Amritsar
ਪੰਜਾਬ ਚ ਸੈਨੀਟਾਈਜ਼ਰ ਅਤੇ ਮਾਸਕ ਦੀ ਨਕਲੀ ਕਿੱਲਤ ‘ਤੇ ਬਲੈਕ ਮਾਰਕੀਟਿੰਗ ਰੋਕੀ ਜਾਏਗੀ

ਕੌਵਿਡ-19 ਦੇ ਫੈਲਣ ਦੇ ਮੱਦੇਨਜ਼ਰ ਫੂਡ ਅਤੇ ਡਰੱਗਜ਼ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ੍ਰੀ ਕੇ ਐਸ ਪੰਨੂ ਨੇ ਰਾਜ ਦੀਆਂ ਸਮੂਹ ਜ਼ੋਨਲ ਲਾਇਸੈਂਸਿੰਗ ਅਥਾਰਟੀਜ਼ ਅਤੇ ਡਰੱਗ ਕੰਟਰੋਲ ਅਫਸਰਾਂ ਨੂੰ ਨਿਰਦੇਸ਼ ਦਿੰਦਿਆਂ ਲੋਕਾਂ ਨੂੰ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਸ੍ਰੀ ਪੰਨੂ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਰਮਣ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਬਾਰੇ ਪ੍ਰਕਾਸ਼ਤ ਹੋ ਰਹੀਆਂ ਖਬਰਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਇਹ ਖਦਸ਼ਾ ਹੈ ਕਿ ਇਹ ਬਿਮਾਰੀ ਹੋਰ ਥਾਵਾਂ ‘ਤੇ ਵੀ ਫੈਲ ਸਕਦੀ ਹੈ।
ਪੰਨੂ ਨੇ ਕਿਹਾ ਕਿ ਅਜਿਹੇ ਖਦਸ਼ਿਆਂ ਕਾਰਨ ਕੁਝ ਦਵਾਈਆਂ ਅਤੇ ਸਿਹਤ ਸਬੰਧੀ ਲੋੜੀਂਦੀਆਂ ਵਸਤਾਂ ਜਿਵੇਂ ਸੈਨੀਟਾਈਜ਼ਰ ਅਤੇ ਮਾਸਕ ਬਹੁਤ ਜ਼ਿਆਦਾ ਮੰਗ ਵਿੱਚ ਹਨ ਅਤੇ ਮੰਗ ਦੇ ਵਧਣ ਨਾਲ, ਕੁਝ ਦਵਾਈਆਂ ਅਤੇ ਲੋੜੀਂਦੀਆਂ ਵਸਤਾਂ ਦੀ ਅਸਥਾਈ / ਨਕਲੀ ਕਿੱਲਤ ਹੋਣ ਦੀ ਸੰਭਾਵਨਾ ਹੈ। ਉਕਤ ਦਵਾਈਆਂ ਅਤੇ ਵਸਤਾਂ ਦੀ ਅਸਥਾਈ / ਨਕਲੀ ਘਾਟ ਦਾ ਫਾਇਦਾ ਲੈ ਕੇ ਕੁਝ ਕੈਮਿਸਟ ਬਹੁਤ ਜ਼ਿਆਦਾ ਕੀਮਤਾਂ ਵਸੂਲ ਸਕਦੇ ਹਨ ਜਾਂ ਜਮ੍ਹਾਖੋਰੀ ਕਰਦੇ ਹਨ।
ਉਨ੍ਹਾਂ ਨੇ ਅਜਿਹੀ ਸਥਿਤੀ ਤੋਂ ਬਚਣ ਲਈ ਅਧਿਕਾਰੀਆਂ ਨੂੰ ਆਪਣੇ ਖੇਤਰਾਂ ਦੀਆਂ ਕੈਮਿਸਟ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਨ ਅਤੇ ਉਨ੍ਹਾਂ ਨੂੰ ਅਜਿਹੀਆਂ ਬੇਨਿਯਮੀਆਂ ਵਿਚ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ । ਉਨ੍ਹਾਂ ਭਵਿੱਖ ਵਿਚ ਕੈਮਿਸਟਾਂ ਦੀਆਂ ਦੁਕਾਨਾਂ ਵਿਚ ਜ਼ਰੂਰੀ ਦਵਾਈਆਂ ਅਤੇ ਸਿਹਤ ਸਬੰਧੀ ਵਸਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
ਉਨ੍ਹਾਂ ਕਿਹਾ ਕਿ ਕਾਲੇ ਬਾਜ਼ਾਰੀ ਅਤੇ ਜਮ੍ਹਾਖੋਰੀਕਰਨ ਵਾਲੇ ਕੈਮਿਸਟਾਂ ਵਿਰੁੱਧ ਡਰੱਗਜ਼ ਪ੍ਰਾਈਜ਼ਜ਼ ਕੰਟਰੋਲ ਆਰਡਰ (ਡੀ.ਪੀ.ਸੀ.ਓ.), 2013 ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਏਗੀ।