Connect with us

National

ਧਰਮ, ਨਫ਼ਰਤ ਅਤੇ ਅੱਤਵਾਦ

Published

on

ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਬੀਤੇ ਦਿਨ ਅੱਤਵਾਦੀਆਂ ਨੇ ਹਮਲਾ ਕਰਕੇ 28 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਖ਼ਬਰ ਸੁਣ ਕੇ ਹਰ ਚੰਗੇ ਇਨਸਾਨ ਦਾ ਮਨ ਦੁਖੀ ਹੋਇਆ ਹੈ। ਇਹ ਅੱਤਵਾਦੀ ਕਿਵੇਂ ਪੈਦਾ ਹੁੰਦੇ ਹਨ ? ਜਦੋਂ ਮੈਂ ਇਹ ਸੋਚ ਰਿਹਾ ਸੀ ਤਾਂ ਮੇਰੇ ਜ਼ਿਹਨ ਵਿੱਚ ਤਿੰਨ ਚੀਜਾਂ ਆਈਆਂ ਧਰਮ, ਨਫ਼ਰਤ ਤੇ ਅੱਤਵਾਦ ਕਿਉਕਿ ਪਾਕਿਸਤਾਨ ਵਿੱਚ ਜ਼ਿਆਦਾਤਰ ਨਫ਼ਰਤ ਧਰਮ ਦੇ ਨਾਮ ‘ਤੇ ਫ਼ੈਲਾਈ ਜਾ ਰਹੀ ਹੈ।

ਜੇਕਰ ਧਰਮ ਦੀ ਗੱਲ ਕਰੀਏ ਤਾਂ ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ ਸਗੋਂ ਧਰਮ ਹੋਂਦ ਵਿੱਚ ਹੀ ਮਾਨਵਤਾ ਦੀ ਭਲਾਈ ਲਈ ਹੋਇਆ ਸੀ। ਜਿਸ ਵਿਅਕਤੀ ਦੇ ਅੰਦਰ ਦਇਆ ਜਾਂ ਕਰੂਣਾ ਨਹੀਂ ਹੈ ਉਸਨੂੰ ਅਸੀਂ ਧਰਮੀ ਇਨਸਾਨ ਨਹੀਂ ਕਹਿ ਸਕਦੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਧਰਮ ਦਇਆ ਸਿਖਾਉਂਦਾ ਹੈ ਤਾਂ ਫ਼ਿਰ ਧਰਮ ਦੇ ਨਾਮ ‘ਤੇ ਅੱਤਵਾਦੀ ਪੈਦਾ ਕਰਨ ਵਾਲੀਆਂ ਸੰਸਥਾਵਾਂ ਕਿਵੇਂ ਚੱਲ ਰਹੀਆਂ ਹਨ? ਪਾਕਿਸਤਾਨ ਵਿੱਚ ਸਿਆਸਤਦਾਨ ਬੇਰੁਜ਼ਗਾਰ ਨੌਜਵਾਨਾਂ ਅੰਦਰ ਧਰਮ ਦੇ ਨਾਮ ‘ਤੇ ਨਫ਼ਰਤ ਭਰਦੇ ਹਨ ਤੇ ਫ਼ਿਰ ਅਖੌਤੀ ਧਾਰਮਿਕ ਆਗੂ ਧਰਮ ਦੇ ਨਾਂਅ ‘ਤੇ ਕੁਰਬਾਨ ਹੋਣਾ ਸਿਖਾ ਕੇ ਉਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੰਦੇ ਹਨ। ਪਾਕਿਸਤਾਨ ਅੰਦਰ ਤਾਂ ਅੱਤਵਾਦੀਆਂ ਨੂੰ ਸਿਖਲਾਈ ਦੇਣ ਦੇ ਸੈਂਟਰ ਖੋਲ੍ਹੇ ਹੋਏ ਹਨ ਜਿੱਥੇ ਉਨ੍ਹਾਂ ਨੂੰ ਸਮੂਹਿਕ ਤੌਰ ‘ਤੇ ਸਮੋਹਨ ਕੀਤਾ ਜਾਂਦਾ ਹੈ। ਇਹ ਸਾਰੀ ਟ੍ਰੇਨਿੰਗ ਲੈਂਦਿਆਂ ਅੱਤਵਾਦੀ ਬਣਨ ਵਾਲੇ ਨੌਜਵਾਨ ਧਰਮ ਤਾਂ ਛੱਡੋ ਇਨਸਾਨੀਅਤ ਵੀ ਭੁੱਲ ਜਾਂਦੇ ਹਨ ਤੇ ਕਿਸੇ ਇਨਸਾਨ ਨੂੰ ਮਾਰਨ ਲੱਗਿਆਂ ਉਨ੍ਹਾਂ ਦੇ ਹੱਥ ਜ਼ਰਾ ਵੀ ਨਹੀਂ ਕੰਬਦੇ। ਅੱਤਵਾਦ ਦੀ ਟ੍ਰੇਨਿੰਗ ਦੇਣ ਵਾਲੇ ਲੋਕ ਉਨ੍ਹਾਂ ਨੂੰ ਧਰਮ ਦੀ ਗ਼ਲਤ ਸਿੱਖਿਆ ਦੇ ਕੇ ‘ਕੁਰਬਾਨ ‘ ਹੋਣਾ ਸਿਖਾਉਂਦੇ ਹਨ। ਜੰਮੂ ਕਸ਼ਮੀਰ ਅਤੇ ਪੰਜਾਬ ਲੰਬੇ ਸਮੇਂ ਤੋਂ ਇਸ ਧਾਰਮਿਕ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਹੈ।

ਇਸ ਅੱਤਵਾਦ ਦੇ ਦੈਂਤ ਨੂੰ ਪੈਦਾ ਕਰਨ ਲਈ ਕੋਈ ਇੱਕ ਧਿਰ ਹੀ ਜ਼ਿਮੇਵਾਰ ਨਹੀਂ ਹੈ ਸਗੋਂ ਕਈ ਲੋਕ ਇਸ ਲਈ ਜ਼ਿੰਮੇਵਾਰ ਹਨ। ਸਭ ਤੋਂ ਵੱਧ ਜ਼ਿੰਮੇਵਾਰ ਉਹ ਲੋਕ ਹਨ ਜਿਨ੍ਹਾਂ ਨੇ 1947 ਦੀ ਵੰਡ ਤੋਂ ਪਹਿਲਾਂ ਧਰਮ ਦੇ ਨਾਮ ‘ਤੇ ਵੱਖ ਵੱਖ ਦੇਸ਼ ਬਣਾਉਣ ਦੀ ਤਜ਼ਵੀਜ ਰੱਖੀ ਸੀ। ਪਾਕਿ ਦੇ ਸਿਆਸਤਦਾਨ ਆਪਣੇ ਨਾਗਰਿਕਾਂ ਅੰਦਰ ਧਾਰਮਿਕ ਨਫ਼ਰਤ ਦੀ ਅੱਗ ਭੜਕਾ ਕੇ ਸਿਆਸੀ ਰੋਟੀਆਂ ਸੇਕਣ ਦਾ ਕੰਮ ਕਰਦੇ ਆ ਰਹੇ ਹਨ।ਨਫ਼ਰਤ ਦੀ ਇਹ ਅੱਗ ਕਿਵੇਂ ਭੁਝੇਗੀ ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਔਖਾ ਹੈ।

ਪਹਿਲਗਾਮ ਵਿੱਚ ਹਮਲੇ ਦੇ ਵੱਡੇ ਕਾਰਨ ਕੀ ਨੇ?
ਇੱਕ ਪ੍ਰਮੁੱਖ ਹਿੰਦੀ ਅਖ਼ਬਾਰ ਨੇ ਲਿਖਿਆ ਹੈ ਕਿ ਪਹਿਲਗਾਮ ਬੈਸਰਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ ਅਤੇ ਸਭ ਤੋਂ ਵੱਧ ਸੈਲਾਨੀ ਇੱਥੇ ਆਉਂਦੇ ਹਨ ਲੇਕਿਨ ਇੱਥੇ ਸੁਰੱਖਿਆ ਬਲ ਤਾਇਨਾਤ ਹੀ ਨਹੀਂ ਹੁੰਦੇ। ਹਮਲੇ ਲਈ ਅੱਤਵਾਦੀਆਂ ਲਈ ਇਹ ਜਗ੍ਹਾ ਬਚ ਨਿਕਲਣ ਦੀ ਵਧੀਆ ਥਾਂ ਹੈ ਕਿਉੰਕਿ ਇੱਥੇ ਸੰਘਣੇ ਜੰਗਲ ਹਨ।ਹਿੰਦੀ ਅਖ਼ਬਾਰ ਨੇ ਤਾਂ ਇਹ ਵੀ ਕਿਹਾ ਹੈ ਕਿ ਅਮਰੀਕਾ ਦੇ ਉੱਪ ਰਾਸ਼ਟਪਤੀ ਭਾਰਤ ਦੇ ਦੌਰੇ ‘ਤੇ ਹਨ ਤੇ ਵੱਡੇ ਪੱਧਰ ਉੱਤੇ ਮੀਡੀਆ ਇਸ ਦੌਰੇ ਦੇ ਹਰ ਪ੍ਰੋਗਰਾਮ ਦੀ ਕਵਰੇਜ ਕਰ ਰਿਹਾ ਹੈ।ਅੱਤਵਾਦੀਆਂ ਨੇ ਦੁਨੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਇੱਕ ਕਮਜ਼ੋਰ ਦੇਸ਼ ਹੈ । ਅੱਤਵਾਦੀਆਂ ਦੀ ਇਸ ਘਿਣਾਉਣੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਨਫ਼ਰਤ ਦੀ ਇਹ ਅੱਗ ਜਲਦ ਬੁਝ ਜਾਵੇ।

ਕੁਲਵੰਤ ਸਿੰਘ ਗੱਗੜਪੁਰੀ