Connect with us

National

ਚੱਕਰਵਤੀ ਤੂਫਾਨ ‘ਰੇਮਲ’ ਨੇ ਦਿੱਤੀ ਦਸਤਕ, ਮਚਾਈ ਭਾਰੀ ਤਬਾਹੀ

Published

on

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਆਖਰਕਾਰ ਚੱਕਰਵਾਤੀ ਤੂਫਾਨ ‘ਰੇਮਲ’ ਨੇ ਦਸਤਕ ਦੇ ਹੀ ਦਿੱਤੀ ਹੈ। ਇਸ ਦਾ ਸਭ ਤੋਂ ਜਿਆਦਾ ਅਸਰ ਪੱਛਮੀ ਬੰਗਾਲ ਦੇ ਤੱਟੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਅਲਰਟ ਮੁਤਾਬਕ 26 ਮਈ ਦੀ ਰਾਤ ਨੂੰ ਕਰੀਬ 8.30 ਵਜੇ ਤੂਫਾਨ ਦੇ ਆਉਣ ਦੀ ਪ੍ਰਕਿਰਿਆ ਸ਼ੁਰੂ ਹੋਈ। 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਸੀ। ਇਸ ਚੱਕਰਵਾਤੀ ਤੂਫਾਨ ਨੇ ਬੰਗਾਲ ਦੇ ਸਾਗਰ ਟਾਪੂ ਅਤੇ ਬੰਗਲਾਦੇਸ਼ ਦੇ ਖੇਪੁਪਾਰਾ ਵਿਚਕਾਰ ਤੱਟਵਰਤੀ ਖੇਤਰਾਂ ‘ਤੇ ਵੀ ਭਾਰੀ ਤਬਾਹੀ ਮਚਾਈ।

ਤੂਫਾਨ ਕਾਰਨ ਝੌਂਪੜੀਆਂ ਦੀਆਂ ਛੱਤਾਂ ਹਵਾ ਵਿੱਚ ਉੱਡ ਗਈਆਂ, ਦਰੱਖਤ ਜੜ੍ਹੋ ਪੁੱਟੇ ਗਏ ਅਤੇ ਬਿਜਲੀ ਦੇ ਖੰਭੇ ਤੱਕ ਵੀ ਡਿੱਗ ਪਏ ਹਨ। ਕੋਲਕਾਤਾ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਕਈ ਇਲਾਕਿਆਂ ਤੋਂ ਪਾਣੀ ਵੀ ਭਰਿਆ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਸ ਤੂਫਾਨ ਕਾਰਨ ਸੋਮਵਾਰ ਸਵੇਰ ਤੱਕ ਮੋਹਲੇਧਾਰ ਮੀਂਹ ਪਿਆ। ਘਰਾਂ ਅਤੇ ਖੇਤਾਂ ਵਿਚ ਪਾਣੀ ਭਰ ਗਿਆ।

ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ-
ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਰਹਿਣ ਦੀ ਸਲਾਹ ਦਿੱਤੀ ਹੈ। ਜਦਕਿ ਮਛੇਰਿਆਂ ਨੂੰ 27 ਮਈ ਤੱਕ ਬੰਗਾਲ ਦੀ ਉੱਤਰੀ ਖਾੜੀ ’ਚ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ।ਪੱਛਮੀ ਬੰਗਾਲ ਸਰਕਾਰ ਨੇ ਚੱਕਰਵਾਤ ਦੇ ਆਉਣ ਤੋਂ ਪਹਿਲਾਂ ਇਕ ਲੱਖ ਤੋਂ ਵੱਧ ਲੋਕਾਂ ਨੂੰ ਸੰਵੇਦਨਸ਼ੀਲ ਖੇਤਰਾਂ ਤੋਂ ਬਾਹਰ ਕੱਢਿਆ ਸੀ ਅਤੇ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ।

ਕਿਹੜੇ ਇਲਾਕੇ ਹੋਏ ਸਭ ਤੋਂ ਵੱਧ ਪ੍ਰਭਾਵਿਤ-
‘ਰੇਮਲ’ ਤੂਫ਼ਾਨ ਕਾਰਨ ਦੀਘਾ, ਕਾਕਦੀਪ ਅਤੇ ਜੈਨਗਰ ’ਚ ਹਲਕੀ ਬਾਰਿਸ਼ ਤੇ ਹਵਾਵਾਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਤੇਜ਼ ਰਫ਼ਤਾਰ ਹਵਾਵਾਂ ਦੱਖਣੀ ਬੰਗਾਲ ਦੇ ਕਈ ਜ਼ਿਲ੍ਹਿਆਂ ਕੋਲਕਾਤਾ, ਹਾਵੜਾ, ਹੁਗਲੀ ਅਤੇ ਪੁਰਬਾ ਮੇਦਨੀਪੁਰ ਆਦਿ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਖੇਤਰਾਂ ਵਿਚ ਮਲਬਾ ਹਟਾਉਣ ਅਤੇ ਬਿਜਲੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਲਗਾਤਾਰ ਮੋਹਲੇਧਾਰ ਮੀਂਹ ਕਾਰਨ ਇਨ੍ਹਾਂ ਕਾਰਜਾਂ ਵਿਚ ਰੁਕਾਵਟ ਆ ਰਹੀ ਹੈ।

ਉਡਾਣਾਂ ਤੇ ਰੇਲਗੱਡੀਆਂ ਰੱਦ
ਚੱਕਰਵਤੀ ਤੂਫਾਨ ਰੇਮਲ ਕਾਰਨ ਕਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਕੋਲਕਾਤਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਰੇਮਲ ਦੇ ਪ੍ਰਭਾਵ ਦੇ ਮੱਦੇਨਜ਼ਰ ਐਤਵਾਰ ਦੁਪਹਿਰ 12 ਵਜੇ ਤੋਂ ਅਗਲੇ 21 ਘੰਟਿਆਂ ਲਈ ਉਡਾਣਾਂ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਤਰਜਮਾਨ ਨੇ ਕਿਹਾ ਕਿ ਇਸ ਸਮੇਂ ਕੁੱਲ 394ਉਡਾਣਾਂ ਰੱਦ ਹੋ ਜਾਣਗੀਆਂ ਜਿਨ੍ਹਾਂ ਵਿੱਚ 28 ਅੰਤਰਰਾਸ਼ਟਰੀ ਉਡਾਣਾਂ ਸ਼ਾਮਿਲ ਹਨ।

ਇਸ ਤੋਂ ਇਲਾਵਾ ਚੱਕਰਵਾਤ ਕਾਰਨ ਪੂਰਬੀ ਅਤੇ ਦੱਖਣ-ਪੂਰਬੀ ਰੇਲਵੇ ਨੇ ਸੋਮਵਾਰ ਨੂੰ ਕਈ ਰੇਲਗੱਡੀਆਂ ਰੱਦ ਕਰ ਦਿੱਤੀਆਂ ਹਨ। ਅਧਿਕਾਰੀਆਂ ਮੁਤਾਬਕ ਪੂਰਬੀ ਰੇਲਵੇ ਨੇ ਸਿਆਲਦਾ ਡਿਵੀਜ਼ਨ ਦੇ ਸਿਆਲਦਾ ਦੱਖਣ ਸੈਕਸ਼ਨ ਅਤੇ ਬਾਰਾਸਤ-ਹਸਨਾਬਾਦ ਸੈਕਸ਼ਨ ਤੋਂ ਐਤਵਾਰ ਰਾਤ 11 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਰੇਲ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ।

(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)