News
ਰਾਜਾ ਵੜਿੰਗ ਦੀ ਜਲਦੀ ਹੋਵੇਗੀ ਛੁੱਟੀ; ਹਿੰਦੂ ਨੇਤਾ ਹੋਵੇਗਾ ਕਾਂਗਰਸ ਦਾ ਅਗਲਾ ਪ੍ਰਧਾਨ
ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਚੁੱਕੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇੱਕ ਟਿੱਪਣੀ ਨੇ ਨਾ ਸਿਰਫ਼ ਦਲਿਤ ਭਾਈਚਾਰੇ ਨੂੰ ਭੜਕਾਇਆ ਹੈ, ਸਗੋਂ ਪਾਰਟੀ ਦੀ ਹਾਈ ਕਮਾਂਡ ਤੱਕ ਨੂੰ ਹਿਲਾ ਦਿੱਤਾ ਹੈ। ਮਰਹੂਮ ਸ. ਬੂਟਾ ਸਿੰਘ ਬਾਰੇ ਤਰਨਤਾਰਨ ਜ਼ਿਮਨੀ ਚੋਣ ਸਬੰਧੀ ਇੱਕ ਰੈਲੀ ਦੌਰਾਨ ਜਾਤ ਤੇ ਰੰਗ ਦਾ ਹਵਾਲਾ ਦੇ ਕੇ ਕੀਤੀ ਗਈ ਟਿੱਪਣੀ ਹੁਣ ਰਾਜਾ ਵੜਿੰਗ ਲਈ ਸਿਆਸੀ ਤਬਾਹੀ ਦਾ ਕਾਰਨ ਬਣ ਰਹੀ ਹੈ। ਵੜਿੰਗ ਨੇ ਕਿਹਾ ਸੀ ਕਿ ਬੂਟਾ ਸਿੰਘ ਮਜ਼੍ਹਬੀ ਸਿੱਖ ਸੀ ਤੇ ਜ਼ਵਾਂ ਕਾਲਾ ਸੀ ਅਤੇ ਪੱਠੇ ਪਾਉਂਦਾ ਹੁੰਦਾ ਸੀ ਪਰ ਫਿਰ ਕਾਂਗਰਸ ਪਾਰਟੀ ਨੇ ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਸੀ। ਇਸ ਟਿੱਪਣੀ ਪਿੱਛੋਂ ਦਲਿਤ ਭਾਈਚਾਰੇ ਵਿੱਚ ਭਾਰੀ ਗ਼ੁੱਸਾ ਪਾਇਆ ਜਾ ਰਿਹਾ ਹੈ।
ਬੂਟਾ ਸਿੰਘ ਦੇ ਬੇਟੇ ਸਰਬਜੋਤ ਸਿੰਘ ਤੇ ਭਾਣਜੇ ਜੋਗਿੰਦਰ ਸਿੰਘ ਮਾਨ ਵੱਲੋਂ ਵੜਿੰਗ ਦੇ ਖਿਲਾਫ ਐੱਫ.ਆਈ.ਆਰ. ਵੀ ਦਰਜ ਕਰਵਾਈ ਜਾ ਚੁੱਕੀ ਹੈ, ਜਦਕਿ ਕਈ ਦਲਿਤ ਜਥੇਬੰਦੀਆਂ ਵੜਿੰਗ ਖਿਲਾਫ ਧਰਨਿਆਂ ਦੀਆਂ ਤਿਆਰੀਆਂ ਕਰ ਰਹੀਆਂ ਹਨ। ਹਾਲਾਂਕਿ ਰਾਜਾ ਵੜਿੰਗ ਨੇ ਮੁਆਫੀ ਮੰਗ ਲਈ ਹੈ, ਪਰ ਦਲਿਤ ਭਾਈਚਾਰੇ ਦਾ ਗੁੱਸਾ ਠੰਡਾ ਨਹੀਂ ਪੈ ਰਿਹਾ। ਕਾਂਗਰਸ ਹਾਈ ਕਮਾਂਡ ਲਈ ਇਹ ਮਾਮਲਾ ਕੇਵਲ ਇੱਕ “ਬਿਆਨ ਵਿਵਾਦ” ਨਹੀਂ ਸਗੋਂ ਇਹ ਚੁਣਾਵੀ ਗਣਿਤ, ਸਿਆਸੀ ਸੰਤੁਲਨ ਅਤੇ ਪਾਰਟੀ ਦੇ ਭਵਿੱਖ ਨਾਲ ਜੁੜਿਆ ਮਸਲਾ ਬਣ ਚੁੱਕਾ ਹੈ। ਸੂਤਰਾਂ ਅਨੁਸਾਰ, ਹਾਈ ਕਮਾਂਡ damage control ਲਈ ਵੜਿੰਗ ਤੋਂ ਪ੍ਰਧਾਨਗੀ ਖੋਹਣ ਦਾ ਫੈਸਲਾ ਲੈ ਸਕਦੀ ਹੈ ਅਤੇ ਕਿਸੇ ਹਿੰਦੂ ਚੇਹਰੇ ਨੂੰ ਸੂਬਾ ਪ੍ਰਧਾਨ ਦੀ ਕੁਰਸੀ ਸੌਂਪੀ ਜਾ ਸਕਦੀ ਹੈ।
ਇਹ ਕਦਮ ਕਾਂਗਰਸ ਪਾਰਟੀ ਨੂੰ ਦੋਹਰਾ ਲਾਭ ਦੇ ਸਕਦਾ ਹੈ, ਇੱਕ, ਦਲਿਤ ਭਾਈਚਾਰੇ ਦੇ ਗੁੱਸੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਤੇ ਦੂਜਾ, ਪੰਜਾਬ ਵਿੱਚ ਹਿੰਦੂ ਵੋਟ ਬੈਂਕ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਭਾਵੇਂ ਆਮ ਆਦਮੀ ਪਾਰਟੀ ਦੇ ਹਿੱਸੇ ਆਵੇਗੀ — ਕਿਉਂਕਿ ਜ਼ਿਮਨੀ ਚੋਣਾਂ ਵਿੱਚ ਸ਼ਾਸਕ ਪਾਰਟੀ ਨੂੰ ਹੀ ਆਮ ਤੌਰ ’ਤੇ ਲਾਭ ਮਿਲਦਾ ਹੈ — ਪਰ ਵੜਿੰਗ ਦੇ ਵਿਵਾਦਿਤ ਬਿਆਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸਮੀਕਰਨ ਬਦਲ ਦਿੱਤੇ ਹਨ।
ਕਾਂਗਰਸ ਅੰਦਰ ਹੁਣ ਵੜਿੰਗ ਦੀ ਸਿਆਸੀ ਸੂਝਬੂਝ ’ਤੇ ਸਵਾਲ ਉੱਠ ਰਹੇ ਹਨ। ਇਹ ਘਟਨਾ ਸਾਰੇ ਨੇਤਾਵਾਂ ਲਈ ਸਬਕ ਹੈ ਕਿ ਜਦੋਂ ਤੁਸੀਂ ਕਿਸੇ ਜ਼ਿੰਮੇਵਾਰ ਅਹੁਦੇ ’ਤੇ ਹੋਵੋ, ਤਾਂ ਹਰ ਸ਼ਬਦ ਦੀ ਤੋਲ ਕੇ ਵਰਤੋਂ ਕਰੋ — ਕਿਉਂਕਿ ਇੱਕ ਬੋਲ ਸਿਆਸਤ ਦੇ ਸਾਲਾਂ ਦੇ ਮਿਹਨਤ ਭਰੇ ਸਫ਼ਰ ਨੂੰ ਡਿਗਾ ਸਕਦਾ ਹੈ।
ਪੰਜਾਬ ਦੀ ਸਿਆਸਤ ਵਿੱਚ ਹੁਣ ਹਰ ਕੋਈ ਇਹੀ ਪੁੱਛ ਰਿਹਾ ਹੈ ਕਿ ਕੌਣ ਹੋਵੇਗਾ ਕਾਂਗਰਸ ਪਾਰਟੀ ਦਾ ਅਗਲਾ ਸੂਬਾ ਪ੍ਰਧਾਨ? ਅਤੇ ਇਹ ਵੀ ਸਵਾਲ ਕੀਤਾ ਜਾ ਰਿਹਾ ਹੈ ਕਿ ਕੀ ਅਗਲਾ ਪ੍ਰਧਾਨ ਇਸ ਤਰ੍ਹਾਂ ਦੇ ਵਿਵਾਦਾਂ ਤੋਂ ਬਚਿਆ ਰਹੇਗਾ?

