪੰਜਾਬ ਸਟੇਟ ‘ਚੋਂ ਸਰਵੋਤਮ ਡਿਪੂ ਵਜੋਂ ਅਵਾਰਡ ਪੀ.ਆਰ.ਟੀ.ਸੀ. ਦੇ ਫਰੀਦਕੋਟ ਡਿਪੂ ਨੂੰ ਦਿੱਤਾ ਗਿਆ ਹੈ ਅਤੇ ਇਸ ਅਵਾਰਡ ਦੀ ਰਾਸ਼ੀ ਵਜੋਂ 50 ਹਜ਼ਾਰ ਰੁਪਏ ਪ੍ਰਾਪਤ ਹੋਏ ਹਨ।
ਇਸ ਤਰ੍ਹਾਂ ਚੇਅਰਮੈਨ ਅਤੇ ਐਮ.ਡੀ. ਪੀ.ਆਰ.ਟੀ.ਸੀ ਦੀ ਯੋਗ ਅਗਵਾਈ ਸਦਕਾ ਪੀ.ਆਰ.ਟੀ.ਸੀ ਆਪਣੀ ਬੇਹਤਰ ਕਾਰਗੁਜ਼ਾਰੀ ਕਰਕੇ ਨਿੱਤ ਨਵੀਆਂ ਬੁਲੰਦੀਆਂ ਛੂਹ ਰਹੀ ਹੈ ਜਿਸ ਨਾਲ ਕਾਰਪੋਰੇਸ਼ਨ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸ੍ਰੀ ਸ਼ਰਮਾ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਪਸੀ ਸਹਿਯੋਗ ਅਤੇ ਮਿਹਨਤ ਸਦਕਾ ਹੋਈ ਪ੍ਰਾਪਤੀ ਖਾਤਰ ਉਨ੍ਹਾਂ ਦੀ ਸ਼ਲਾਘਾ ਕੀਤੀ।