Punjab
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੋਰਵ ਯਾਦਵ ਡੀ.ਜੀ.ਪੀ. ਨੂੰ ਕੀਤਾ ਤਲਬ

28 ਦਸੰਬਰ 2023: ਸਪੀਕਰ ਸੰਧਵਾਂ ਨੇ ਜ਼ਿਲ੍ਹਾ ਫਰੀਦਕੋਟ ਅਧੀਨ ਆਉਂਦੇ ਥਾਣਿਆਂ ‘ਚ ਪੁਲਿਸ ਦੀ ਨਫਰੀ ਘੱਟ ਹੋਣ ਕਰਕੇ ਹੀ ਉਕਤ ਘਟਨਾਵਾਂ ‘ਚ ਵਾਧਾ ਹੋਣ ਦੀ ਪੁਲਿਸ ਅਧਿਕਾਰੀਆਂ ਵਲੋਂ ਦਲੀਲ ਦਿੱਤੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਐਨੀਆਂ ਘਟਨਾਵਾਂ ਨਹੀਂ ਸਨ ਵਾਪਰਦੀਆਂ। ਸਪੀਕਰ ਸੰਧਵਾਂ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਦਿਨ ਦਿਹਾੜੇ ਨਕਾਬਪੋਸ਼ ਲੁਟੇਰਿਆਂ ਵਲੋਂ ਤੇਜਧਾਰ ਹਥਿਆਰ ਦੀ ਨੋਕ ‘ਤੇ ਲੁੱਟਣ ਦੀਆਂ ਘਟਨਾਵਾਂ ਦਾ ਜਿਕਰ ਕਰਦਿਆਂ ਆਖਿਆ ਕਿ ਲੁਟੇਰੇ ਅਕਸਰ ਕਿਸੇ ਦੁਕਾਨਦਾਰ ਜਾਂ ਰਾਹਗੀਰ ਉੱਪਰ ਕਾਤਲਾਨਾ ਹਮਲਾ ਤੱਕ ਵੀ ਕਰ ਦਿੰਦੇ ਹਨ, ਜੋ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਲੁਟੇਰਿਆਂ ਦੀਆਂ ਸਰਗਰਮੀਆਂ ‘ਤੇ ਠੱਲ ਨਾ ਪਾਈ ਗਈ ਤਾਂ ਇਸ ਦੇ ਨਤੀਜੇ ਬਹੁਤ ਹੀ ਭਿਆਨਕ ਅਤੇ ਦੁਖਦਾਇਕ ਹੋ ਸਕਦੇ ਹਨ। ਉਹਨਾ ਜਿਲਾ ਫਰੀਦਕੋਟ ਦੇ ਵੱਖ-ਵੱਖ ਰੈਂਕ ਦੇ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਵਾਧਾ ਕਰਕੇ ਪੁਲਿਸ ਗਸ਼ਤ ਤੇਜ ਕਰਨ, ਨਾਕਾਬੰਦੀ ਵਧਾਉਣ ਅਤੇ ਸ਼ੱਕੀ ਅਨਸਰਾਂ ‘ਤੇ ਤਿੱਖੀ ਨਜਰ ਰੱਖਣ ਦੀ ਹਦਾਇਤ ਕੀਤੀ। ਸਪੀਕਰ ਸੰਧਵਾਂ ਨੇ ਗੁੱਸੇ ਅਤੇ ਰੋਹ ਭਰੇ ਲਹਿਜੇ ਵਿੱਚ ਆਖਿਆ ਕਿ ਚੋਰਾਂ, ਲੁਟੇਰਿਆਂ, ਗੁੰਡਾ ਅਨਸਰਾਂ ਆਦਿ ਤੋਂ ਆਮ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮੁੱਢਲੀ ਜਿੰਮੇਵਾਰੀ ਹੈ। ਡੀ.ਜੀ.ਪੀ. ਗੋਰਵ ਯਾਦਵ ਨੇ ਵਿਸ਼ਵਾਸ਼ ਦਿਵਾਇਆ ਕਿ ਅਮਨ ਕਾਨੂੰਨ ਦੀ ਹਾਲਤ ਵਿਗਾੜਨ ਦੀ ਕਿਸੇ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ। ਉਹਨਾਂ ਆਖਿਆ ਕਿ ਪੁਲਿਸ ਵਲੋਂ ਚੋਰਾਂ, ਲੁਟੇਰਿਆਂ ਅਤੇ ਸ਼ਰਾਰਤੀ ਅਨਸਰਾਂ ਉੱਪਰ ਡਰੋਨ ਰਾਹੀਂ ਨਜਰ ਰੱਖਣ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਜੇਕਰ ਜ਼ਿਲਾ ਫਰੀਦਕੋਟ ਦੀ ਗੱਲ ਕਰੀਏ ਤਾ ਫਰੀਦਕੋਟ ਜ਼ਿਲ੍ਹੇ ਦਾ ਕਸਬਾ ਕੋਟਕਪੁਰੇ ਦੇ ਵਿੱਚ ਵਾਰਦਾਤਾਂ ਤੋਂ ਇੱਕ ਨੰਬਰ ਤੇ ਚੱਲ ਰਿਹਾ ਹੈ।
ਇੱਥੇ ਇਹ ਵੀ ਦੱਸ ਦਈਏ ਕਿ ਜਦੋਂ ਇਸ ਵਾਰਦਾਤਾਂ ਨੂੰ ਲੈ ਕੇ ਕੋਟਕਪੂਰੇ ਦੇ ਥਾਣਾ ਮੁਖੀ ਨਾਲ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਪੁਖਤਾ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ|