Amritsar
ਥਾਣੇ ‘ਤੇ ਹਮਲੇ ਤੋਂ ਬਾਅਦ ਝੁਕੀ ਪੰਜਾਬ ਪੁਲਿਸ, ਲਵਪ੍ਰੀਤ ਨੂੰ ਕਰੇਗੀ ਰਿਹਾਅ, ਮਾਮਲੇ ਦੀ ਜਾਂਚ ਕਰੇਗੀ SIT

‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਦੇ ਸਾਥੀਆਂ ਖ਼ਿਲਾਫ਼ ਦਰਜ ਕੇਸਾਂ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਰੇਗੀ। ਪੁਲੀਸ ਦੇ ਇਸ ਭਰੋਸੇ ਦੇ ਬਾਵਜੂਦ ਧਰਨਾਕਾਰੀਆਂ ਨੇ ਥਾਣੇ ਦੇ ਬਾਹਰ ਧਰਨਾ ਜਾਰੀ ਰੱਖਿਆ। ਪੰਜਾਬ ਪੁਲੀਸ ਦੇ ਬਾਰਡਰ ਜ਼ੋਨ ਦੇ ਆਈਜੀ ਮੁਨੀਸ਼ ਚਾਵਲਾ ਅਤੇ ਅੰਮ੍ਰਿਤਸਰ (ਦਿਹਾਤੀ) ਦੇ ਐਸਐਸਪੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ‘ਵਾਰਿਸ ਪੰਜਾਬ ਦੇ’ ਦੇ ਨੁਮਾਇੰਦਿਆਂ ਨਾਲ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ।
ਜਥੇਬੰਦੀ ਦੇ ਵਰਕਰਾਂ ਨੇ ਹੜਤਾਲ ਖਤਮ ਕਰਨ ਦੀ ਹਾਮੀ ਭਰ ਦਿੱਤੀ ਹੈ। ਇਹ ਵੀ ਭਰੋਸਾ ਦਿੱਤਾ ਹੈ ਕਿ ਵਰਕਰ ਕਿਸੇ ਵੀ ਤਰ੍ਹਾਂ ਮਾਹੌਲ ਖਰਾਬ ਨਹੀਂ ਹੋਣ ਦੇਣਗੇ। ਪੁਲਿਸ ਵਾਲੇ ਪਾਸਿਓਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਜੱਥੇਬੰਦੀ ਦੇ ਕਾਰਕੁਨ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਕੇਸ ਨੂੰ ਰੱਦ ਕਰਨ ਅਤੇ ਇਸ ਦੀ ਤਹਿ ਤੱਕ ਜਾਂਚ ਕਰਨ ਲਈ ਐਸਆਈਟੀ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਸਮੂਹ ਦੇ ਨੁਮਾਇੰਦਿਆਂ ਦਰਮਿਆਨ ਗੱਲਬਾਤ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ। ਇਸ ਦੌਰਾਨ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਸਮੇਤ ਵੱਖ-ਵੱਖ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਲਵਪ੍ਰੀਤ ਨੂੰ ਨਾਲ ਲੈ ਕੇ ਜਾਵਾਂਗੇ : ਅੰਮ੍ਰਿਤਪਾਲ
ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਪੁਲੀਸ ਨਾਲ ਗੱਲਬਾਤ ਕੀਤੀ ਹੈ। ਪੁਲਿਸ ਨੇ ਸ਼ੁੱਕਰਵਾਰ ਸਵੇਰੇ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੈ। ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਜਾਵੇਗੀ। ਜਦੋਂ ਪੁਲਿਸ ਸਵੇਰੇ ਲਵਪ੍ਰੀਤ ਨੂੰ ਛੱਡ ਦੇਵੇਗੀ ਤਾਂ ਅਸੀਂ ਵਾਪਸ ਚਲੇ ਜਾਵਾਂਗੇ।