India
ਕਿਸਾਨ ਅੰਦੋਲਨ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਬਲਕਿ ਆਮ ਲੋਕਾਂ ਦੀ ਵੀ ਹੈ : ਚੜੂਨੀ

ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦਾ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ‘ਚ ਕਿਸਾਨ ਹਿਤੈਸ਼ੀ ਪੁਆਧੀ ਹਲਕਾ ਮੋਹਾਲੀ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਜ਼ਦੀਕ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਜਿਸ ਦੇ ਅੱਜ 8ਵੇਂ ਦਿਨ ਨੌਜਵਾਨ ਸਭਾ ਸੋਹਾਣਾ ਦੇ ਮੈਂਬਰ ਭੁੱਖ ਹੜਤਾਲ ‘ਤੇ ਬੈਠੇ। ਗੁਰਨਾਮ ਸਿੰਘ ਚੜੂਨੀ ਨੇ ਇਸ ਮੌਕੇ ਕਿਹਾ ਕਿ ਜਿਸ ਦੇਸ਼ ‘ਚ ਆਕਸੀਜਨ ਬਲੈਕ ਹੋ ਸਕਦੀ ਹੈ, ਹਸਪਤਾਲਾਂ ਵਿੱਚ ਬੈੱਡ ਲੈਣ ਲਈ ਵਾਧੂ ਪੈਸੇ ਦੇਣੇ ਪੈਣ, ਜਿੱਥੇ ਦਵਾਈਆਂ ਬਲੈਕ ਹੁੰਦੀ ਹੋਵੇ। ਜੇਕਰ ਅਨਾਜ ਇਨ੍ਹਾਂ ਘਰਾਣਿਆਂ ਦੇ ਹੱਥਾਂ ‘ਚ ਚਲਾ ਗਿਆ ਤਾਂ ਉਸ ਦੀ ਬਲੈਕ ਕਿਉਂ ਨਹੀਂ ਹੋ ਸਕਦੀ? ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਬਲਕਿ ਉਨ੍ਹਾਂ ਮਜ਼ਦੂਰਾਂ ਦੀ ਵੀ ਹੈ ਜਿਨ੍ਹਾਂ ਨੇ ਕਿ ਹਰ ਰੋਜ਼ ਸਾਮਾਨ ਖ਼ਰੀਦ ਕੇ ਖਾਣਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਪਿੰਡਾਂ ਤਕ ਹੀ ਨਹੀਂ ਬਲਕਿ ਪੜ੍ਹੇ ਲਿਖੇ ਸ਼ਹਿਰਾਂ ਮੋਹਾਲੀ ,ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ ਵਿੱਚ ਵੀ ਪਹੁੰਚ ਚੁੱਕਿਆ ਹੈ ਤੇ ਲੋਕ ਆਪ ਮੁਹਾਰੇ ਇਸ ਅੰਦੋਲਨ ਵਿਚ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਉਨ੍ਹਾਂ ਨੇ ਲੜੀਵਾਰ ਭੁੱਖ ਹੜਤਾਲ ‘ਤੇ ਬੈਠੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਤੇ ਪ੍ਰਬੰਧਕਾ ਵੱਲੋਂ ਗੁਰਨਾਮ ਸਿੰਘ ਚੜੂਨੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਸੋਹਾਣਾ, ਅਮਰਜੀਤ ਸਿੰਘ ਨਰੈਣ ,ਦਵਿੰਦਰ ਸਿੰਘ ਬੋਬੀ, ਮਿਦਰ ਸਿੰਘ ਸੋਹਾਣਾ, ਹਰਵਿੰਦਰ ਸਿੰਘ ਨੰਬੜਦਾਰ ਅਤੇ ਹੋਰ ਕਿਸਾਨ ਮੌਜੂਦ ਸਨ।