Punjab
ਸ਼ਹੀਦਾਂ ਦੀ ਸ਼ਹਾਦਤ ਨੂੰ ਘੱਟੇ ਮਿੱਟੀ ਰੋਲਦੇ ਸਿੱਖ ਆਗੂ!

ਜੂਨ 1984 ਅਜਿਹਾ ਮਹੀਨਾ ਹੈ ਜਿਸਦੇ ਚੜ੍ਹਦਿਆਂ ਹੀ ਸਿੱਖਾਂ ਦੇ ਜ਼ਖਮ ਮੁੜ ਹਰੇ ਹੋ ਜਾਂਦੇ ਹਨ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਭਾਰਤੀ ਫ਼ੌਜ ਨੇ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਤੋਪਾਂ ਟੈਂਕਾਂ ਨਾਲ ਇਸ ਤਰ੍ਹਾਂ ਹਮਲਾ ਕਰ ਦਿੱਤਾ ਸੀ ਜਿਵੇਂ ਕਿਸੇ ਦੁਸ਼ਮਣ ਦੇਸ਼ ਉੱਪਰ ਹਮਲਾ ਕੀਤਾ ਜਾਂਦਾ ਹੈ। ਇੱਕ ਜੂਨ ਤੋਂ ਛੇ ਜੂਨ ਤੱਕ ਚੱਲੇ ਸਾਕਾ ਨੀਲਾ ਤਾਰਾ ਦੌਰਾਨ ਸੈਂਕੜੇ ਸਿੱਖ ਸ਼ਹੀਦ ਹੋ ਗਏ ਸਨ। ਜਿਸ ਮਕਸਦ ਨੂੰ ਲੈ ਕੇ ਸਾਡੇ ਭੈਣਾਂ ਭਰਾ ਸ਼ਹਾਦਤ ਦਾ ਜਾਮ ਪੀ ਗਏ ਸਿੱਖ ਆਗੂਆਂ ਨੇ ਉਸ ਮਕਸਦ ਨੂੰ ਪੂਰਾ ਕਰਨ ਲਈ ਹੁਣ ਤੱਕ ਕੁੱਝ ਨਹੀਂ ਕੀਤਾ ਇਸਦੇ ਉਲਟ ਸਿੱਖ ਸਿਆਸਤਦਾਨਾਂ ਵੱਲੋਂ ਸ਼ਹੀਦਾਂ ਦੇ ਨਾਮ ‘ਤੇ ਰਾਜਨੀਤੀ ਕਰਕੇ ਸ਼ਹੀਦਾਂ ਦੀ ਸ਼ਹਾਦਤ ਨੂੰ ਘੱਟੇ ਮਿੱਟੀ ਵਿੱਚ ਰੋਲਿਆ ਜਾ ਰਿਹਾ ਹੈ।
ਹਰ ਸਾਲ ਜੂਨ ਦੇ ਪਹਿਲੇ ਹਫਤੇ ਮਨਾਏ ਜਾਂਦੇ ਘੱਲੂਘਾਰੇ ਹਫ਼ਤੇ ਦੌਰਾਨ ਸਾਡੇ ਆਗੂਆਂ ਵੱਲੋਂ ਆਪਸ ਵਿੱਚ ਜੂਤਮ ਜੁੱਤਾ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਬਜਾਇ ਸ਼ਹੀਦਾਂ ਦਾ ਅਪਮਾਨ ਕੀਤਾ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇ ਜੂਨ ਨੂੰ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਮੌਕੇ ਟਕਰਾਓ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ (ਧੁੰਮਾਂ) ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਘੱਲੂਘਾਰਾ ਦਿਵਸ ਮੌਕੇ ਕੁਲਦੀਪ ਸਿੰਘ ਗੜਗੱਜ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦੇਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਿੱਖ ਕੌਮ ਕੁਲਦੀਪ ਸਿੰਘ ਗੜਗੱਜ ਨੂੰ ਆਪਣਾ ਜਥੇਦਾਰ ਨਹੀਂ ਮੰਨਦੀ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਹੈ ਕਿ ਗੜਗੱਜ ਅਪ੍ਰਵਾਨਿਤ ਜੱਥੇਦਾਰ ਹਨ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਕੋਈ ਹੱਕ ਨਹੀਂ ਹੈ।
ਦੂਜੇ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਘੱਲੂਘਾਰਾ ਸਿੱਖ ਕੌਮ ਇਕਜੁੱਟਤਾ ਨਾਲ ਮਨਾਵੇ। ਇੱਥੇ ਅਸੀਂ ਦਮਦਮੀ ਟਕਸਾਲ ਦੇ ਮੁਖੀ ਦੀ ਚੇਤਾਵਨੀ ਨੂੰ ਵੀ ਗ਼ਲਤ ਨਹੀਂ ਕਹਿ ਸਕਦੇ। ਇਹ ਗੱਲ ਪੂਰੀ ਸਿੱਖ ਕੌਮ ਜਾਣਦੀ ਹੈ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਲਾਹਿਆ ਤੇ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਬਰੀ ਸੇਵਾ ਮੁਕਤ ਕੀਤਾ ਗਿਆ। ਜਦੋਂ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰੀ ਦਿੱਤੀ ਗਈ ਸੀ ਉਸ ਸਮੇਂ ਤੋਂ ਹੀ ਸਿੱਖ ਕੌਮ ਦੇ ਵੱਡੇ ਹਿੱਸੇ ਵੱਲੋਂ ਉਨ੍ਹਾਂ ਨੂੰ ਜਥੇਦਾਰ ਮੰਨਣ ਤੋਂ ਨਾਂਹ ਕਰ ਦਿੱਤੀ ਗਈ ਸੀ। ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੁਲਦੀਪ ਸਿੰਘ ਗੜਗੱਜ ਜਥੇਦਾਰ ਬਣਨ ਦੇ ਯੋਗ ਹੀ ਨਹੀਂ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਗੜਗੱਜ ਨੇ ਉਨ੍ਹਾਂ ਦੀ ਗੱਡੀ ਚੋਰੀ ਕੀਤੀ ਸੀ। ਇਸਦੇ ਨਾਲ ਹੀ ਪਿਛਲੇ ਦਿਨੀਂ ਜਦੋਂ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁੱਝ ਸਿੱਖ ਸ਼ਖ਼ਸੀਅਤਾਂ ਨੂੰ ਤਲਬ ਕਰਕੇ ਤਨਖਾਹ ਲਗਾਈ ਗਈ ਸੀ ਅਤੇ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੂੰ ਦੋਸ਼ ਮੁਕਤ ਕੀਤਾ ਸੀ ਤਾਂ ਉਸੇ ਦਿਨ ਹੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਜਥੇਦਾਰ ਟੇਕ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਸੀ।
ਹੁਣ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ਨੂੰ 10 ਜੂਨ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ। ਹੁਣ ਜਦੋਂ ਦੁਨੀਆ ਭਰ ਦੇ ਸਿੱਖਾਂ ਵੱਲੋਂ ਛੇ ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਣਾ ਹੈ ਉਸ ਸਮੇਂ ਬਾਬਾ ਧੁੰਮਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਚੇਤਾਵਨੀ ਦਿੰਦਿਆਂ ਇਹ ਕਹਿਣਾ ਕਿ ਉਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਛੇ ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਕਿਸੇ ਨੂੰ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ। ਇੱਥੇ ਤਿੰਨ ਧਿਰਾਂ ਬਣ ਜਾਂਦੀਆਂ ਹਨ। ਗੜਗੱਜ ਸ਼ਰਧਾਂਜਲੀ ਭੇਂਟ ਕਰਨਗੇ, ਦਮਦਮੀ ਟਕਸਾਲ ਰੋਕੇਗੀ ਤੇ ਮਾਨ ਦਲ ਮਾਹੌਲ ਖ਼ਰਾਬ ਕਰਨ ਤੋਂ ਰੋਕਣ ਲਈ ਮਾਹੌਲ ਖ਼ਰਾਬ ਕਰਨਗੇ।ਅਜਿਹਾ ਤਕ਼ਰੀਬਨ ਹਰ ਸਾਲ ਹੀ ਹੁੰਦਾ ਹੈ। ਸਿੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਨਹੀਂ ਕੀਤੀਆਂ ਜਾਂਦੀਆਂ ਸਗੋਂ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਹਨ ਤੇ ਇਸ ਵਾਰ ਵੀ ਸੇਕੀਆਂ ਜਾਣਗੀਆਂ।
ਕੁਲਵੰਤ ਸਿੰਘ ਗੱਗੜਪੁਰੀ