Uncategorized
ਰੋਹਿਤ ਸ਼ੈੱਟੀ ਸਰਕਸ ਦਿਖਾਉਣ ਵਿੱਚ ਰਹੇ ਅਸਫਲ
23 ਦਸੰਬਰ ਨੂੰ ਰੋਹਿਤ ਸ਼ੈੱਟੀ ਦੀ ਫਿਲਮ ‘ਸਰਕਸ’ ਸਾਰੇ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਰੋਹਿਤ ਆਪਣੇ ਦਰਸ਼ਕਾਂ ਲਈ ਕ੍ਰਿਸਮਸ ਦੇ ਖਾਸ ਮੌਕੇ ‘ਤੇ ਮਲਟੀਸਟਾਰਰ ਫਿਲਮ ਲੈ ਕੇ ਆਏ ਹਨ, ਜਿਸ ‘ਚ ਰਣਵੀਰ ਸਿੰਘ, ਜੈਕਲੀਨ ਫਰਨਾਂਡੀਜ਼, ਪੂਜਾ ਹੇਗੜੇ, ਵਰੁਣ ਸ਼ਰਮਾ ਅਹਿਮ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ। ਫਿਲਮ ‘ਚ ਦੀਪਿਕਾ ਪਾਦੂਕੋਣ ਨੇ ਵੀ ਕਮਬੈਕ ਕੀਤਾ ਹੈ। ਇਸ ਕਾਮੇਡੀ-ਡਰਾਮਾ ਫ਼ਿਲਮ ਦਾ ਕਾਫੀ ਸਮੇਂ ਤੋਂ ਦਰਸ਼ਕ ਇੰਤਜ਼ਾਰ ਕਰ ਰਹੇ ਸਨ ਤੇ ਆਓ ਦਸਦੇ ਹਾਂ ਕਿ ਸਰਕਸ ਕਿੰਨਾ ਕੁ ਦਰਸ਼ਕਾਂ ਦਾ ਮਨੋਰੰਜਨ ਕਰ ਸਕੀ ਹੈ।
ਸ਼ੁਰੂਆਤ ਦੀ ਗੱਲ ਕਰੀਏ ਤਾਂ ਸ਼ੁਰੂ ਵਿਚ ਫਿਲਮ ਦੀ ਕਹਾਣੀ ਸਾਲ 1952 ਦੀ ਦਿਖਾਈ ਗਈ ਹੈ, ਜਿੱਥੇ ਦੋ ਨੌਜਵਾਨ ਤਾਮਿਲਨਾਡੂ ਦੇ ਊਟੀ ‘ਚ ‘ਜਮਨਾਦਾਸ’ ਨਾਂ ਦਾ ਅਨਾਥ ਆਸ਼ਰਮ ਚਲਾ ਰਹੇ ਹਨ। ਅਤੇ ਇੱਕ ਦਿਨ ਦੋ ਵੱਖ-ਵੱਖ ਪਰਿਵਾਰ ਜੁੜਵਾਂ ਬੱਚਿਆਂ ਨੂੰ ਗੋਦ ਲੈਣ ਲਈ ਉਹਨਾਂ ਦੇ ਆਸ਼ਰਮ ਵਿੱਚ ਆਉਂਦੇ ਹਨ। ਦੋਵਾਂ ਪਰਿਵਾਰਾਂ ਨੂੰ ਜੁੜਵਾ ਬੱਚੇ ਮਿਲ ਤਾਂ ਜਾਂਦੇ ਹਨ ਪਰ ਇਕ ਸਿਆਪਾ ਹੋ ਜਾਂਦਾ ਹੈ।
ਦਰਅਸਲ, ਅਨਾਥ ਆਸ਼ਰਮ ਦੇ ਕੇਅਰਟੇਕਰ ਅਤੇ ਡਾਕਟਰ (ਮੁਰਲੀ ਸ਼ਰਮਾ) ਨੇ ਇਨ੍ਹਾਂ ਚਾਰ ਬੱਚਿਆਂ ਦੀ ਅਦਲਾ-ਬਦਲੀ ਕੀਤੀ ਕਿਉਂਕਿ ਉਨ੍ਹਾਂ ਨੇ ਆਪਣੇ ਕਿਸੇ ਸਮਾਜਿਕ ਪ੍ਰਯੋਗ ਨੂੰ ਸਹੀ ਸਾਬਤ ਕਰਨਾ ਹੁੰਦਾ ਹੈ। ਅਜਿਹੇ ‘ਚ ਹੁਣ ਦੋ ਬੱਚੇ ਬੈਂਗਲੁਰੂ ‘ਚ ਇਕ ਪਰਿਵਾਰ ਨੂੰ ਮਿਲਦੇ ਹਨ, ਜਦਕਿ ਜਿਹੜਾ ਦੂਜਾ ਜੋੜਾ ਹੈ ਉਹ ਊਟੀ ‘ਚ ਸਰਕਸ ਚਲਾ ਰਹੇ ਪਰਿਵਾਰ ‘ਚ ਜਾਂਦਾ ਹੈ।ਉਸ ਤੋਂ ਬਾਅਦ ਆਉਦਾ ਹੈ ਕਾਯਹਾਣੀ ਵਿਚ TWIST, ਫਿਰ ਸਿੱਧਾ ਕਹਾਣੀ 25 ਸਾਲ ਬਾਅਦ ਦਿਖਾਈ ਗਈ ਹੈ। ਬੰਗਲੌਰ ਵਿੱਚ ਰਹਿ ਰਹੇ ਰਾਏ (ਰਣਵੀਰ ਸਿੰਘ) ਅਤੇ ਜੋਏ (ਵਰੁਣ ਸ਼ਰਮਾ) ਆਪਣੇ ਕਾਰੋਬਾਰ ਦੇ ਸਬੰਧ ਵਿੱਚ ਇੱਕ ਸੌਦੇ ਲਈ ਊਟੀ ਪਹੁੰਚਦੇ ਹਨ, ਜਿੱਥੇ ਪਹਿਲਾਂ ਹੀ ਇੱਕ ਹੋਰ ਰਾਏ ਅਤੇ ਜੋਏ ਹਨ। ਹੁਣ ਇੱਥੋਂ ਸਰਕਸ ਦਾ ਸਫ਼ਰ ਸ਼ੁਰੂ ਹੁੰਦਾ ਹੈ। ਕੀ ਇਹ ਚਾਰੇ ਕਦੇ ਆਹਮੋ-ਸਾਹਮਣੇ ਮਿਲਣਗੇ? ਜਦੋਂ ਆਹਮੋ ਸਾਹਮਣੇ ਮਿਲਣਗੇ ਤਾਂ ਕਿਹੋ ਜੇਹਾ ਮੰਜ਼ਰ ਹੋਵੇਗਾ ਅਤੇ ਕੀ ਉਹ ਸੱਚਾਈ ਦਾ ਪਤਾ ਲਗਾ ਸਕਣਗੇ? ਜੇ ਤੁਸੀਂ ਇਹ ਸਾਰੀਆਂ ਉਲਝਣਾਂ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਨੇਮਾਘਰਾਂ ਵਿੱਚ ਜਾਣਾ ਪਵੇਗਾ।
ਅਦਾਕਾਰਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਮਲਟੀਸਟਾਰਰ ਫਿਲਮ ‘ਚ ਕਈ ਤਜਰਬੇਕਾਰ ਕਲਾਕਾਰ ਨਜ਼ਰ ਆ ਰਹੇ ਹਨ। ਜਦੋਂ ਇੰਨੇ ਸਾਰੇ ਸਿਤਾਰੇ ਵੱਡੇ ਪਰਦੇ ‘ਤੇ ਇਕੱਠੇ ਹੁੰਦੇ ਹਨ, ਤਾਂ ਮਨੋਰੰਜਨ ਦੀ ਪੂਰੀ ਗਾਰੰਟੀ ਵੀ ਨਾਲ ਹੀ ਹੁੰਦੀ ਹੈ, ਪਰ ਇੱਥੇ ਅਜਿਹਾ ਕੁਝ ਨਹੀਂ ਦੇਖਿਆ ਜਾ ਸਕਦਾ ਹੈ।
ਜਿਵੇਂ ਕਿ ਰਣਵੀਰ ਸਿੰਘ ਪਹਿਲੀ ਵਾਰ ਵੱਡੇ ਪਰਦੇ ‘ਤੇ ਡਬਲ ਰੋਲ ‘ਚ ਨਜ਼ਰ ਆ ਰਹੇ ਹਨ। ਇਹ ਗੱਲ ਦੁਹਰਾਉਣ ਵਾਲੀ ਨਹੀਂ ਹੈ ਕਿ ਰਣਵੀਰ ਜਦੋਂ ਵੀ ਪਰਦੇ ‘ਤੇ ਨਜ਼ਰ ਆਏ ਹਨ, ਉਨ੍ਹਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਹਰ ਰੋਲ ਵਿਚ ਪੂਰੇ- ਪੂਰੇ ਖਰੇ ਉਤਰਦੇ ਹਨ। ਪਰ ਸ਼ਾਇਦ ਇਸ ਵਾਰ ਰਣਵੀਰ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦੇ ਹਨ। ਫਿਲਮ ‘ਚ ਰਣਵੀਰ ਦੀ ਐਕਟਿੰਗ ਦਾ ਡਬਲ ਡੋਜ਼ ਹੋਣ ਤੋਂ ਬਾਅਦ ਵੀ ਉਹ ਕੁਝ ਖਾਸ ਨਹੀਂ ਕਰ ਸਕੇ ਹਨ। ਇਸ ਦੇ ਨਾਲ ਹੀ ਵਰੁਣ ਸ਼ਰਮਾ ਦਾ ਵੀ ਡਬਲ ਰੋਲ ਹੈ, ਜਿੱਥੇ ਉਸ ਨੇ ਵਧੀਆ ਕੰਮ ਕੀਤਾ ਹੈ। ਜੈਕਲੀਨ ਫਰਨਾਂਡੀਜ਼ ਅਤੇ ਪੂਜਾ ਹੇਗੜੇ ਨੇ ਵੀ ਵਧੀਆ ਕੰਮ ਕੀਤਾ ਹੈ।
ਦੂਜੇ ਪਾਸੇ ਸੰਜੇ ਮਿਸ਼ਰਾ ਦੀ ਗੱਲ ਕਰੀਏ ਤਾਂ ਇਸ ਵਾਰ ਫਿਲਮ ਦਾ ਸਾਰਾ ਕ੍ਰੈਡਿਟ ਉਹਨਾਂ ਦੇ ਸਿਰ ‘ਤੇ ਜਾਂਦਾ ਹੈ। ਸ਼ੁਰੂ ਤੋਂ ਲੈ ਕੇ ਅੰਤ ਤੱਕ ਸੰਜੇ ਮਿਸ਼ਰਾ ਦਰਸ਼ਕਾਂ ਨੂੰ ਬੰਨ੍ਹੀ ਰੱਖਣ ਵਿਚ ਕਾਮਯਾਬ ਹੁੰਦੇ ਹਨ । ਇਨ੍ਹਾਂ ਸਾਰੇ ਕਿਰਦਾਰਾਂ ‘ਤੇ ਹਾਵੀ ਹੋ ਜਾਂਦੇ ਹਨ । ਉਹਨਾਂ ਦੀ ਅਦਭੁਤ ਕਾਮਿਕ ਟਾਈਮਿੰਗ ਫਿਲਮ ਵਿਚ ਜਾਨ ਪਾ ਦਿੰਦੀ ਹੈ।
ਹੁਣ ਆਉਂਦੇ ਹਾਂ ਰੋਹਿਤ ਸ਼ੇੱਟੀ ‘ਤੇ -ਰੋਹਿਤ ਸ਼ੈੱਟੀ ਆਪਣੀਆਂ ਐਕਸ਼ਨ ਕਾਮੇਡੀ ਫਿਲਮਾਂ ਲਈ ਜਾਣੇ ਜਾਂਦੇ ਹਨ। ‘ਗੋਲਮਾਲ’ ਹੋਵੇ ਜਾਂ ‘ਸਿੰਘਮ’, ਰੋਹਿਤ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਕੋਈ ਕਸਰ ਨਹੀਂ ਛੱਡਦੇ।
ਪਰ ਇਸ ਵਾਰ ਰੋਹਿਤ ਸ਼ੈੱਟੀ ਆਪਣੇ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰ ਸਕੇ। ਕਮਜ਼ੋਰ ਕਹਾਣੀ ਅਤੇ ਸਕਰੀਨਪਲੇ ਕਾਰਨ ਕਾਫੀ ਭੰਬਲਭੂਸਾ ਹੈ। ਫਿਲਮ ਵਿੱਚ ਸਰਕਸ ਦਾ ਇੱਕ ਸ਼ਾਨਦਾਰ ਸੈੱਟ ਦੇਖਿਆ ਗਿਆ ਹੈ ਪਰ ਅਫਸੋਸ ਰੋਹਿਤ ਸ਼ੈੱਟੀ ਸਰਕਸ ਨੂੰ ਸਹੀ ਢੰਗ ਨਾਲ ਨਹੀਂ ਦਿਖਾ ਸਕੇ ਉਸ ਸੈੱਟ ਦਾ ਵੱਡੀਆਂ ਤਰਾਂ ਇਸਤੇਮਾਲ ਨਹੀਂ ਕਰ ਸਕੇ ਹਨ ।
ਬਾਕੀ ਤੁਸੀਂ ਆਪ ਜਾਕੇ ਫਿਲਮ ਨੂੰ ਵੇਖ ਸਕਦੇ ਹੋ। ਹੋ ਸਕਦਾ ਹੈ ਤੁਹਾਡੀ ਸ਼ਾਇਦ ਇਸ ਫਿਲਮ ਬਾਰੇ ਵੱਖਰੀ ਰਾਏ ਹੋਵੇ।