Connect with us

National

ਧਰਤੀ ਹੇਠਲਾ ਪਾਣੀ ਕੱਢਣ ‘ਚ ਪੰਜਾਬ ਮੋਹਰੀ! ਸੰਤ ਸੀਚੇਵਾਲ ਵੱਲੋਂ ਕੀਤਾ ਖੁਲਾਸਾ

Published

on

ਨਵੀਂ ਦਿੱਲੀ/ ਚੰਡੀਗੜ੍ਹ-  ਪਾਰਲੀਮੈਂਟ ਦੇ ਚੱਲ ਰਹੇ ਸਰਦ ਰੁੱਤ ਦੇ ਸ਼ੈਸ਼ਨ ਦੌਰਾਨ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੇ ਭੂਮੀਗਤ ਪਾਣੀ ਦੀ ਤੇਜ਼ੀ ਨਾਲ ਡਿੱਗ ਰਹੀ ਸਥਿਤੀ ਸਬੰਧੀ ਰਾਜ ਸਭਾ ਵਿਚ ਪੁੱਛੇ ਗਏ ਲਿਖਤੀ ਸਵਾਲਾਂ ਦੇ ਜਵਾਬ ਵਿਚ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਕੇਂਦਰੀ ਭੂਜਲ ਦੀ ਰਿਪੋਰਟ ਰਾਹੀਂ ਖੁਲਾਸਾ ਕੀਤਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਭੂਜਲ ਤਣਾਅ ਵਾਲਾ ਰਾਜ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕੁਦਰਤੀ ਤੌਰ ‘ਤੇ ਜਿੰਨਾ ਪਾਣੀ ਸਾਲਾਨਾ ਮੁੜ ਭਰ ਸਕਦਾ ਹੈ, ਉਸ ਤੋਂ ਕਈ ਗੁਣਾ ਵੱਧ ਭੂਮੀਗਤ ਪਾਣੀ ਕੱਢ ਰਿਹਾ ਹੈ।

ਕੇਂਦਰੀ ਭੂਜਲ ਬੋਰਡ ਦੀ 2024–25 ਦੀ ਰਾਸ਼ਟਰੀ ਰਿਪੋਰਟ ਮੁਤਾਬਕ ਪੰਜਾਬ ਵਿਚ ਭੂਜਲ ਦੀ ਖਪਤ ਦਰ 156 ਫੀਸਦੀ ਤੱਕ ਪਹੁੰਚ ਚੁੱਕੀ ਹੈ, ਜੋ ਦੇਸ਼ ਦੇ ਸਾਰੇ ਰਾਜਾਂ ਵਿਚ ਸਭ ਤੋਂ ਉੱਚੀ ਹੈ। ਇਹ ਦਰ ਦੇਸ਼ ਦੀ ਔਸਤ 60.63 ਫੀਸਦੀ ਤੋਂ ਕਈ ਗੁਣਾ ਵੱਧ ਹੈ। ਰਿਪੋਰਟ ਅਨੁਸਾਰ, ਪੰਜਾਬ ਵਿਚ ਸਾਲਾਨਾ ਕੁੱਲ ਭੂਜਲ ਰੀਚਾਰਜ 18.60 ਬਿਲੀਅਨ ਕਿਊਬਿਕ ਮੀਟਰ ਮਾਪਿਆ ਗਿਆ ਹੈ, ਜਦਕਿ ਸੁਰੱਖਿਅਤ ਤੌਰ ‘ਤੇ ਵਰਤੋਂ ਯੋਗ ਪਾਣੀ ਕੇਵਲ 16.80 ਹੈ ਪਰ ਇਸਦੇ ਉਲਟ, ਪੰਜਾਬ ਇਸ ਵੇਲੇ ਲਗਭਗ 26.27 ਬਿਲੀਅਨ ਕਿਊਬਿਕ ਮੀਟਰ ਪਾਣੀ ਸਿੰਚਾਈ, ਘਰੇਲੂ ਅਤੇ ਉਦਯੋਗਿਕ ਵਰਤੋਂ ਲਈ ਸਾਲਾਨਾ ਕੱਢ ਰਿਹਾ ਹੈ। ਝੋਨੇ ਵਰਗੀਆਂ ਪਾਣੀ-ਖਪਤ ਵਾਲੀਆਂ ਫਸਲਾਂ ਅਤੇ ਟਿਊਬਵੈੱਲਾਂ ‘ਤੇ ਹੱਦ ਤੋਂ ਵੱਧ ਨਿਰਭਰਤਾ ਕਾਰਨ ਕਈ ਖੇਤਰਾਂ ਵਿਚ ਭੂਜਲ ਪੱਧਰ ਹਰ ਸਾਲ ਅੱਧੇ ਮੀਟਰ ਤੋਂ ਵੀ ਵੱਧ ਘਟ ਰਿਹਾ ਹੈ। ਇਸ ਸੂਚੀ ਵਿਚ ਰਾਜਸਥਾਨ 147.11 ਫੀਸਦੀ ਨਾਲ ਦੂਜੇ ਅਤੇ ਹਰਿਆਣਾ 136.75 ਫੀਸਦੀ ਨਾਲ ਤੀਜੇ ਸਥਾਨ ‘ਤੇ ਹਨ।

ਰਾਜ ਸਭਾ ਵਿਚ ਦਿੱਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਜਲ ਸ਼ਕਤੀ ਅਭਿਆਨ 2025 ਤਹਿਤ ਪੰਜਾਬ ਦੇ 20 ਜ਼ਿਲ੍ਹਿਆ ਨੂੰ ਪ੍ਰਾਥਮਿਕਤਾ ਸੂਚੀ ਵਿਚ ਸ਼ਾਮਲ ਕੀਤਾ ਹੈ। ਪਿਛਲੇ ਚਾਰ ਸਾਲਾਂ ਦੌਰਾਨ ਰਾਜ ਵਿਚ 61,500 ਤੋਂ ਵੱਧ ਭੂਜਲ ਰੀਚਾਰਜ ਅਤੇ ਪਾਣੀ ਸੰਭਾਲ ਢਾਂਚੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਲਗਭਗ 11 ਲੱਖ ਰੀਚਾਰਜ ਢਾਂਚੇ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਨ੍ਹਾਂ ਰਾਹੀਂ ਸਾਲਾਨਾ ਕਰੀਬ 1,200 ਮਿਲੀਅਨ ਕਿਊਬਿਕ ਮੀਟਰ ਵਰਖਾ ਦਾ ਪਾਣੀ ਸੰਭਾਲਿਆ ਜਾ ਸਕੇਗਾ।

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਪਾਣੀ ਨੂੰ ਬਚਾਉਣਾ ਸਭ ਤੋਂ ਵੱਡਾ ਧਰਮ ਅਤੇ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜੇ ਵੀ ਗੰਭੀਰ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਵਿਚ ਪਾਣੀ ਦੀ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ, ਇਸ ਲਈ ਹਰ ਵਰਗ ਨੂੰ ਪਾਣੀ ਸੰਭਾਲਣ ਲਈ ਇਕੱਠੇ ਹੋਣਾ ਹੋਵੇਗਾ।

Continue Reading