Punjab
ਸਤਿੰਦਰ ਕੋਹਲੀ—ਮੀਡੀਆ, ਸਿਆਸਤ ਤੇ SGPC ਦੀ ਤਿਕੋਣੀ ਤਾਕਤ ਦਾ ਕੇਂਦਰ- ਪ੍ਰਧਾਨ ਤੋਂ ਵੱਧ ਸ਼ਕਤੀਸ਼ਾਲੀ ਸੀ!!
ਸਤਿੰਦਰ ਸਿੰਘ ਕੋਹਲੀ ਦਾ ਮਾਮਲਾ ਸਿਰਫ਼ SGPC ਦੇ ਅੰਦਰੂਨੀ ਪ੍ਰਬੰਧ ਤੱਕ ਸੀਮਤ ਨਹੀਂ ਰਹਿੰਦਾ, ਇਹ ਮੀਡੀਆ, ਸਿਆਸਤ ਅਤੇ ਧਾਰਮਿਕ ਸੰਸਥਾ ਦੇ ਗੱਠਜੋੜ ਨੂੰ ਵੀ ਨੰਗਾ ਕਰਦਾ ਹੈ। ਕੋਹਲੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਵਿੱਚ PTC ਚੈਨਲ ਅਤੇ ਗੁਰਬਾਜ਼ ਪੰਜਾਬੀ ਮੀਡੀਆ ਨਾਲ ਜੁੜੀ ਉਸ ਦੀ ਭੂਮਿਕਾ ਕੇਂਦਰੀ ਬਣ ਜਾਂਦੀ ਹੈ। ਇਹ ਦਾਅਵਾ ਕੀਤਾ ਜਾ ਹੈ ਕਿ ਕੋਹਲੀ ਗੁਰਬਾਜ਼ ਪੰਜਾਬੀ ਮੀਡੀਆ ਦੇ ਡਾਇਰੈਕਟਰ ਵਜੋਂ ਵੀ ਪ੍ਰਭਾਵਸ਼ਾਲੀ ਰਿਹਾ, ਜਿਸ ਕਾਰਨ ਉਸ ਦੀ ਪਹੁੰਚ ਸਿਰਫ਼ ਲੇਖਾ-ਜੋਖੇ ਤੱਕ ਨਹੀਂ, ਸਗੋਂ ਕਵਰੇਜ, ਪ੍ਰਸਾਰਨ ਅਤੇ ਨੈਰੇਟਿਵ ਤੱਕ ਵੀ ਫੈਲੀ ਹੋਈ ਸੀ। ਸਤਿੰਦਰ ਸਿੰਘ ਕੋਹਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਵੱਧ ਸ਼ਕਤੀਸ਼ਾਲੀ ਸੀ। ਇੱਕ ਵਾਰ SGPC ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੋਹਲੀ ਨੂੰ ਮੁਅੱਤਲ ਕੀਤਾ ਸੀ ਪਰ ਇਹ ਮੁਅੱਤਲੀ ਰਾਤੋ-ਰਾਤ ਬਹਾਲੀ ਵਿੱਚ ਬਦਲ ਗਈ। ਇਹ ਗੱਲ ਸਭ ਨੂੰ ਪਤਾ ਹੈ ਕਿ ਕੋਹਲੀ ਦੇ ਸਿਰ ’ਤੇ ਸੁਖਬੀਰ ਸਿੰਘ ਬਾਦਲ ਦਾ ਹੱਥ ਸੀ—ਅਤੇ ਇਹੀ ਸਿਆਸੀ ਛਤਰੀ ਉਸਨੂੰ ਤਾਕਤਵਰ ਬਣਾਉਂਦੀ ਸੀ। ਇਹ ਘਟਨਾ ਸਾਬਤ ਕਰਦੀ ਹੈ ਕਿ SGPC ਦੇ ਫੈਸਲੇ ਕਈ ਵਾਰ ਪ੍ਰਧਾਨੀ ਅਹੁਦੇ ਤੋਂ ਬਾਹਰਲੀ ਤਾਕਤਾਂ ਨਾਲ ਨਿਰਧਾਰਤ ਹੁੰਦੇ ਸਨ।
ਇਥੇ ਹੀ ਗੱਲ ਮੁਕਦੀ ਨਹੀਂ। ਕੋਹਲੀ ਨੂੰ 75 ਫੀਸਦੀ ਰਿਕਵਰੀ ਦੇ ਹੁਕਮ ਜਾਰੀ ਹੋਏ—ਇਹ ਸ਼੍ਰੋਮਣੀ ਕਮੇਟੀ ਦੇ ਰਿਕਾਰਡਾਂ ਅਤੇ ਅੰਦਰੂਨੀ ਨੋਟਿੰਗਾਂ ਵਿੱਚ ਦਰਜ ਹੋਣ ਦੀ ਗੱਲ ਕੀਤੀ ਜਾਂਦੀ ਹੈ—ਪਰ ਅੱਜ ਤੱਕ ਰਿਕਵਰੀ ਨਹੀਂ ਹੋਈ। ਸਵਾਲ ਸਿੱਧਾ ਹੈ: ਜੇ ਹੁਕਮ ਸਨ, ਤਾਂ ਅਮਲ ਕਿਉਂ ਨਹੀਂ? ਕੀ ਇਹ ਵੀ ਉਸੇ ਸਿਆਸੀ-ਮੀਡੀਆਈ ਸੁਰੱਖਿਆ ਦਾ ਨਤੀਜਾ ਸੀ?
ਸਭ ਤੋਂ ਹੈਰਾਨੀਜਨਕ ਪੱਖ ਇਹ ਦੱਸਿਆ ਜਾਂਦਾ ਹੈ ਕਿ ਕੋਹਲੀ ਨੂੰ PTC ਦੇ ਵਿਦੇਸ਼ੀ ਪ੍ਰਸਾਰਨ ਅਤੇ ਡਿਸਟ੍ਰੀਬਿਊਸ਼ਨ ਦੇ ਪੂਰੇ ਅਧਿਕਾਰ ਦਿੱਤੇ ਗਏ। ਵਿਦੇਸ਼ਾਂ ਵਿੱਚ ਚੈਨਲ ਦੀ ਰੀਚ, ਐਡਵਰਟਾਈਜ਼ਿੰਗ, ਕੇਬਲ ਨੈਟਵਰਕਾਂ ਨਾਲ ਸੌਦੇ—ਇਹ ਸਭ ਅਧਿਕਾਰ ਕਿਸ ਅਧਾਰ ’ਤੇ ਇੱਕ SGPC ਦੇ ਅਧਿਕਾਰੀ ਨਾਲ ਜੋੜੇ ਗਏ? ਇੱਥੇ ਮੀਡੀਆ ਅਤੇ ਧਾਰਮਿਕ ਸੰਸਥਾ ਦੀ ਹੱਦ ਰੇਖਾ ਪੂਰੀ ਤਰ੍ਹਾਂ ਮਿਟਦੀ ਨਜ਼ਰ ਆਉਂਦੀ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਹਲੀ ਵਰਗੇ ਅਧਿਕਾਰੀਆਂ ਦੇ ਹੱਥਾਂ ਵਿੱਚ ਵਿੱਤ, ਮੀਡੀਆ ਅਤੇ ਸਿਆਸਤ ਦੀ ਡੋਰ ਇਕੱਠੀ ਹੋਣ ਕਾਰਨ ਕੋਈ ਵੀ ਅੰਦਰੂਨੀ ਜਾਂਚ ਪ੍ਰਭਾਵਸ਼ਾਲੀ ਨਹੀਂ ਹੋ ਸਕੀ। ਆਡਿਟ ਰਿਪੋਰਟਾਂ ਦੱਬਣ ਫਾਇਲਾਂ ਰੁਕਣ ਅਤੇ ਫੈਸਲਿਆਂ ਦੇ ਲੰਮੇ ਹੋਣ ਦੀਆਂ ਗੱਲਾਂ ਸਾਲਾਂ ਤੋਂ ਚਰਚਾ ਵਿੱਚ ਰਹੀਆਂ।
ਅੱਜ ਜਦੋਂ 328 ਸਰੂਪਾਂ ਦੇ ਮਾਮਲੇ ਨੇ ਕੋਹਲੀ ਨੂੰ ਕਾਨੂੰਨੀ ਕਟਘਰੇ ਵਿੱਚ ਲਿਆ ਖੜ੍ਹਾ ਕੀਤਾ ਹੈ, ਤਾਂ ਇਹ ਸਿਰਫ਼ ਇੱਕ ਗ੍ਰਿਫਤਾਰੀ ਨਹੀਂ—ਇਹ ਪੂਰੇ ਸਿਸਟਮ ਦੀ ਪਰਖ ਹੈ। ਸਵਾਲ SGPC, ਅਕਾਲੀ ਸਿਆਸਤ ਅਤੇ PTC ਵਰਗੇ ਮੀਡੀਆ ਘਰਾਣਿਆਂ ਤੱਕ ਜਾਂਦਾ ਹੈ:
ਕੀ ਹੁਣ 75 ਫੀਸਦੀ ਰਿਕਵਰੀ ਹੋਏਗੀ?
ਕੀ ਵਿਦੇਸ਼ੀ ਪ੍ਰਸਾਰਨ ਦੇ ਸੌਦੇ ਜਾਂਚ ਹੇਠ ਆਉਣਗੇ?
ਅਤੇ ਸਭ ਤੋਂ ਵੱਡਾ ਸਵਾਲ ਕੀ “ਸਿਆਸੀ ਛਤਰੀ” ਹੇਠ ਪਲੇ ਇਹ ਸ਼ਕਤੀਸ਼ਾਲੀ ਕੇਂਦਰ ਹੁਣ ਟੁੱਟਣਗੇ?
ਜੇ ਇਹ ਸਵਾਲ ਬਿਨਾਂ ਜਵਾਬ ਰਹਿ ਗਏ, ਤਾਂ ਕੋਹਲੀ ਦਾ ਕੇਸ ਇੱਕ ਵਿਅਕਤੀ ਦੀ ਗ੍ਰਿਫਤਾਰੀ ਬਣ ਕੇ ਰਹਿ ਜਾਵੇਗਾ—ਪਰ ਸੱਚੀ ਜਵਾਬਦੇਹੀ ਫਿਰ ਵੀ ਅਧੂਰੀ ਰਹੇਗੀ।

