Connect with us

Punjab

ਤਸਵੀਰਾਂ ਦੀ ਰਾਜਨੀਤੀ: ਭਗਤ ਸਿੰਘ ਤੋਂ ਭਿੰਡਰਾਂਵਾਲੇ ਅਤੇ ਹੁਣ ਮਹਾਰਾਜਾ ਰਣਜੀਤ ਸਿੰਘ ! 

Published

on

ਬੀਤੇ ਦਿਨ ਭਾਜਪਾ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਦੀ ਤਾਜਪੋਸ਼ੀ ਸਮਾਗਮ ਦੌਰਾਨ ਇੱਕ ਅਜਿਹਾ ਦ੍ਰਿਸ਼ ਵੇਖਣ ਨੂੰ ਮਿਲਿਆ ਜਿਸ ਨੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਸਟੇਜ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵਿਸ਼ਾਲ ਤਸਵੀਰ ਲਗਾਈ ਗਈ ਸੀ ਅਤੇ ਬਾਕਾਇਦਾ ਉਸ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਗਈ। ਇਹ ਸਿਰਫ਼ ਇੱਕ ਤਸਵੀਰ ਨਹੀਂ ਸੀ, ਸਗੋਂ ਇੱਕ ਰਾਜਨੀਤਿਕ ਸੰਦੇਸ਼ ਸੀ। ਭਾਰਤੀ ਰਾਜਨੀਤੀ ਵਿੱਚ ਤਸਵੀਰਾਂ ਸਿਰਫ਼ ਸਜਾਵਟ ਦਾ ਹਿੱਸਾ ਨਹੀਂ ਹੁੰਦੀਆਂ, ਉਹ ਵਿਚਾਰਧਾਰਾ, ਰਾਜਨੀਤਿਕ ਦਿਸ਼ਾ ਅਤੇ ਲੋਕਾਂ ਨਾਲ ਭਾਵਨਾਤਮਕ ਜੁੜਾਅ ਦਾ ਪ੍ਰਤੀਕ ਹੁੰਦੀਆਂ ਹਨ।
ਇਹ ਪਹਿਲੀ ਵਾਰ ਨਹੀਂ ਕਿ ਕਿਸੇ ਸਿਆਸੀ ਪਾਰਟੀ ਨੇ ਤਸਵੀਰਾਂ ਰਾਹੀਂ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੋਵੇ। ਆਮ ਆਦਮੀ ਪਾਰਟੀ ਆਪਣੇ ਦਫ਼ਤਰਾਂ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਲਗਾਉਂਦੀ ਹੈ। ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਆਪਣੇ ਰਾਜਨੀਤਿਕ ਪ੍ਰਤੀਕ ਵਜੋਂ ਵਰਤਦੇ ਹਨ। ਬਹੁਤ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਮਿਲਦੀ ਹੈ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਜਿਸ ਸ਼ਖ਼ਸੀਅਤ ਦੀ ਤਸਵੀਰ ਲਗਾਈ ਜਾਂਦੀ ਹੈ, ਉਸ ਦੇ ਆਦਰਸ਼ਾਂ ਤੋਂ ਸੇਧ ਲੈਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ।
ਭਾਜਪਾ ਦੇ ਸਮਾਗਮ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਕੇਵਲ ਸਟੇਜ ‘ਤੇ ਲਗਾਇਆ ਹੀ ਨਹੀਂ ਗਿਆ, ਸਗੋਂ ਉਸ ਨੂੰ ਕੁਰਸੀਆਂ ਤੋਂ ਵੀ ਉੱਚਾ ਸਥਾਨ ਦੇ ਕੇ ਪਰਦਾ ਹਟਾਉਣ ਦੀ ਵਿਸ਼ੇਸ਼ ਰਸਮ ਅਦਾ ਕੀਤੀ ਗਈ। ਇਸ ਕਾਰਨ ਪੰਜਾਬ ਦੀਆਂ ਸੱਥਾਂ, ਚਾਹ ਦੀਆਂ ਦੁਕਾਨਾਂ ਅਤੇ ਸੋਸ਼ਲ ਮੀਡੀਆ ਉੱਤੇ ਇੱਕ ਦਿਲਚਸਪ ਚਰਚਾ ਸ਼ੁਰੂ ਹੋ ਗਈ ਹੈ। ਲੋਕ ਪੁੱਛ ਰਹੇ ਹਨ ਕਿ ਕੀ ਭਾਜਪਾ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਵਰਗਾ ਸ਼ਾਸਨ ਦੇਣ ਦਾ ਸੰਕੇਤ ਦੇ ਰਹੀ ਹੈ?
ਇਤਿਹਾਸਕ ਤੌਰ ਤੇ ਵੇਖਿਆ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਰਤ ਦਾ ਹਿੱਸਾ ਨਹੀਂ ਸੀ। ਉਹ ਇੱਕ ਸੁਤੰਤਰ ਸਾਮਰਾਜ ਸੀ ਜਿਸ ਦੀਆਂ ਹੱਦਾਂ ਪੇਸ਼ਾਵਰ, ਕਾਬੁਲ ਦੇ ਦਰਵਾਜ਼ਿਆਂ ਅਤੇ ਕਸ਼ਮੀਰ ਤੋਂ ਲੈ ਕੇ ਸਤਲੁਜ ਤੱਕ ਫੈਲੀਆਂ ਹੋਈਆਂ ਸਨ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਸਾਮਰਾਜ ਕਮਜ਼ੋਰ ਹੋਣਾ ਸ਼ੁਰੂ ਹੋਇਆ ਅਤੇ ਦੂਜੇ ਐਂਗਲੋ-ਸਿੱਖ ਯੁੱਧ ਤੋਂ ਬਾਅਦ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਲਈ ਜਦੋਂ ਲੋਕ ਮਜ਼ਾਕੀਆ ਅੰਦਾਜ਼ ਵਿੱਚ ਪੁੱਛਦੇ ਹਨ ਕਿ ਕੀ ਭਾਜਪਾ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਚੀਨ ਦੇ ਕਬਜ਼ੇ ਵਾਲੇ ਇਲਾਕੇ ਵਾਪਸ ਲੈ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਵੇਗੀ, ਤਾਂ ਇਹ ਸਿਰਫ਼ ਤੰਜ ਹੀ ਨਹੀਂ ਸਗੋਂ ਤਸਵੀਰਾਂ ਦੀ ਰਾਜਨੀਤੀ ਉੱਤੇ ਇੱਕ ਸਵਾਲ ਵੀ ਹੈ।
ਜੇ ਭਾਜਪਾ ਦੀ ਇਸ ਰਣਨੀਤੀ ਨੂੰ ਗਹਿਰਾਈ ਨਾਲ ਵੇਖਿਆ ਜਾਵੇ ਤਾਂ ਇਸ ਦੇ ਦੋ ਸਪੱਸ਼ਟ ਪੱਖ ਸਾਹਮਣੇ ਆਉਂਦੇ ਹਨ। ਪਹਿਲਾ ਪੱਖ ਚੁਣਾਵੀ ਹੈ। ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਕ ਅਜਿਹੀ ਇਤਿਹਾਸਕ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਸਿੱਖ, ਹਿੰਦੂ ਅਤੇ ਕਈ ਮੁਸਲਮਾਨ ਵੀ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਹਨ। ਉਨ੍ਹਾਂ ਦੀ ਤਸਵੀਰ ਰਾਹੀਂ ਪੰਜਾਬੀ ਭਾਵਨਾਵਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਦੂਜਾ ਪੱਖ ਪ੍ਰਤੀਕਾਤਮਕ ਹੈ। ਭਾਜਪਾ ਇਹ ਸੰਦੇਸ਼ ਦੇਣਾ ਚਾਹੁੰਦੀ ਹੋ ਸਕਦੀ ਹੈ ਕਿ ਉਹ ਪੰਜਾਬ ਨੂੰ ਇੱਕ ਮਜ਼ਬੂਤ, ਵਿਕਾਸਸ਼ੀਲ ਅਤੇ ਸਥਿਰ ਸ਼ਾਸਨ ਦੇਣ ਦੀ ਇੱਛਾ ਰੱਖਦੀ ਹੈ, ਜਿਸ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕੀਤੀ ਜਾ ਸਕੇ।
ਦਿਲਚਸਪ ਗੱਲ ਇਹ ਵੀ ਹੈ ਕਿ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਕਈ ਦਫ਼ਤਰਾਂ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਸੰਘ ਅਤੇ ਭਾਜਪਾ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਅਤੇ ਸਿੱਖ ਯੋਧਿਆਂ ਨੂੰ ਆਪਣੇ ਰਾਸ਼ਟਰਵਾਦੀ ਬਿਰਤਾਂਤ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸ ਪਿਛੋਕੜ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਦਾ ਪ੍ਰਦਰਸ਼ਨ ਇੱਕ ਵੱਡੀ ਰਾਜਨੀਤਿਕ ਰਣਨੀਤੀ ਦਾ ਹਿੱਸਾ ਵੀ ਮੰਨਿਆ ਜਾ ਸਕਦਾ ਹੈ।
ਪਰ ਇੱਥੇ ਇੱਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਕੀ ਭਾਜਪਾ ਸਿਰਫ਼ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਅਪਣਾਏਗੀ ਜਾਂ ਉਨ੍ਹਾਂ ਦੇ ਸ਼ਾਸਨ ਮਾਡਲ ਨੂੰ ਵੀ? ਇਤਿਹਾਸਕਾਰਾਂ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਧਰਮ ਨਿਰਪੱਖਤਾ ਦੀ ਇੱਕ ਵਿਲੱਖਣ ਮਿਸਾਲ ਸੀ। ਉਨ੍ਹਾਂ ਦੇ ਦਰਬਾਰ ਵਿੱਚ ਮੁਸਲਮਾਨ, ਹਿੰਦੂ, ਸਿੱਖ, ਡੋਗਰੇ, ਯੂਰਪੀਅਨ ਅਤੇ ਹੋਰ ਕੌਮਾਂ ਦੇ ਲੋਕ ਉੱਚ ਅਹੁਦਿਆਂ ਉੱਤੇ ਕੰਮ ਕਰਦੇ ਸਨ। ਵਿਦੇਸ਼ ਮੰਤਰੀ ਫਕੀਰ ਅਜ਼ੀਜ਼ੁੱਦੀਨ ਮੁਸਲਮਾਨ ਸਨ, ਜਦਕਿ ਕਈ ਮਹੱਤਵਪੂਰਨ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਹਿੰਦੂ ਅਧਿਕਾਰੀ ਸਨ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਿੱਖ ਆਬਾਦੀ ਰਾਜ ਦੀ ਕੁੱਲ ਜਨਸੰਖਿਆ ਦਾ ਇੱਕ ਛੋਟਾ ਹਿੱਸਾ ਸੀ, ਫਿਰ ਵੀ ਰਾਜ ਵਿੱਚ ਕਿਸੇ ਧਰਮ ਦੇ ਆਧਾਰ ‘ਤੇ ਭੇਦਭਾਵ ਨਹੀਂ ਕੀਤਾ ਜਾਂਦਾ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਨੂੰ ਸੋਨੇ ਨਾਲ ਸਜਾਇਆ, ਪਰ ਨਾਲ ਹੀ ਹਿੰਦੂ ਮੰਦਰਾਂ ਅਤੇ ਮੁਸਲਿਮ ਦਰਗਾਹਾਂ ਨੂੰ ਵੀ ਦਾਨ ਦਿੱਤਾ। ਉਨ੍ਹਾਂ ਨੇ ਕਦੇ ਆਪਣੇ ਰਾਜ ਨੂੰ ਧਾਰਮਿਕ ਰਾਜ ਵਜੋਂ ਨਹੀਂ ਚਲਾਇਆ, ਸਗੋਂ ਇੱਕ ਸਮਾਵੇਸ਼ੀ ਅਤੇ ਵਿਹਾਰਕ ਸ਼ਾਸਨ ਪ੍ਰਣਾਲੀ ਨੂੰ ਤਰਜੀਹ ਦਿੱਤੀ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਰਾਜ ਅੱਜ ਵੀ ਪੰਜਾਬ ਦੇ ਇਤਿਹਾਸ ਦਾ ਸੁਨਹਿਰੀ ਦੌਰ ਮੰਨਿਆ ਜਾਂਦਾ ਹੈ।
ਇਸੇ ਲਈ ਅਸਲ ਸਵਾਲ ਇਹ ਨਹੀਂ ਕਿ ਭਾਜਪਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਕਿਉਂ ਲਗਾਈ। ਅਸਲ ਸਵਾਲ ਇਹ ਹੈ ਕਿ ਜੇ ਭਵਿੱਖ ਵਿੱਚ ਭਾਜਪਾ ਪੰਜਾਬ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਕੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਧਰਮ ਨਿਰਪੱਖ, ਸਮਾਵੇਸ਼ੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਸ਼ਾਸਨ ਮਾਡਲ ਨੂੰ ਅਪਣਾਏਗੀ? ਕੀ ਉਹ ਧਰਮ, ਜਾਤ ਅਤੇ ਭਾਸ਼ਾ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਉਸੇ ਤਰ੍ਹਾਂ ਦੇ ਸ਼ਾਸਨ ਦੀ ਮਿਸਾਲ ਬਣਾਏਗੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ?
ਤਸਵੀਰਾਂ ਦੀ ਰਾਜਨੀਤੀ ਲੋਕਾਂ ਦਾ ਧਿਆਨ ਖਿੱਚ ਸਕਦੀ ਹੈ, ਵੋਟਾਂ ਵੀ ਦਿਵਾ ਸਕਦੀ ਹੈ, ਪਰ ਇਤਿਹਾਸ ਦੀਆਂ ਮਹਾਨ ਸ਼ਖ਼ਸੀਅਤਾਂ ਦਾ ਸੱਚਾ ਸਨਮਾਨ ਉਨ੍ਹਾਂ ਦੀਆਂ ਤਸਵੀਰਾਂ ਲਗਾਉਣ ਨਾਲ ਨਹੀਂ, ਸਗੋਂ ਉਨ੍ਹਾਂ ਦੇ ਆਦਰਸ਼ਾਂ ਨੂੰ ਅਮਲ ਵਿੱਚ ਲਿਆਉਣ ਨਾਲ ਹੁੰਦਾ ਹੈ। ਪੰਜਾਬ ਦੇ ਲੋਕ ਵੀ ਸ਼ਾਇਦ ਇਹੀ ਦੇਖਣਾ ਚਾਹੁੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਦੇ ਪਿੱਛੇ ਸਿਰਫ਼ ਸਿਆਸਤ ਹੈ ਜਾਂ ਫਿਰ ਉਨ੍ਹਾਂ ਦੇ ਸ਼ਾਸਨ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਕੋਈ ਗੰਭੀਰ ਇੱਛਾ ਵੀ।

ਕੁਲਵੰਤ ਸਿੰਘ ਗੱਗੜਪੁਰੀ