Punjab
ਸਾਕਾ ਨੀਲਾ ਤਾਰਾ:1 ਜੂਨ ਤੋਂ 6 ਜੂਨ ਤੱਕ ਦਾ ਹਾਲ

ਜੂਨ 1984 ਜਿਸ ਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਉੱਪਰ ਹਮਲਾ ਕਰਨ ਵਾਲੀ ਹਕੂਮਤ ਨੂੰ ਕਦੇ ਮੁਆਫ਼ ਨਹੀਂ ਕਰ ਸਕਦੇ।1984 ਦੇ ਜੂਨ ਮਹੀਨੇ ਵਿੱਚ ਸਿੱਖ ਸਮਾਜ ਦੀ ਮਾਨਸਿਕਤਾ ਨੂੰ ਜੋ ਜ਼ਖਮ ਹੋਇਆ ਸੀ ਉਹ ਹਰ ਸਾਲ ਜੂਨ ਮਹੀਨੇ ਵਿੱਚ ਮੁੜ ਦਰਦ ਦੇਣਾ ਸ਼ੁਰੂ ਕਰ ਦਿੰਦਾ ਹੈ। ਭਾਵੇਂ ਹਰਿਮੰਦਰ ਸਾਹਿਬ ਉੱਪਰ ਹਮਲਾ 6 ਜੂਨ ਨੂੰ ਹੋਇਆ ਸੀ ਪਰ ਇਸਦੀ ਤਿਆਰੀ 28 ਮਈ 1984 ਤੋਂ ਹੀ ਸ਼ੁਰੂ ਹੋ ਗਈ ਸੀ। ਇੰਦਰਾ ਗਾਂਧੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਪੰਜਾਬ ਵਿੱਚ ਫੌਜ ਤਾਇਨਾਤ ਕਰ ਦਿੱਤੀ। ਅੰਮ੍ਰਿਤਧਾਰੀ ਸਿੱਖਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਣ ਲੱਗ ਪਿਆ ਸੀ। ਫ਼ੌਜ ਅਤੇ CRPF ਦੇ ਪੰਜਾਬ ਦੇ ਚੱਪੇ ਚੱਪੇ ਤੇ ਤਾਇਨਾਤ ਹੋਣ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਕਿ ਕੁੱਝ ਗੜਬੜ ਹੋਣ ਵਾਲੀ ਹੈ।
ਇਸੇ ਦੌਰਾਨ ਪੰਜਾਬ ਦੇ ਰਾਜਪਾਲ ਬੀ ਡੀ ਪਾਂਡੇ ਵੱਲੋਂ ਦਰਬਾਰ ਸਾਹਿਬ ਵਿੱਚ ਫੌਜ ਦਾਖਲ ਕਰਵਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੂੰ ਦਰਬਾਰ ਸਾਹਿਬ ਫ਼ੌਜ ਦਾਖ਼ਲੇ ਦੇ ਸਰਕਾਰੀ ਹੁਕਮਾਂ ਉੱਪਰ ਦਸਤਖ਼ਤ ਕਰਨ ਲਈ ਫਾਈਲ ਭੇਜੀ ਗਈ ਪਰ ਗੁਰਦੇਵ ਸਿੰਘ ਨੇ ਦਸਤਖ਼ਤ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਮਗਰੋਂ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੂੰ ਲੰਬੀ ਛੁੱਟੀ ‘ਤੇ ਭੇਜ ਦਿੱਤਾ ਗਿਆ ਤੇ ਰਮੇਸ਼ਇੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਬਣਾ ਦਿੱਤਾ ਗਿਆ। ਰਮੇਸ਼ਇੰਦਰ ਸਿੰਘ ਨੇ ਸਰਕਾਰੀ ਹੁਕਮਾਂ ਉੱਪਰ ਦਸਤਖ਼ਤ ਕਰ ਦਿੱਤੇ ਜਿਸ ਨਾਲ ਫ਼ੌਜ ਦੇ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋਣ ਨੂੰ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਮਿਲ ਗਈ। ਸੈਨਾ ਮੁਖੀ ਜਨਰਲ ਅਰੁਣ ਸ੍ਰੀਧਰ ਵੈਦਿਆ ਨੇ ਲੈਫਟੀਨੈਂਟ ਜਨਰਲ ਕੇ ਸੁੰਦਰਜੀ ਨੂੰ ਆਪ੍ਰੇਸ਼ਨ ਬਲਿਊ ਸਟਾਰ ਦੀ ਕਮਾਨ ਸੌਂਪ ਦਿੱਤੀ। ਇਸ ਦੌਰਾਨ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਨੂੰ ਵੀ ਇਸ ਆਪ੍ਰੇਸ਼ਨ ਲਈ ਲਗਾ ਦਿੱਤਾ ਗਿਆ। ਦਰਬਾਰ ਸਾਹਿਬ ਦੇ ਚਾਰੇ ਪਾਸੇ ਫ਼ੌਜ ਅਤੇ ਸੀ ਆਰ ਪੀ ਐੱਫ ਦੇ ਲੋਕ ਰਾਇਫਲਾਂ ਲੈ ਕੇ ਘੁੰਮਦੇ ਨਜ਼ਰ ਆਉਣ ਲੱਗੇ। ਅੰਮ੍ਰਿਤਸਰ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ।
1ਜੂਨ ਨੂੰ 12.30 ਵਜੇ ਸੀ.ਆਰ.ਪੀ.ਐੱਫ ਨੇ ਸ੍ਰੀ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸਭ ਓਦੋਂ ਹੋਇਆ ਜਦੋਂ ਮੋਚੀ ਬਾਜ਼ਾਰ ਜੋ ਦਰਬਾਰ ਸਾਹਿਬ ਨਾਲ ਲੱਗਦਾ ਹੈ ਉੱਥੇ ਦਰਬਾਰ ਸਾਹਿਬ ਦੀ ਜਗ੍ਹਾ ਉੱਪਰ ਸੀ ਆਰ ਪੀ ਐੱਫ ਦੇ ਜਵਾਨਾਂ ਨੇ ਇੱਕ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅਤੇ ਸੀ ਆਰ ਪੀ ਐੱਫ ਦੇ ਜਵਾਨਾਂ ਵਿਚਕਾਰ ਤਕਰਾਰ ਸ਼ੁਰੂ ਹੋ ਗਈ,ਇਹ ਕੇਵਲ ਗੋਲੀਆਂ ਚਲਾਉਣ ਦੀ ਵਜ੍ਹਾ ਤਿਆਰ ਗਈ। ਇਸ ਗੋਲੀਬਾਰੀ ਦੌਰਾਨ ਬਾਬਾ ਅਟੱਲ ਰਾਏ ‘ਤੇ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। 2 ਜੂਨ ਸੰਗਤਾਂ ਵਹੀਰਾਂ ਘੱਤ ਕੇ ਹਰਿਮੰਦਿਰ ਸਾਹਿਬ ਵੱਲ ਆਉਣ ਲੱਗੀਆਂ। ਸਰਕਾਰ ਨੇ ਸਾਰੀਆਂ ਅਖ਼ਬਾਰਾਂ ਦੇ ਦਫਤਰਾਂ ਵਿੱਚ ਜਾ ਕੇ ਅਖ਼ਬਾਰਾਂ ਛਪਣ ਤੋਂ ਰੋਕ ਦਿੱਤੀਆਂ ਗਈਆਂ ਤਾਂ ਜੋ ਸਰਕਾਰ ਦੀਆਂ ਖ਼ਬਰਾਂ ਲੋਕਾਂ ਤੱਕ ਨਾ ਪਹੁੰਚ ਸਕਣ। ਵਿਦੇਸ਼ੀ ਪੱਤਰਕਾਰਾਂ ਨੂੰ ਵੀ ਉਥੋਂ ਚਲੇ ਜਾਣ ਲਈ ਕਹਿ ਦਿੱਤਾ ਗਿਆ। ਅੰਮ੍ਰਿਤਸਰ ਸ਼ਹਿਰ ਨੂੰ ਪੂਰੇ ਦੇਸ਼ ਨਾਲੋਂ ਕੱਟ ਦਿੱਤਾ ਗਿਆ। ਟੈਲੀਫੋਨ ਲਾਈਨਾਂ ਕੱਟ ਦਿੱਤੀਆਂ ਗਈਆਂ। 3 ਜੂਨ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਸੰਗਤ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਵਿਖੇ ਪਹੁੰਚੀ ਹੋਈ ਸੀ।
4 ਜੂਨ ਦੀ ਸਵੇਰੇ ਪੌਣੇ ਪੰਜ ਵਜੇ ਜਲ੍ਹਿਆਂ ਵਾਲੇ ਬਾਗ ਵਾਲ਼ੇ ਪਾਸੇ ਤੋਂ ਤੋਪਾਂ ਦੇ ਗੋਲੇ ਸ੍ਰੀ ਦਰਬਾਰ ਸਾਹਿਬ ਵੱਲ ਆਉਣੇ ਸ਼ੁਰੂ ਹੋ ਗਏ। ਚਾਰੇ ਪਾਸੇ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਦਰਬਾਰ ਸਾਹਿਬ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਖਾੜਕੂਆਂ ਦੇ ਨਾਲ ਨਾਲ ਨਿਰਦੋਸ਼ ਸਿੱਖ ਸੰਗਤ ਵੀ ਭਾਰਤੀ ਫ਼ੌਜ ਦੀ ਗੋਲੀਬਾਰੀ ਨਾਲ ਸ਼ਹੀਦ ਹੋਣ ਲੱਗੀ। ਦੋਵੇਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ ਫ਼ੌਜ ਦੇ ਹੈਲੀਕਾਪਟਰ ਦਰਬਾਰ ਸਾਹਿਬ ਉੱਪਰ ਘੁੰਮਣ ਲੱਗੇ।5 ਜੂਨ ਨੂੰ ਵੀ ਖਾੜਕੂਆਂ ਅਤੇ ਫ਼ੌਜ ਵਿਚਾਲੇ ਮੁਕਾਬਲਾ ਚੱਲਦਾ ਰਿਹਾ। 6 ਜੂਨ ਦਾ ਦਿਨ ਚੜ੍ਹਦਿਆਂ ਹੀ ਭਾਰਤੀ ਫ਼ੌਜ ਨੇ ਹਮਲੇ ਤੇਜ਼ ਕਰ ਦਿੱਤੇ। ਫੌਜੀ ਟੈਕਾਂ ਨਾਲ ਦਰਬਾਰ ਸਾਹਿਬ ਉੱਪਰ ਵੱਡਾ ਹਮਲਾ ਬੋਲ ਦਿੱਤਾ ਗਿਆ। ਜਦੋਂ ਸੰਗਤ ਵੱਡੀ ਗਿਣਤੀ ਵਿੱਚ ਸ਼ਹੀਦ ਹੋਣ ਲੱਗੀ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆਏ। ਉਨ੍ਹਾਂ ਦੇ ਬਾਹਰ ਨਿਕਲਦਿਆਂ ਹੀ ਫੌਜ ਨੇ ਉਨ੍ਹਾਂ ਉੱਪਰ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਦੌਰਾਨ ਸੰਤ ਸ਼ਹੀਦ ਹੋ ਗਏ। ਸੰਤਾਂ ਦੀ ਲਾਸ਼ ਦੀ ਸ਼ਨਾਖਤ ਕਰਨ ਲਈ ਉਨ੍ਹਾਂ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਨੂੰ ਬੁਲਾਇਆ ਗਿਆ। ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਈਆਂ ਸਨ। ਜ਼ਖ਼ਮੀ ਸੰਗਤਾਂ ਦਰਦ ਨਾਲ ਕਰਾਹ ਰਹੀਆਂ ਸਨ ਪਰ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਨਹੀਂ ਸੀ ਦਿੱਤੀ ਜਾ ਰਹੀ ਸਗੋਂ ਪਰਿਕ੍ਰਮਾ ਵਿੱਚ ਬੈਠਾਇਆ ਹੋਇਆ ਸੀ। ਛੇ ਜੂਨ ਦੀ ਸ਼ਾਮ ਨੂੰ ਗੋਲੀਬਾਰੀ ਘਟ ਗਈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਹਮਲੇ ਵਿੱਚ ਪੰਜ ਹਜ਼ਾਰ ਤੋਂ ਵੱਧ ਸਿੱਖ ਸ਼ਹੀਦ ਹੋਏ ਅਟੇ 90 ਦੇ ਕਰੀਬ ਫੌਜੀ ਵੀ ਮਾਰੇ ਗਏ। 41 ਸਾਲ ਬੀਤ ਜਾਣ ‘ਤੇ ਵੀ ਇੰਦਰਾ ਗਾਂਧੀ ਸਰਕਾਰ ਵੱਲੋਂ ਸਿੱਖਾਂ ਦੇ ਮਨਾਂ ਤੇ ਹੋਏ ਜ਼ਖਮ ਅੱਜ ਓਵੇਂ ਦੇ ਓਵੇਂ ਹੀ ਹਨ ਤੇ ਸ਼ਾਇਦ ਇਹ ਜ਼ਖਮ ਰਹਿੰਦੀ ਦੁਨੀਆਂ ਤੱਕ ਰਹਿਣਗੇ।