Punjab
ਜਲੰਧਰ ‘ਚ ਸੇਫ ਸਿਟੀ ਪ੍ਰੋਜੈਕਟ ਦਾ ਪਹਿਲਾ ਪੜਾਅ ਸ਼ੁਰੂ
4 ਜਨਵਰੀ 2024: ਜਲੰਧਰ ਵਿੱਚ ਅਪਰਾਧ ਨਾਲ ਨਜਿੱਠਣ ਅਤੇ ਲੋਕਾਂ ਦੀ ਸਹੂਲਤ ਲਈ ਕਮਿਸ਼ਨਰੇਟ ਪੁਲਿਸ ਨੇ ਸੇਫ਼ ਸਿਟੀ ਪ੍ਰੋਜੈਕਟ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਹੈ। ਪੁਲਿਸ ਕਮਿਸ਼ਨਰੇਟ ਜਲੰਧਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਅਪਰਾਧ, ਵਾਹਨਾਂ ਦੀ ਆਵਾਜਾਈ ਅਤੇ ਪੈਦਲ ਚੱਲਣ ਵਾਲਿਆਂ ਦੀ ਵਿਸਤ੍ਰਿਤ ਮੈਪਿੰਗ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਟ੍ਰੈਫਿਕ ਦੇ ਪ੍ਰਬੰਧਨ, ਆਉਣ-ਜਾਣ ਦੇ ਸਮੇਂ ਵਿੱਚ ਸੁਧਾਰ ਕਰਨ ਅਤੇ ਛੋਟੇ ਅਪਰਾਧਾਂ ਨੂੰ ਰੋਕਣ ਲਈ ਸ਼ਹਿਰ ਵਿੱਚ 17 ਨੋ ਟਾਲਰੈਂਸ ਜ਼ੋਨ, 21 ਪੈਦਲ ਚੱਲਣ ਵਾਲੇ ਜ਼ੋਨ ਅਤੇ ਚਾਰ ਵਨ-ਵੇ ਲੇਨਾਂ ਦੀ ਪਛਾਣ ਕੀਤੀ ਗਈ ਹੈ। ਟ੍ਰੈਫਿਕ ਪੁਲਿਸ ਅਤੇ ਪੀ.ਸੀ.ਆਰ. ਨੂੰ ਏਕੀਕ੍ਰਿਤ ਕੀਤਾ ਗਿਆ ਹੈ ਅਤੇ ਦੋਵਾਂ ਵਿੰਗਾਂ ਦੀ ਮੈਨਪਾਵਰ 250 ਅਤੇ ਪੀ.ਸੀ.ਆਰ ਦੇ ਵਾਹਨਾਂ ਦੀ ਗਿਣਤੀ 30 ਪ੍ਰਤੀਸ਼ਤ ਤੱਕ ਵਧਾ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ 44 ਟ੍ਰੈਫਿਕ ਪੁਆਇੰਟਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਪੀ.ਸੀ.ਆਰ.ਹਾਲਟ ਪੁਆਇੰਟਾਂ ਨੂੰ ਦੁਬਾਰਾ ਤਿਆਰ ਕਰਕੇ ਨਵੇਂ ਬਣਾਏ ਗਏ ਹਨ।