Punjab
ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ , ਜਾਤੀਵਾਦ ਦੇ ਕੋਹੜ ਕਾਰਨ ਅਣਗੌਲੇ ਕੀਤੇ ਗਏ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ!
ਪੋਹ ਦਾ ਮਹੀਨਾ ਸ਼ਹਾਦਤਾਂ ਦਾ ਮਹੀਨਾਂ ਹੈ। ਇਸ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਸਿੰਘਾਂ ਦੀਆਂ ਸ਼ਹਾਦਤਾਂ ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਹੋਈਆਂ। ਚਮਕੌਰ ਸਾਹਿਬ ਦੇ ਮਹਾਨ ਸ਼ਹੀਦਾਂ ਵਿੱਚ ਹੀ ਸ਼ਾਮਲ ਹਨ ਖਾਲਸਾ ਫੌਜ ਦੇ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) 23 ਦਸੰਬਰ 1704 ਈਸਵੀ ਨੂੰ ਬਾਬਾ ਜੀਵਨ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਭਾਈ ਜੈਤਾ ਜੀ ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦਾ ਗੁਰੂ ਘਰ ਨਾਲ ਬਹੁਤ ਨੇੜੇ ਦਾ ਸੰਬੰਧ ਰਿਹਾ ਅਤੇ ਭਾਈ ਜੈਤਾ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਉਣਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪਣ ਦਾ ਕੰਮ ਅਤੇ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਵਿੱਚ ਅਹਿਮ ਭੂਮਿਕਾ ਰਹੀ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਜਾਤੀਵਾਦ ਦੇ ਕੋਹੜ ਕਾਰਨ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਨੂੰ ਅਣਗੌਲਿਆ ਕੀਤਾ ਗਿਆ ਹੈ। ਕੁੱਝ ਸਾਲ ਪਹਿਲਾਂ ਤੱਕ ਚਮਕੌਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਨਾਮ ਚਮਕੌਰ ਗੜ੍ਹੀ ਦੇ ਸ਼ਹੀਦਾਂ ਵਿੱਚ ਸ਼ਾਮਲ ਸੀ ਪਰ ਹੁਣ ਉਨ੍ਹਾਂ ਦਾ ਨਾਮ ਉੱਥੇ ਨਹੀਂ ਹੈ। ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ। ਭਾਈ ਜੈਤਾ ਜੀ ਦਾ ਜਨਮ 13 ਦਸੰਬਰ 1661 ਈਸਵੀ ਨੂੰ ਪਿੰਡ ਗੱਗੋਮਾਹਲ (ਪੰਜਾਬ) ਵਿੱਚ ਪਿਤਾ ਸਦਾ ਨੰਦ ਜੀ ਦੇ ਗ੍ਰਹਿ ਵਿਖੇ ਮਾਤਾ ਪ੍ਰੇਮੋ ਦੀ ਕੁੱਖੋਂ ਹੋਇਆ।ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦਾ ਸੰਬੰਧ ਗੁਰੂ ਸਾਹਿਬਾਨ ਨਾਲ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਰਿਹਾ ਹੈ। ਬਾਬਾ ਜੀਵਨ ਸਿੰਘ ਜੀ ਦੇ ਪਿਤਾ ਸਦਾ ਨੰਦ ਜੀ ਪੜਦਾਦਾ ਕਲਿਆਣਾ ਜੀ ਦਾ ਜ਼ਿਕਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੁਕਮਨਾਮਿਆਂ ਵਿੱਚ ਕੀਤਾ ਹੈ। ਮਾਤਾ ਗੁਜਰ ਕੌਰ ਜੀ ਨੇ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਨੇ ਜਾਤ ਪਾਤ ਦੇ ਖਾਤਮੇ ਦੇ ਮੰਤਵ ਨਾਲ ਭਾਈ ਸਦਾਨੰਦ ਜੀ ਦਾ ਵਿਆਹ ਉੱਘੇ ਸੰਗੀਤਕਾਰ ਪੰਡਿਤ ਸ਼ਿਵ ਨਰਾਇਣ ਦੀ ਪੁੱਤਰੀ ਬੀਬੀ ਲਾਜਵੰਤੀ ਨਾਲ ਕੀਤਾ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਪਿਆਰ ਨਾਲ ਪ੍ਰੇਮੋ ਕਹਿ ਕੇ ਬੁਲਾਉਂਦੇ ਸਨ। ਇਸ ਗੱਲ ਤੋਂ ਹੀ ਪਤਾ ਲਗਦਾ ਹੈ ਕਿ ਭਾਈ ਜੈਤਾ ਜੀ ਦੇ ਪਰਿਵਾਰ ਦੇ ਸੰਬੰਧ ਗੁਰੂ ਪਰਿਵਾਰ ਨਾਲ ਕਿੰਨੇ ਗੂੜ੍ਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਜੈਤਾ ਜੀ ਦਾ ਪਾਲਣ ਪੋਸ਼ਣ ਆਪਣੀ ਦੇਖ ਰੇਖ ਹੇਠ ਕੀਤਾ ਅਤੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਸਿੱਖਿਆ ਹਾਸਲ ਕਾਰਵਾਈ। ਜਦੋਂ 1975 ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕਰ ਲਿਆ ਗਿਆ ਤਾਂ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ 57 ਸ਼ਲੋਕ, ਪੰਜ ਪੈਸੈ ਅਤੇ ਇੱਕ ਨਾਰੀਅਲ ਦੇ ਕੇ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਭੇਜਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪਣ ਦਾ ਕਾਰਜ਼ ਸੰਪੂਰਨ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਭਾਈ ਜੈਤਾ ਜੀ ਉਨ੍ਹਾਂ ਦਾ ਸੀਸ ਦਿੱਲੀ ਤੋਂ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਪੁੱਜੇ ਸਨ ਅਤੇ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਸੀਨੇ ਨਾਲ ਲਗਾ ਕੇ ਕਿਹਾ ਸੀ, “ਰੰਘਰੇਟੇ ਗੁਰੂ ਕੇ ਬੇਟੇ”।1699 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਤਾਂ ਭਾਈ ਜੈਤਾ ਜੀ ਨੂੰ ਚਾਰ ਸਹਿਬਜ਼ਾਦਿਆਂ ਦੇ ਨਾਲ ਅੰਮ੍ਰਿਤਪਾਨ ਕਰਵਾਇਆ ਸੀ। ਜਦੋਂ 20 ਦਸੰਬਰ 1704 ਨੂੰ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਸਮੇਤ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਤਾਂ ਦੁਸ਼ਮਣ ਫੌਜਾਂ ਨੇ ਖਾਧੀਆਂ ਕਸਮਾਂ ਤੋੜ ਕੇ ਖਾਲਸਾ ਫੌਜਾਂ ਉੱਪਰ ਹਮਲਾ ਕਰ ਦਿੱਤਾ। ਇਸ ਸਮੇਂ ਸਰਸਾ ਨਦੀ ‘ਤੇ ਆ ਕੇ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਘਰ ਖੇੜੀ ਪਿੰਡ ਵਿੱਚ ਲੈ ਗਿਆ ਜਿੱਥੇ ਜਾ ਕੇ ਉਸਨੇ ਲਾਲਚ ਵੱਸ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਅਤੇ ਚਾਲੀ ਸਿੰਘਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਆਪਣੀ ਛਾਉਣੀ ਬਣਾ ਲਿਆ ਸੀ। ਚਾਲੀ ਸਿੰਘਾਂ ਨੇ ਲੱਖਾਂ ਦੀ ਗਿਣਤੀ ਵਿੱਚ ਆਈਆਂ ਦੁਸ਼ਮਣ ਫੌਜਾਂ ਦਾ ਡਟ ਕੇ ਸਾਹਮਣਾ ਕੀਤਾ। ਸਿੰਘਾਂ ਦੇ ਜ਼ੋਰ ਪਾਉਣ ‘ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਗੜ੍ਹੀ ਛੱਡੀ ਤਾਂ ਆਪਣਾ ਕਲਗ਼ੀ ਤੋੜਾ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਨੂੰ ਪਵਾਇਆ।23 ਦਸੰਬਰ 1704 ਨੂੰ ਬਾਬਾ ਜੀਵਨ ਸਿੰਘ ਜੀ ਸ਼ਹੀਦ ਹੋ ਗਏ। ਮੁਗ਼ਲ ਫ਼ੌਜ ਦਾ ਸੈਨਾਪਤੀ ਇਹ ਸਮਝ ਕੇ ਬਾਬਾ ਜੀਵਨ ਸਿੰਘ ਜੀ ਦਾ ਸੀਸ ਦਿੱਲੀ ਲੈ ਕੇ ਗਿਆ ਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਦਿੱਤਾ ਹੈ ਪਰ ਔਰੰਗਜੇਬ ਦੀ ਧੀ ਨੇ ਪਛਾਣ ਕੇ ਕਿਹਾ ਸੀ ਕਿ ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ। ਅੱਜ ਦੇ ਦਿਨ 23 ਦਸੰਬਰ 1704 ਨੂੰ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਬਾਬਾ ਜੀਵਨ ਸਿੰਘ ਜੀ ਅਤੇ ਚਮਕੌਰ ਗੜ੍ਹੀ ਦੇ ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

