National
ਸੋਫ਼ੀਆ ਤੇ ਵੋਈਮਿਕਾ ‘ਤੇ ਦੇਸ਼ ਗਰਵ ਕਰਦੈ ; ਸੰਕੀਰਣ ਸੋਚ ਵਾਲੇ ਜਾਤ ਧਰਮ ਨੂੰ ਲੈ ਕੇ ਟਿੱਪਣੀਆਂ ਕਰ ਰਹੇ ਨੇ
ਭਾਰਤ ਪਾਕਿ ਵਿਚਾਲੇ ਚਾਰ ਦਿਨ ਚੱਲੇ ਯੁੱਧ ਦੌਰਾਨ ਦੇਸ਼ ਦੀਆਂ ਦੋ ਧੀਆਂ ਨੇ ਲੋਕਾਂ ਦਾ ਧਿਆਨ ਖਿੱਚਿਆ ਅਤੇ ਲੋਕਾਂ ਦੇ ਮਨਾਂ ਵਿੱਚ ਇਨ੍ਹਾਂ ਸੈਨਾ ਅਧਿਕਾਰੀਆਂ ਲਈ ਬੇਹੱਦ ਸਨਮਾਨ ਨਜ਼ਰ ਆਇਆ। ਲੇਕਿਨ ਕੁੱਝ ਸੰਕੀਰਣ ਸੋਚ ਵਾਲੇ ਲੋਕਾਂ ਵੱਲੋਂ ਇਨ੍ਹਾਂ ਧੀਆਂ ਦੀ ਜਾਤ ਅਤੇ ਧਰਮ ਉੱਪਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਹ ਭਾਰਤ ਮਾਤਾ ਦੀਆਂ ਧੀਆਂ ਹਨ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵੋਇਮੀਕਾ ਸਿੰਘ। ਇਨ੍ਹਾਂ ਟਿੱਪਣੀਆਂ ਕਰਨ ਵਾਲਿਆਂ ਵਿੱਚ ਆਮ ਲੋਕ ਹੀ ਸ਼ਾਮਲ ਨਹੀਂ ਹਨ ਸਗੋਂ ਮੱਧ ਪ੍ਰਦੇਸ਼ ਦਾ ਮੰਤਰੀ ਤੇ ਭਾਜਪਾ ਨੇਤਾ ਕੁੰਵਰ ਵਿਜੇ ਸ਼ਾਹ ਵੀ ਸ਼ਾਮਲ ਹੈ। ਵਿਜੇ ਸ਼ਾਹ ਦੇ ਖਿਲਾਫ ਤਾਂ ਮੱਧ ਪ੍ਰਦੇਸ਼ ਦੀ ਮਾਨਯੋਗ ਹਾਈਕੋਰਟ ਨੇ ਸਾਉ ਮਾਟੋ ਐਕਸ਼ਨ ਲੈਂਦਿਆਂ ਵਿਜੇ ਸ਼ਾਹ ਉੱਪਰ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਪੁਲਿਸ ਸ਼ਾਹ ਖ਼ਿਲਾਫ਼ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ।
ਹਾਈ ਕੋਰਟ ਦੇ ਮੁੱਖ ਜੱਜ ਸ੍ਰੀ ਬੀ ਆਰ ਗਿਵਾਈ ਨੇ ਵਿਜੇ ਸ਼ਾਹ ਵੱਲੋਂ ਕੀਤੀ ਨਸਲੀ ਟਿੱਪਣੀ ‘ਤੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ,”ਇੱਕ ਜ਼ਿੰਮੇਵਾਰ ਆਹੁਦੇ ‘ਤੇ ਹੁੰਦਿਆ ਕੋਈ ਵੀ ਵਾਕ ਸੋਚ ਕੇ ਬੋਲਣਾ ਚਾਹੀਦਾ ਹੈ। ਸੁਪਰੀਮ ਕੋਰਟ ਤੋਂ ਵੀ ਸ਼ਾਹ ਨੂੰ ਕੋਈ ਰਾਹਤ ਨਹੀਂ ਮਿਲੀ।ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੰਤਰੀ ਨੇ ਕਰਨਲ ਸੋਫ਼ੀਆ ਦੀ ਯੁੱਧ ਦੌਰਾਨ ਤਾਇਨਾਤੀ ‘ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦੀਆਂ ਦੀ ਭੈਣ ਨੂੰ ਹੀ ਉਨ੍ਹਾਂ ਵਿਰੁੱਧ ਕਾਰਵਾਈ ਲਈ ਤਾਇਨਾਤ ਕਰ ਦਿੱਤਾ ਹੈ। ਇਹ ਉਸਨੇ ਇਸ ਲਈ ਕਿਹਾ ਸੀ ਕਿਉੰਕਿ ਲੈਫਟੀਨੈਂਟ ਕਰਨਲ ਸੋਫ਼ੀਆ ਕੁਰੈਸ਼ੀ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ। ਇਸੇ ਤਰ੍ਹਾਂ ਹੀ ਸਾਡੇ ਦੇਸ਼ ਦੇ ਸੌੜੀ ਤੇ ਮਾੜੀ ਸੋਚ ਵਾਲੇ ਲੋਕਾਂ ਵੱਲੋਂ ਵਿੰਗ ਕਮਾਂਡਰ ਵੋਇਮਿਕਾ ਸਿੰਘ ਵਿਰੁੱਧ ਜਾਤ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਵਿੰਗ ਕਮਾਂਡਰ ਵੋਇਮਿਕਾ ਸਿੰਘ ਰਵਿਦਾਸ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ। ਉਨ੍ਹਾਂ ਲੋਕਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੋਕ ਦੇਸ਼ ਦੀਆਂ ਮਹਾਨ ਧੀਆਂ ਦੀ ਜਾਤ ਅਤੇ ਧਰਮ ਨੂੰ ਲੈ ਕੇ ਟਿੱਪਣੀਆਂ ਕਰ ਰਹੇ ਹਨ।
ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਇੱਥੇ ਹਰ ਧਰਮ ਤੇ ਹਰ ਜਾਤ ਦੇ ਲੋਕ ਬਰਾਬਰ ਹਨ। ਭਾਰਤ ਦੀ ਇਹੀ ਖ਼ੂਬਸੂਰਤੀ ਹੈ ਕਿ ਅਸੀਂ ਵੱਖ ਵੱਖ ਜਾਤਾਂ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਾਂ ਅਤੇ ਮਿਲ ਕੇ ਹੀ ਦੁਸ਼ਮਣ ਨਾਲ ਟੱਕਰ ਲੈਂਦੇ ਹਾਂ। ਸਾਡਾ ਸਭ ਦਾ ਪਹਿਲਾ ਧਰਮ ਤੇ ਪਹਿਲੀ ਜਾਤ ‘ਇੰਡੀਅਨ ‘ ਹੈ ਪਰ ਕੁੱਝ ਨੀਚ ਮਾਨਸਿਕਤਾ ਵਾਲ਼ੇ ਅਜਿਹੇ ਬਹਾਦਰ ਅਤੇ ਦੇਸ਼ ਭਗਤ ਲੋਕਾਂ ਨੂੰ ਧਰਮ ਤੇ ਜਾਤ ਦਾ ਚਸ਼ਮਾ ਲਗਾ ਕੇ ਦੇਖਦੇ ਹਾਂ।
ਆਓ ਜਾਣਦੇ ਹਾਂ ਕਿ ਕੌਣ ਹਨ ਦੇਸ਼ ਦੀਆਂ ਇਹ ਬਹਾਦਰ ਬੇਟੀਆਂ ਉਨ੍ਹਾਂ ਭਾਰਤੀ ਸੂਰਬੀਰਾਂ ਫੌਜੀਆਂ ਦੇ ਦਲਾਂ ਦਾ ਹਿੱਸਾ ਸਨ ਜਿਨ੍ਹਾਂ ਨੇ ਪਾਕਿਸਤਾਨ ਅੰਦਰਲੇ ਅੱਤਵਾਦੀ ਠਿਕਾਣੇ ਤਬਾਹ ਕਰਨ ਦੇ ਨਾਲ ਨਾਲ ਪਾਕਿਸਤਾਨੀ ਸੈਨਾ ਦੇ ਹਮਲਿਆਂ ਨੂੰ ਨਾਕਾਮ ਕੀਤਾ। ਆਓ ਹੋਰ ਜਾਣਦੇ ਹਾਂ ਕਿ ਵੋਇਮਿਕਾ ਸਿੰਘ ਅਤੇ ਸੋਫ਼ੀਆ ਕੁਰੈਸ਼ੀ ਬਾਰੇ। ਸੋਫ਼ੀਆ ਕੁਰੈਸ਼ੀ ਭਾਰਤੀ ਥਲ ਸੈਨਾ ਵਿੱਚ ਲੈਫ਼ਟੀਨੈਂਟ ਕਰਨਲ ਹੈ ਅਤੇ ਉਹ ਗੁਜਰਾਤ ਸੂਬੇ ਦੀ ਰਹਿਣ ਵਾਲੀ ਹੈ। ਸੋਫ਼ੀਆ ਨੇ ਬਾਇਓ ਕੈਮਿਸਟਰੀ ਵਿੱਚ ਮਾਸਟਰ ਡਿਗਰੀ ਕੀਤੀ ਅਤੇ 1999 ਵਿੱਚ 17 ਸਾਲ ਦੀ ਉਮਰ ਵਿੱਚ ਆਰਮੀ ਵਿੱਚ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਨੂੰ ਸਮਰਪਿਤ ਹੋ ਗਈ। ਸੋਫ਼ੀਆ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਸੈਨਾ ਦੀ ਅਗਵਾਈ ਵੀ ਕਰ ਚੁੱਕੀ ਹੈ। ਸੋਫ਼ੀਆ ਦੇ ਪਿਤਾ ਤਾਜ ਮੁਹੰਮਦ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਬੇਟੀ ਨੇ ਯੁੱਧ ਦੌਰਾਨ ਅਹਿਮ ਭੂਮਿਕਾ ਨਿਭਾਈ ਹੈ। ਉਹ ਇਹ ਵੀ ਕਹਿੰਦੇ ਹਨ ਕਿ ਅਸੀਂ ਪਹਿਲਾਂ ਭਾਰਤੀ ਹਾਂ ਬਾਅਦ ਵਿੱਚ ਮੁਸਲਮਾਨ ਹਾਂ।
ਵੋਇਮਿਕਾ ਸਿੰਘ ਦਾ ਮੁਢਲਾ ਜੀਵਨ ਲਖਨਊ ਵਿੱਚ ਬੀਤਿਆ ਤੇ ਉਸਦਾ ਵਿਆਹ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਬਾਬੜਾ ਦੇ ਰਹਿਣ ਵਾਲੇ ਵਿੰਗ ਕਮਾਂਡਰ ਦਿਨੇਸ਼ ਸੱਭਰਵਾਲ ਨਾਲ ਹੋਇਆ ਬਾਬੜਾ ਨੂੰ ਫੌਜੀਆਂ ਦਾ ਪਿੰਡ ਕਿਹਾ ਜਾਂਦਾ ਹੈ ਕਿਉੰਕਿ ਇਸ ਪਿੰਡ ਦੇ ਜ਼ਿਆਦਾਤਰ ਲੋਕ ਸੈਨਾ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਵੋਇਮਿਕਾ ਸੰਨ 2004 ਵਿੱਚ ਏਅਰ ਫੋਰਸ ਵਿੱਚ ਹੈਲੀਕਾਪਟਰ ਪਾਇਲਟ ਵਜੋਂ ਭਰਤੀ ਹੋਈ ਉਸਨੇ 2500 ਘੰਟੇ ਉਡਾਣਾਂ ਭਰੀਆ ਹਨ। ਉਹ ਚੇਤਕ ਅਤੇ ਚੀਤਾ ਹੈਲੀਕਾਪਟਰ ਚਲਾਉਂਦੀ ਹੈ। ਉਸਦੇ ਸਹੁਰੇ ਪਿੰਡ ਦੇ ਲੋਕ ਅਤੇ ਸਹੁਰਾ ਪਰਿਵਾਰ ਉਸ ਉੱਪਰ ਮਾਣ ਮਹਿਸੂਸ ਕਰਦਾ ਹੈ। ਇਨ੍ਹਾਂ ਭਾਰਤ ਦੀਆਂ ਬੇਟੀਆਂ ਉੱਪਰ ਪੂਰਾ ਦੇਸ਼ ਮਾਣ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਦੋਵਾਂ ਬੇਟੀਆਂ ਸੰਬੋਧਨ ਕਰਨ ਲਈ ਭੇਜ ਕੇ ਉਨ੍ਹਾਂ ਵਿਰੋਧੀਆਂ ਦਾ ਮੂੰਹ ਬੰਦ ਕੀਤੀ ਹੈ ਜਿਹੜੇ ਇਹ ਕਹਿੰਦੇ ਰਹੇ ਹਨ ਕਿ ਭਾਜਪਾ ਫਿਰਕੂ ਸੋਚ ਵਾਲੀ ਪਾਰਟੀ ਹੈ। ਇਸ ਫ਼ੈਸਲੇ ਨਾਲ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਧਰਮ ਨਿਰਪੱਖ ਹੈ। ਇਸ ਲਈ ਜਾਤ ਧਰਮ ਤੇ ਟਿੱਪਣੀਆਂ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਦੇਸ਼ ਭਗਤ ਵੀਰਾਂ ਤੇ ਵੀਰਾਂਗਣਾ ਨੂੰ ਭਾਰਤੀਅਤਾ ਦੇ ਨਜ਼ਰੀਏ ਨਾਲ ਵੇਖਣ ਸੌੜੀ ਸੋਚ ਨਾਲ ਨਹੀਂ।
ਕੁਲਵੰਤ ਸਿੰਘ ਗੱਗੜਪੁਰੀ

