Health
ਰਾਜਧਾਨੀ ਦਿੱਲੀ ਦੀ ਹਵਾ ਪ੍ਰਦੂਸ਼ਣ ਕਾਰਨ ਹੋ ਗਈ ਜ਼ਹਿਰੀਲੀ, ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕੀਤਾ ਐਲਾਨ
7 ਨਵੰਬਰ 2023: ਰਾਜਧਾਨੀ ਦਿੱਲੀ ਦੀ ਹਵਾ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋ ਗਈ ਹੈ। ਸੋਮਵਾਰ ਨੂੰ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ ਯਾਨੀ AQI 470 ਦਰਜ ਕੀਤਾ ਗਿਆ। WHO ਦੇ ਅਨੁਸਾਰ, AQI 0 ਤੋਂ 50 ਵਿਚਕਾਰ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਲਿਹਾਜ਼ ਨਾਲ ਦਿੱਲੀ ਦੀ ਹਵਾ WHO ਦੀ ਸੀਮਾ ਤੋਂ 20 ਗੁਣਾ ਪ੍ਰਦੂਸ਼ਿਤ ਹੈ।
ਦਿੱਲੀ ਵਿਚ ਹਵਾ ਦੀ ਗੁਣਵੱਤਾ ਨਾਜ਼ੁਕ ਪੱਧਰ ‘ਤੇ ਪਹੁੰਚਣ ਤੋਂ ਬਾਅਦ, ਵਾਤਾਵਰਣ ਮੰਤਰੀ ਗੋਪਾਲ ਰਾਏ ਨੇ 13 ਤੋਂ 20 ਨਵੰਬਰ ਤੱਕ ਵਾਹਨਾਂ ਲਈ ਔਡ-ਈਵਨ ਪ੍ਰਣਾਲੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਮੀਟਿੰਗ ਹੋਈ।
ਇਸ ਵਿੱਚ ਦੀਵਾਲੀ ਦੇ ਅਗਲੇ ਦਿਨ ਤੋਂ ਇੱਕ ਹਫ਼ਤੇ ਲਈ ਔਡ-ਈਵਨ ਫਾਰਮੂਲਾ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਪ੍ਰਦੂਸ਼ਣ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਪਹਿਲਾਂ ਹੀ ਗੈਰ-ਜ਼ਰੂਰੀ ਨਿਰਮਾਣ, ਬੀਐਸ-3 ਸ਼੍ਰੇਣੀ ਦੇ ਪੈਟਰੋਲ ਅਤੇ ਬੀਐਸ-4 ਸ਼੍ਰੇਣੀ ਦੇ ਡੀਜ਼ਲ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। 5ਵੀਂ ਜਮਾਤ ਤੱਕ ਦੇ ਸਕੂਲ 10 ਨਵੰਬਰ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।