National
ਅਮਰਨਾਥ ਟ੍ਰੈਕ ‘ਤੇ ਹੋਈ ਸੀਜ਼ਨ ਦੀ ਪਹਿਲੀ ਭਾਰੀ ਬਰਫ਼ਬਾਰੀ, ਦੇਖੋ ਤਸਵੀਰਾਂ

ਮੈਦਾਨਾਂ ਵਿੱਚ ਬਾਰਿਸ਼ ਅਤੇ ਪਹਾੜਾਂ ਵਿੱਚ ਹੋਈ ਬਰਫਬਾਰੀ ਦੇਖ ਲੋਕਾਂ ਦੇ ਚਿਹਰੇ ਖਿੜ ਗਏ ਹਨ। ਦੱਸ ਦੇਈਏ ਕਿ ਉੱਤਰੀ ਭਾਰਤ ਦੇ ਪਹਾੜਾਂ ਤੋਂ ਲੈ ਕੇ ਪੂਰਬੀ ਭਾਰਤ ਤੱਕ ਭਾਰੀ ਬਾਰਿਸ਼ ਅਜੇ ਵੀ ਜਾਰੀ ਹੈ।ਉਧਰ ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਬਾਲਟਾਲ ‘ਚ ਕਾਲੀਮਠ ਅਮਰਨਾਥ ਟ੍ਰੈਕ ‘ਤੇ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਇੱਕ ਦਿਨ ਪਹਿਲਾਂ ਗੁਲਮਰਗ, ਸੋਨਮਰਗ ਸਮੇਤ ਜੰਮੂ-ਕਸ਼ਮੀਰ ਦੇ ਉੱਪਰੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਸੀ।
ਦੱਸ ਦੇਈਏ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸੈਰ ਸਪਾਟਾ ਸਥਾਨ ਗੁਲਮਰਗ ਦੇ ਵਿਸ਼ਵ ਪ੍ਰਸਿੱਧ ਸਕੀ ਰਿਜ਼ੋਰਟ ਵਿੱਚ ਸਮੁੰਦਰ ਤਲ ਤੋਂ 2,650 ਮੀਟਰ ਦੀ ਉਚਾਈ ‘ਤੇ ਸਥਿਤ ਸਨਸ਼ਾਈਨ ਪੀਕ ਅਤੇ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਦੇ ਉੱਚੇ ਇਲਾਕਿਆਂ ਵਿੱਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਗੁਲਮਰਗ ਦੇ ਸਨਸ਼ਾਈਨ ਪੀਕ ਦੀਆਂ ਚੋਟੀਆਂ ‘ਤੇ ਲਗਭਗ 1-2 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਅਗਲੇ 24 ਘੰਟਿਆਂ ਦੌਰਾਨ ਸਿੰਥਨ ਟਾਪ, ਰਾਜਦਾਨ ਟਾਪ, ਪੀਰ ਕੀ ਗਲੀ ਅਤੇ ਹੋਰ ਉੱਚੇ ਇਲਾਕਿਆਂ ‘ਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸ਼੍ਰੀਨਗਰ ਸਮੇਤ ਹੇਠਲੇ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ।
ਹਿਮਾਚਲ ਦੀ ਗੱਲ ਕਰੀਏ ਤਾਂ ਇੱਥੇ ਕਾਂਗੜਾ, ਊਨਾ, ਬਿਲਾਸਪੁਰ ਅਤੇ ਸ਼ਿਮਲਾ ‘ਚ ਬਾਰਿਸ਼ ਹੋਈ ਜਦਕਿ ਰੋਹਤਾਂਗ, ਸ਼ਿੰਕੁਲਾ ਅਤੇ ਬਰਾਲਾਚਾ ‘ਚ ਬਰਫਬਾਰੀ ਹੋਈ। ਪਰ ਮੌਸਮ ਵਿੱਚ ਆਏ ਬਦਲਾਅ ਕਾਰਨ ਹਿਮਾਚਲ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਨੇ ਕਿਹਾ, ‘ਕੁਝ ਹੋਰ ਖੇਤਰਾਂ ਵਿੱਚ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।’ ਸ੍ਰੀਨਗਰ ਅਤੇ ਕਸ਼ਮੀਰ ਘਾਟੀ ਦੇ ਹੋਰ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਈ। ਕਸ਼ਮੀਰ ਘਾਟੀ ਵਿੱਚ ਪਿਛਲੇ ਇਕ ਪੰਦਰਵਾੜੇ ਤੋਂ ਮੌਸਮ ਗਰਮ ਅਤੇ ਹੁੰਮਸ ਭਰਿਆ ਰਿਹਾ। ਮੌਸਮੀ ਪ੍ਰਣਾਲੀ ਵਿੱਚ ਆਏ ਬਦਲਾਅ ਨਾਲ ਪੂਰੇ ਖੇਤਰ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਅੱਜ ਦੇ ਦਿਨ ਆਮ ਤੌਰ ‘ਤੇ ਬੱਦਲ ਛਾਏ ਰਹਿਣਗੇ ਅਤੇ ਦਿਨ ਦੇ ਸਮੇਂ ਹਲਕੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ 28 ਸਤੰਬਰ ਦੀ ਦੇਰ ਰਾਤ/ਸਵੇਰ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼ ਦੇ ਨਾਲ-ਨਾਲ ਮੀਂਹ ਪੈ ਸਕਦਾ ਹੈ। 28 ਤੋਂ 30 ਸਤੰਬਰ ਤੱਕ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼/ਗਰਜ ਹੋਣ ਦੇ ਨਾਲ ਮੌਸਮ ਖੁਸ਼ਕ ਰਹੇਗਾ। ਨਾਲ ਹੀ 1 ਤੋਂ 6 ਅਕਤੂਬਰ ਤੱਕ ਮੌਸਮ ਖੁਸ਼ਕ ਰਹੇਗਾ।