Punjab
ਪੰਜਾਬ ਦੇ RSS, ਭਾਜਪਾ ਨੇਤਾਵਾਂ ਅਤੇ ਕਿਸਾਨ ਨੇਤਾਂਵਾ ‘ਤੇ ਮੰਡਰਾ ਰਿਹਾ ਅੱਤਵਾਦੀ ਖਤਰਾ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਰ ਸ਼ਾਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪਾਕਿਸਤਾਨ ਦੇ ਡਰੋਨ ਅੱਤਵਾਦ ਤੋਂ ਜਾਣੂ ਕਰਵਾਇਆ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਵਿਸਥਾਰਤ ਰਿਪੋਰਟ ਵੀ ਸੌਂਪੀ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਸਮਰਥਿਤ ਅੱਤਵਾਦੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਛੇਤੀ ਤੋਂ ਛੇਤੀ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ 25 ਕੰਪਨੀਆਂ ਤਾਇਨਾਤ ਕਰਨ।
ਨਾਲ ਹੀ ਬੀ.ਐਸ.ਐਫ. ਨੂੰ ਡਰੋਨ ਨੂੰ ਤਬਾਹ ਕਰਨ ਵਾਲੇ ਉਪਕਰਣਾਂ ਨਾਲ ਲੈਸ ਕੀਤਾ ਜਾਵੇ। ਮੁੱਖ ਮੰਤਰੀ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਬਠਿੰਡਾ, ਫਗਵਾੜਾ ਅਤੇ ਮੋਗਾ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੇਲਵੇ, ਬੱਸਾਂ ਅਤੇ ਮੰਦਰ, ਉੱਘੇ ਕਿਸਾਨ ਆਗੂ (ਅਜਿਹੇ 5 ਕਿਸਾਨ ਨੇਤਾਵਾਂ ਬਾਰੇ ਠੋਸ ਜਾਣਕਾਰੀ ਪ੍ਰਾਪਤ ਹੋਈ ਸੀ ਪਰ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਪੁਲਿਸ ਤੋਂ ਸੁਰੱਖਿਆ ਦੀ ਪੇਸ਼ਕਸ਼ ਠੁਕਰਾ ਦਿੱਤੀ), ਪੰਜਾਬ ਨਾਲ ਸਬੰਧਤ ਆਰ.ਐਸ.ਐਸ. ਸ਼ਖਸਾਂ/ਦਫਤਰਾਂ, ਆਰਐਸਐਸ/ਭਾਜਪਾ/ਸ਼ਿਵ ਸੈਨਾ ਦੇ ਨੇਤਾਵਾਂ, ਡੇਰਾ, ਨਿਰੰਕਾਰੀ ਭਵਨ ਅਤੇ ਸੰਗਤਾਂ ਸਮੇਤ ਵਿਅਕਤੀਆਂ ਅਤੇ ਜਲੂਸਾਂ ਲਈ ਅੱਤਵਾਦੀ ਖਤਰਾ ਸੰਭਵ ਹੈ।
ਮੁੱਖ ਮੰਤਰੀ ਅਮਰਿੰਦਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਖੇਤੀ ਐਕਟ ਨੂੰ ਰੱਦ ਕਰਨ ਦੀ ਮੰਗ ਦੁਹਰਾਈ। ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਅਤੇ ਡੀ.ਏ.ਪੀ. ਫੰਡਾਂ ਦੀ ਘਾਟ ਬਾਰੇ ਵਧ ਰਹੇ ਸ਼ੰਕਿਆਂ ਨੂੰ ਦੂਰ ਕਰਨ ਲਈ ਵੀ ਹੱਲ ਕਰਨ ਦੀ ਮੰਗ ਕੀਤੀ, ਕਿਉਂਕਿ ਡੀ.ਏ.ਪੀ. ਘਾਟ ਕਾਰਨ ਕਿਸਾਨਾਂ ਦੀ ਪ੍ਰੇਸ਼ਾਨੀ ਵਧੇਗੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਦੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਮੁੱਖ ਮੰਤਰੀ ਦਫਤਰ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।