India
ਤੀਸਰੀ ਪਾਸ ਬੰਦਾ ਡਾਕਟਰਾਂ ਨੂੰ ਪੜ੍ਹਾਉਂਦਾ ਸੀ; ਸਾਡੇ ਸਿੱਖਿਆ ਸਿਸਟਮ ਦੀ ਸਭ ਤੋਂ ਵੱਡੀ ਹਾਰ
ਤੀਸਰੀ ਪਾਸ ਬੰਦਾ ਡਾਕਟਰਾਂ ਨੂੰ ਪੜ੍ਹਾਉਂਦਾ ਸੀ—ਇਹ ਵਾਕ ਸੁਣਦੇ ਹੀ ਮਨ ਹੈਰਾਨ ਰਹਿ ਜਾਂਦਾ ਹੈ, ਪਰ ਜਾਂਚ ਏਜੰਸੀਆਂ ਨੇ ਜੋ ਤੱਥ ਸਾਹਮਣੇ ਰੱਖੇ ਹਨ, ਉਹ ਸਿਰਫ਼ ਹੈਰਾਨੀ ਨਹੀਂ, ਸਗੋਂ ਸਮਾਜ ਲਈ ਡਰਾਉਣੀ ਚੇਤਾਵਨੀ ਹਨ। ਜੰਮੂ ਕਸ਼ਮੀਰ ਦੇ ਸ਼ੋਪੀਆ ਦਾ ਮੌਲਵੀ ਮੌਲਾਨਾ ਮੁਹੰਮਦ ਇਰਫਾਨ, ਜੋ ਕੇਵਲ ਤਿੰਨ ਜਮਾਤਾਂ ਪੜ੍ਹਿਆ ਸੀ, ਉਹ ਡਾਕਟਰਾਂ ਨੂੰ ਅੱਤਵਾਦ ਦਾ ਪਾਠ ਪੜ੍ਹਾਉਂਦਾ ਰਿਹਾ। ਨੌਗਾਮ ਦੇ ਮਦਰੱਸੇ ਵਿੱਚ ਇਹ ਅਨਪੜ੍ਹ ਮੌਲਵੀ ਧਰਮ ਦੇ ਨਾਂ ‘ਤੇ ਨਫ਼ਰਤ ਦੀ ਖਾਦ ਪਾ ਕੇ ਇੱਕ ਵ੍ਹਾਈਟ ਕਾਲਰ ਟੈਰਰ ਮਡੀਉਲ ਤਿਆਰ ਕਰਦਾ ਰਿਹਾ ਅਤੇ ਦੇਸ਼ ਨੂੰ ਇਸਦਾ ਪਤਾ ਉਦੋਂ ਲੱਗਿਆ ਜਦੋਂ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਧਮਾਕਾ ਹੋਇਆ ਤੇ ਸ਼ੱਕ ਡਾਕਟਰ ਓਮਰ ਉੱਤੇ ਆ ਕੇ ਟਿਕਿਆ।
ਜਾਂਚ ਅੱਗੇ ਵਧੀ ਤਾਂ ਪਰਤਾਂ ਖੁੱਲ੍ਹਦੀਆਂ ਗਈਆਂ। 17 ਅਕਤੂਬਰ ਨੂੰ ਭਾਰਤੀ ਫੌਜ ਨੂੰ ਧਮਕੀ ਭਰਿਆ ਪੱਤਰ ਲਿਖ ਕੇ ਲਗਾਉਣ ਵਾਲਾ ਇਰਫਾਨ ਜਿੰਨੀ ਤੇਜ਼ੀ ਨਾਲ ਗ੍ਰਿਫ਼ਤਾਰ ਹੋਇਆ, ਉਤਨੀ ਹੀ ਤੇਜ਼ੀ ਨਾਲ ਉਸਦੇ ਸਿੱਖੇ ਹੋਏ “ਵਿਦਿਆਰਥੀ” ਵੀ ਮੈਦਾਨ ਵਿੱਚ ਆ ਗਏ। ਨੌਗਾਮ ਵਿੱਚ ਜਦੋਂ ਨਵੇਂ ਪੋਸਟਰ ਲੱਗੇ ਤਾਂ CCTV ਨੇ ਸੱਚ ਸਾਹਮਣੇ ਲਿਆ ਦਿੱਤਾ ਕਿ ਇਹ ਪੋਸਟਰ ਡਾਕਟਰ ਆਦੀਲ ਨੇ ਲਗਾਏ ਹਨ। ਉਹ ਆਦੀਲ, ਜੋ ਕੁਲਗਾਮ ਦੇ ਵਾਂਪੋਰਾ ਦਾ ਰਹਿਣ ਵਾਲਾ ਹੈ ਅਤੇ ਪ੍ਰੋਫੈਸ਼ਨ ਤੋਂ ਡਾਕਟਰ ਹੈ ਪਰ ਵਿਚਾਰਾਂ ਨਾਲ ਅਨਪੜ੍ਹ ਇਰਫਾਨ ਦਾ ਵਿਦਿਆਰਥੀ ਬਣ ਚੁੱਕਾ ਸੀ।
ਜਾਂਚ ਏਜੰਸੀਆਂ ਉਸਦਾ ਪਿੱਛਾ ਕਰਦੀਆਂ ਰਹੀਆਂ—ਸਹਾਰਨਪੁਰ ਦੇ ਹਸਪਤਾਲ ਤੋਂ ਲੈ ਕੇ ਫਰੀਦਾਬਾਦ ਦੇ ਫਲੈਟ ਤੱਕ ਅਤੇ ਲੱਗਾਤਾਰ ਨਿਗਰਾਨੀ ਵਿੱਚ ਆਖ਼ਿਰ 4 ਨਵੰਬਰ ਨੂੰ ਆਦੀਲ ਗ੍ਰਿਫ਼ਤਾਰ ਹੋਇਆ। ਇਸ ਤੋਂ ਬਾਅਦ ਉਸਨੇ ਜੋ ਖੁਲਾਸੇ ਕੀਤੇ, ਉਹ ਹੋਰ ਵੀ ਚੌਂਕਾਉਣ ਵਾਲੇ ਸਨ। ਉਸਨੇ ਦੱਸਿਆ ਕਿ ਇਸ ਵ੍ਹਾਈਟ ਕਾਲਰ ਟੈਰਰ ਮਡੀਉਲ ਦਾ ਹਿੱਸਾ ਹੋਰ ਵੀ ਕਈ ਡਾਕਟਰ ਹਨ—ਡਾਕਟਰ ਓਮਰ ਨਬੀ, ਡਾਕਟਰ ਮੁਜਮਿਲ, ਡਾਕਟਰ ਸ਼ਾਹੀਨ ਸ਼ਯਦ ਅਤੇ ਕੁਝ ਹੋਰ ਲੋਕ। 9 ਨਵੰਬਰ ਨੂੰ ਮੁਜਮਿਲ ਅਤੇ ਸ਼ਾਹੀਨ ਸ਼ਯਦ ਨੂੰ ਵੀ ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਤਰ੍ਹਾਂ ਇੱਕ ਇੱਕ ਕਰਕੇ ਇਹ ਪੂਰਾ ਨੈੱਟਵਰਕ ਸਾਹਮਣੇ ਆ ਗਿਆ ਜਿਸ ਵਿੱਚ ਅਨਪੜ੍ਹ ਮੌਲਵੀ “ਗੁਰੂ” ਸੀ ਅਤੇ highly educated ਡਾਕਟਰ ਉਸਦੇ “ਸ਼ਾਗਿਰਦ”।
ਇੱਥੇ ਸਵਾਲ ਸਿਰਫ਼ ਇਹ ਨਹੀਂ ਕਿ ਇੱਕ ਮੌਲਵੀ ਡਾਕਟਰਾਂ ਨੂੰ ਕਿਵੇਂ ਬਦਲ ਸਕਿਆ। ਸਵਾਲ ਇਹ ਹੈ ਕਿ ਸਾਡਾ ਸਿੱਖਿਆ ਸਿਸਟਮ ਅਜਿਹੇ ਲੋਕ ਕਿਵੇਂ ਤਿਆਰ ਕਰ ਰਿਹਾ ਹੈ ਜੋ ਡਿਗਰੀ ਤਾਂ ਹਾਸਲ ਕਰ ਲੈਂਦੇ ਹਨ ਪਰ ਸੋਚਣ-ਸਮਝਣ ਦੀ ਸਮਰੱਥਾ, ਤਰਕ, ਨੈਤਿਕਤਾ ਅਤੇ ਮਨੁੱਖਤਾ ਉਨ੍ਹਾਂ ਵਿੱਚ ਜਗਦੀ ਹੀ ਨਹੀਂ। ਜਿੱਥੇ ਸਿੱਖਿਆ ਦਾ ਰੁਖ ਇਨਸਾਨੀਅਤ ਵੱਲ ਨਹੀਂ ਮੁੜਦਾ, ਉੱਥੇ ਨੌਜਵਾਨ ਨਫ਼ਰਤ ਦੇ ਜਾਲ ਵਿੱਚ ਫਸ ਜਾਂਦਾ ਹੈ। ਇਹ ਟੈਰਰ ਮਡੀਉਲ ਇਸ ਗੱਲ ਦਾ ਜਜ਼ਿੰਦਾ ਸਬੂਤ ਹੈ ਕਿ ਸਾਡੀ ਪੜ੍ਹਾਈ ਕਾਗ਼ਜ਼ ਉੱਪਰ ਜ਼ਰੂਰ ਹੈ, ਪਰ ਦਿਲ-ਦਿਮਾਗ਼ ਨੂੰ ਛੂਹ ਨਹੀਂ ਰਹੀ। ਜਿੱਥੇ ਧਰਮ ਦਾ ਸਹੀ ਮਾਇਨਾ ਨਹੀਂ ਸਮਝਾਇਆ ਜਾਂਦਾ, ਉੱਥੇ ਅਖੌਤੀ ਧਰਮ ਦੇ ਵਪਾਰੀ ਨੌਜਵਾਨਾਂ ਨੂੰਆਪਣੇ ਜਾਲ਼ ਵਿੱਚ ਫਸਾ ਲੈਂਦੇ ਹਨ।
ਇਸ ਸਾਰੇ ਮਾਮਲੇ ਨੇ ਇੱਕ ਵੱਡਾ ਸਬਕ ਸਿਖਾਇਆ ਹੈ—ਸਾਨੂੰ ਇੱਕ ਅਜਿਹਾ ਸਿੱਖਿਆ ਤੰਤਰ ਚਾਹੀਦਾ ਹੈ ਜੋ ਮਨੁੱਖ ਨੂੰ ਸਿਰਫ਼ ਪੇਸ਼ੇਵਰ ਨਹੀਂ, ਸਗੋਂ ਚੰਗਾ ਮਨੁੱਖ ਬਣਾਉਣ ‘ਤੇ ਜ਼ੋਰ ਦੇਵੇ। ਜਿੱਥੇ ਕਲਾਸਰੂਮ ਵਿੱਚ ਕੇਵਲ ਸਾਇੰਸ ਨਹੀਂ, ਸਗੋਂ ਸਦਭਾਵਨਾ, ਪ੍ਰੇਮ, ਸਹਿਣਸ਼ੀਲਤਾ ਅਤੇ ਸੱਚੇ ਧਰਮ ਦੀ ਸਮਝ ਵੀ ਦਿੱਤੀ ਜਾਏ। ਨਹੀਂ ਤਾਂ ਅੱਜ ਇੱਕ ਮੌਲਵੀ ਕੁੱਝ ਡਾਕਟਰਾਂ ਨੂੰ ਬਦਲਦਾ ਹੈ, ਕੱਲ੍ਹ ਇਹ ਗਿਣਤੀ ਹੋਰ ਵਧ ਸਕਦੀ ਹੈ।
ਅੱਤਵਾਦ ਦੀ ਲੜਾਈ ਸਿਰਫ਼ ਹਥਿਆਰਾਂ ਨਾਲ ਨਹੀਂ ਜਿੱਤੀ ਜਾ ਸਕਦੀ—ਇਹ ਲੜਾਈ ਸਿੱਖਿਆ, ਮਨੁੱਖੀ ਮੁੱਲਾਂ ਅਤੇ ਸਹੀ ਸਮਾਜਕ ਸੋਚ ਨਾਲ ਜਿੱਤੀ ਜਾ ਸਕਦੀ ਹੈ। ਅਤੇ ਇਹ ਮਾਮਲਾ ਸਾਫ਼ ਦੱਸਦਾ ਹੈ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਸਿੱਖਿਆ ਨੂੰ ਕੇਵਲ ਡਿਗਰੀ ਨਹੀਂ, ਸਗੋਂ ਮਨੁੱਖ ਬਣਾਉਣ ਦਾ ਸਾਧਨ ਬਣਾਇਆ ਜਾਵੇ।

ਕੁਲਵੰਤ ਸਿੰਘ ਗੱਗੜਪੁਰੀ
