Punjab
ਮੰਦਿਰ ‘ਚ ਚੋਰੀ ਕਰਨ ਵਾਲੇ 4 ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ
ਸ਼ਾਹਕੋਟ 3 ਫਰਵਰੀ 2024 : ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਨਜ਼ਦੀਕ ਦਾਣਾ ਮੰਡੀ ਸ਼ਾਹਕੋਟ ਵਿਖੇ ਹੋਈ ਚੋਰੀ ਦੇ ਮਾਮਲੇ ‘ਚ ਪੁਲਿਸ ਨੇ 4 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਡੀ.ਐਸ.ਪੀ. ਸ਼ਾਹਕੋਟ ਨਰਿੰਦਰ ਸਿੰਘ ਔਜਲਾ ਨੇ ਪ੍ਰੈੱਸ ਮਿਲਣੀ ਦੌਰਾਨ ਜਾਣਕਾਰੀ ਦਿੰਦਿਆ ਦੱਸਿਆ ਕਿ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੀਵ ਗੁਪਤਾ ਪੁੱਤਰ ਸੁਭਾਸ਼ ਚੰਦਰ ਨੇ ਪੁਲਿਸ ਨੂੰ ਬਿਆਨ ਦਰਜ਼ ਕਰਵਾਏ ਸਨ ਕਿ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਸ਼ਾਹਕੋਟ ਵਿਖੇ ਬੀਤੀ 28-29 ਜਨਵਰੀ ਦੀ ਦਰਮਿਆਨੀ ਰਾਤ ਚੋਰ ਮੰਦਿਰ ਦੀ ਕੰਧ ਟੱਪ ਕੇ ਮੰਦਿਰ ਵਿੱਚੋਂ ਮਾਤਾ ਦੀ ਮੂਰਤੀ ਅੱਗੇ ਪਈ ਚੜਾਵੇ ਵਾਲੀ ਗੋਲਕ ਚੋਰੀ ਕਰਕੇ ਲੈ ਗਏ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪ੍ਰਧਾਨ ਰਾਜੀਵ ਗੁਪਤਾ ਦੇ ਬਿਆਨਾਂ ਤੇ ਕਾਰਵਾਈ ਕਰਦਿਆ ਕਾਰਵਾਈ ਸ਼ੁਰੂ ਕੀਤੀ ਤਾਂ ਜਾਂਚ ਦੌਰਾਨ ਸਬ ਇੰਸਪੈਕਟਰ ਲਖਬੀਰ ਸਿੰਘ ਥਾਣਾ ਸ਼ਾਹਕੋਟ ਨੇ ਚੋਰੀ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਪਰਮਜੀਤ, ਸਿਮਰਨਜੀਤ ਸਿੰਘ ਉਰਫ਼ ਕਾਕਾ ਪੁੱਤਰ ਸੁਖਦੇਵ, ਕੁਲਦੀਪ ਸਿੰਘ ਉਰਫ਼ ਜੱਗਾ ਪੁੱਤਰ ਲਹਿੰਬਰ ਸਿੰਘ (ਤਿੰਨੋਂ) ਵਾਸੀ ਪਿੰਡ ਬਾਹਮਣੀਆਂ ਥਾਣਾ ਸ਼ਾਹਕੋਟ ਅਤੇ ਵਿਸ਼ਾਲਪ੍ਰੀਤ ਉਰਫ਼ ਵਿਸ਼ੂ ਪੁੱਤਰ ਲਖਵੀਰ ਰਾਮ ਵਾਸੀ ਕੋਟਲੀ ਗਾਜ਼ਰਾਂ ਥਾਣਾ ਸ਼ਾਹਕੋਟ ਨੂੰ ਕਾਬੂ ਕਰ ਲਿਆ।
ਓਥੇ ਹੀ ਇਹ ਵੀ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਾਜ਼ਮਾਂ ਨੇ ਮੰਨਿਆ ਕੇ ਉਨ੍ਹਾਂ ਨੇ ਡੇਰਾ ਬਾਬਾ ਮੁਰਲੀ ਦਾਸ ਸਿ਼ਵ ਮੰਦਿਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਤੇ ਉਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰ: 20 ਜੁਰਮ 457,380 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।